ਹੁਣ 30 ਸਤੰਬਰ ਤੱਕ ਭਰੀ ਜਾ ਸਕਦੀ ਹੈ ਰਿਟਰਨ

ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਮਾਲੀ ਸਾਲ 2018-19 ਲਈ ਆਮਦਨ ਕਰ ਰਿਟਰਨ ਭਰਨ ਦੀ ਸਮਾਂ ਹੱਦ ਵਧਾ ਕੇ 30 ਸਤੰਬਰ ਕਰ ਦਿੱਤੀ ਹੈ | ਆਮਦਨ ਟੈਕਸ ਵਿਭਾਗ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਲੀ ਸਾਲ 2018-19 ਲਈ ਕਰ ਰਿਟਰਨ ਭਰਨ ਦੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਟੈਕਸ ਵਿਭਾਗ ਨੇ ਤੀਜੀ ਵਾਰ ਰਿਟਰਨ ਭਰਨ ਦੀ ਤਰੀਕ ਵਧਾਈ ਹੈ | ਮਾਲੀ ਸਾਲ 2018-19 ਲਈ 31 ਮਾਰਚ, 2020 ਤੱਕ ਰਿਟਰਨ ਦਾਖਲ ਕਰਨੀ ਸੀ, ਜਿਸ ਨੂੰ ਪਹਿਲਾਂ ਵਧਾ ਕੇ 30 ਜੂਨ ਅਤੇ ਫਿਰ 31 ਜੁਲਾਈ ਕੀਤਾ ਗਿਆ, ਜਿਸ ਨੂੰ ਹੁਣ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਸਾਲ 2019-20 ਲਈ ਵੀ ਸਰਕਾਰ ਨੇ ਆਮਦਨ ਟੈਕਸ ਭਰਨ ਲਈ ਤਰੀਕ ਵਧਾ ਕੇ 30 ਨਵੰਬਰ 2020 ਕਰ ਦਿੱਤੀ ਹੈ |

ਧੰਨਵਾਦ ਸਹਿਤ (ਅਜੀਤ)