
(ਹਰਜੀਤ ਲਸਾੜਾ, ਬ੍ਰਿਸਬੇਨ 29 ਨਵੰਬਰ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ ਇੱਥੇ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’, ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਅਤੇ ‘ਇੰਡੋਜ਼ ਟੀਵੀ’ ਦੇ ਪ੍ਰਤੀਨਿਧਾਂ ਵੱਲੋਂ ਸਾਂਝੇ ਰੂਪ ਵਿੱਚ ਬੈਠਕ ਕੀਤੀ ਗਈ। ਜਿਸ ਵਿਚ ਪੰਜਾਬ ਦੀ ਮੌਜੂਦਾ ਕਿਸਾਨੀ ਤ੍ਰਾਸਦੀ ਦਾ ਚਿੰਤਨ ਕਰਦਿਆਂ ਸਮੇਂ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਕੋ ਮੰਚ ਤੋਂ ਕਿਸਾਨਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਅਤੇ ਲੋੜੀਂਦਾ ਹਰ ਸਹਿਯੋਗ ਦੇਣ ਦਾ ਸਮੂਹਿਕ ਭਰੋਸਾ ਦਿਵਾਇਆ ਗਿਆ। ਉਨ੍ਹਾਂ ਨੇ ਵਿਦੇਸ਼ਾਂ ਵਿਚ ਵੱਸਦੇ ਸਮੂਹ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਪੰਜਾਬ ਦੀ ਹਰ ਮੁਸ਼ਕਲ ਵਿਚ ਦਿੱਤੇ ਸਿਆਸੀ ਅਤੇ ਗ਼ੈਰ ਸਿਆਸੀ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਅਪੀਲ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਦੀ ਇਸ ਜੱਦੋ-ਜਹਿਦ ਵਿਚ ਵੀ ਖੁੱਲ੍ਹਾ ਸਹਿਯੋਗ ਦੇਣਾ ਸਮੇਂ ਦੀ ਭਵਿੱਖੀ ਮੰਗ ਹੈ। ਲੇਖਕਾ ਹਰਜੀਤ ਸੰਧੂ ਨੇ ਕਵਿਤਾ ਰਾਹੀਂ ਕਿਸਾਨੀ ਸੰਘਰਸ਼ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ, ਕਵੀ/ਗੀਤਕਾਰ ਸੁਰਜੀਤ ਸੰਧੂ, ਜਸਵਿੰਦਰ ਕੌਰ, ਹਰਮਨਦੀਪ ਗਿੱਲ ਨੇ ਵੀ ਆਪਣੇ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਕਿਸਾਨਾਂ ਨੂੰ ਹੱਲਾ-ਸ਼ੇਰੀ ਦਿੱਤੀ। ਮਾਝਾ ਯੂਥ ਕਲੱਬ ਤੋਂ ਮਨ ਖਹਿਰਾ ਨੇ ਕਿਹਾ ਕਿ ਪੰਜਾਬ ਨਾਲ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਆਈਆਂ ਹਨ ਅਤੇ ਹਰ ਵਾਰ ਪੰਜਾਬ ਨੇ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਕ੍ਰਾਂਤੀਆਂ ਦਾ ਮੋਹਰੀ ਸੂਬਾ ਰਿਹਾ ਹੈ। ਸਮੂਹ ਸਭਾਵਾਂ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰ ਕਿਸਾਨਾਂ ਦਾ ਸ਼ਾਂਤਮਈ ਮੁਜ਼ਾਰਿਆਂ ਦਾ ਸੰਵਿਧਾਨਿਕ ਹੱਕ ਨਹੀਂ ਖੋਹ ਸਕਦੀ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਸਾਰਥਕ ਹੱਲ ਜਲਦ ਕੱਢੇਗੀ।