ਸਿਹਤ ਮੰਤਰੀ ਦੇ ਐਕਸ਼ਨ ਦੇ ਹੱਕ ‘ਚ ਨਿੱਤਰੀਆਂ ਜ਼ਿਲੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ!

ਵਾਈਸ ਚਾਂਸਲਰ ਦੇ ਪੱਖ ਵਿੱਚ ਬੋਲਣ ਵਾਲਿਆਂ ਨੂੰ ਦਲੀਲਾਂ ਨਾਲ ਦਿੱਤੀ ਨਸੀਹਤ

(ਫਰੀਦਕੋਟ):- ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਵੱਖ-ਵੱਖ ਕਿਸਾਨ, ਮਜਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੀ ਭਰਵੀਂ ਮੀਟਿੰਗ ਹੋਈ, ਜਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਨਾਲ ਉਹਨਾਂ ਦੀ ਡਾਕਟਰੀ ਦੇ ਕਿੱਤੇ ਨੂੰ ਲੈ ਕੇ ਕੋਈ ਵਿਵਾਦ ਨਹੀਂ, ਬਲਕਿ ਜਥੇਬੰਦੀਆਂ ਦਾ ਰੋਸ ਉਹਨਾਂ ਵੱਲੋਂ ਕੀਤੇ ਜਾ ਰਹੇ ਨਿਘਰਵੇਂ ਪ੍ਰਬੰਧ ਨਾਲ ਹੈ, ਜਿਸ ‘ਚ ਮੈਡੀਕਲ ਹਸਪਤਾਲ ਅਤੇ ਯੂਨੀਵਰਸਿਟੀ ਦੇ ਮੁਲਾਜ਼ਮ ਇਹਨਾਂ ਮਾੜੇ ਪ੍ਰਬੰਧਾਂ ਕਾਰਨ ਹੜਤਾਲ ‘ਤੇ ਬੈਠੇ ਹਨ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਜਿੱਥੇ 25 ਦੇ ਲਗਭਗ ਵਿਧਾਨ ਸਭਾ ਹਲਕਿਆਂ ਸਮੇਤ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਇਲਾਜ ਕਰਵਾਉਣ ਲਈ ਮਰੀਜ਼ ਆਉਂਦੇ ਹਨ, ਜਿੱਥੇ ਸਾਫ-ਸਫਾਈ ਦਾ ਬੁਰਾ ਹਾਲ, ਓਪਰੇਸ਼ਨ ਥੀਏਟਰ ‘ਚ ਏ.ਸੀ. ਦੀ ਥਾਂ ਪੱਖੇ ਲਾ ਕੇ ਓਪਰੇਸ਼ਨ ਕਰਨ, ਗੱਦਿਆਂ/ਬੈੱਡਾਂ, ਵੈਂਟੀਲੇਟਰਾਂ, ਦਵਾਈਆਂ, ਸਟਾਫ ਦੀ ਵੱਡੀ ਘਾਟ, ਐੱਮਆਰਆਈ ਖਰਾਬ, ਅਲਟਰਾਸਾਊਂਡ, ਐਕਸਰੇ ਦੇ ਰੈਡਿਓਲੋਜਿਸਟ ਦੀ ਘਾਟ, ਕੈਂਸਰ ਦੀਆਂ ਮਸ਼ੀਨਾਂ ਦੀ ਖਸਤਾ ਹਾਲਤ, ਜਿਸ ਦਾ ਆਉਣ ਸਮੇਂ ‘ਚ ਮਰੀਜਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਗੁਰਪ੍ਰੀਤ ਸਿੰਘ ਚੰਦਬਾਜਾ, ਲਾਲ ਸਿੰਘ ਗੋਲੇਵਾਲਾ, ਸੁਰਜੀਤ ਸਿੰਘ ਹਰੀਏਵਾਲਾ, ਰਛਪਾਲ ਸਿੰਘ ਘੁੱਦੂਵਾਲਾ ਅਤੇ ਰਾਜਵੀਰ ਸਿੰਘ ਸੰਧਵਾਂ ਨੇ ਦੱਸਿਆ ਕਿ ਵਾਈਸ ਚਾਂਸਲਰ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਸੁਧਾਰ ਲਈ ਉਪਰਾਲੇ ਨਹੀਂ ਕੀਤੇ ਗਏ, ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਜਨਤਕ ਜਥੇਬੰਦੀਆਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਜੇਕਰ ਮੌਜੂਦਾ ਵੀ.ਸੀ. ਡਾ. ਰਾਜ ਬਹਾਦਰ ਜੋ ਕਿ ਲਗਭਗ ਤਿੰਨ ਟਰਮਾ ਪੂਰੀਆਂ ਕਰ ਚੁੱਕਾ ਹੈ ਤੇ ਹਸਪਤਾਲ ਦੇ ਨਿਘਾਰ ਲਈ ਜਿੰਮੇਵਾਰ ਹੈ। ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ ਸੁੱਖਣਵਾਲਾ, ਵੀਰਇੰਦਰਜੀਤ ਸਿੰਘ ਪੁਰੀ, ਮਾ. ਅਸ਼ੌਕ ਕੌਸ਼ਲ ਮੁਤਾਬਿਕ ਜੇਕਰ ਉਹਨਾਂ ਨੂੰ ਤੁਰਤ ਫਾਰਗ ਨਾ ਕੀਤਾ ਗਿਆ ਤਾਂ ਸਮੂਹ ਜਨਤਕ ਜਥੇਬੰਦੀਆਂ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਗੀਆਂ ਤੇ ਸਰਕਾਰ ਦਾ ਚਿਹਰਾ ਨੰਗਾ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ, ਜੋ ਭੈੜੇ ਪ੍ਰਬੰਧਾਂ ਦੀ ਰਾਖੀ ਕਰ ਰਹੀ ਹੈ, ਇਸ ਲਈ ਸਾਰੇ ਇਲਾਕੇ ਦੀ ਵਿਸਥਾਰਪੂਰਵਕ ਮੀਟਿੰਗ ਤੁਰਤ ਬੁਲਾ ਲਈ ਗਈ ਹੈ ਅਤੇ ਇਸ ਇਲਾਕੇ ਨਾਲ ਸਬੰਧਤ ਸਾਰੇ ਵਿਧਾਇਕਾਂ ਨੂੰ ਤੁਰਤ ਉਕਤ ਮਸਲਾ ਮੁੱਖ ਮੰਤਰੀ ਦੇ ਧਿਆਨ ‘ਚ ਲਿਆਉਣ ਦੀ ਅਪੀਲ ਕੀਤੀ ਹੈ, ਨਹੀਂ ਤਾਂ ਲੋਕ ਉਹਨਾਂ ਦਾ ਵੀ ਬਾਈਕਾਟ ਕਰਨ ਲਈ ਮਜਬੂਰ ਹੋਣਗੇ, ਜਥੇਬੰਦੀਆਂ ਵੱਲੋਂ ਜਗਤਾਰ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ, ਦਲੀਪ ਸਿੰਘ, ਸੂਰਜ ਭਾਨ, ਰਾਜਪਾਲ ਸਿੰਘ ਹਰਦਿਆਲੇਆਣਾ, ਹਰਜਿੰਦਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ ਨੂੰ ਵੀ.ਸੀ. ਦਾ ਅਸਤੀਫਾ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ, ਯੂਨੀਵਰਸਿਟੀ ਦਾ ਵਧੀਆ ਪ੍ਰਬੰਧਕ ਲਾਇਆ ਜਾਵੇ, ਜਥੇਬੰਦੀਆਂ ਨੇ ਆਈ.ਐੱਮ.ਏ. ਦੇ ਸੂਬਾਈ ਪ੍ਰਧਾਨ ਨੂੰ ਵੀ ਅਪੀਲ ਕੀਤੀ ਹੈ, ਇਸ ਵਿਸ਼ੇ ‘ਤੇ ਜਨਤਕ ਜਥੇਬੰਦੀਆਂ ਨਾਲ ਇਕ ਮੀਟਿੰਗ ਕੀਤੀ ਜਾਵੇ ਤਾਂ ਜੋ ਯੂਨੀਵਰਸਿਟੀ ‘ਚ ਹੋਏ ਘਪਲਿਆਂ ਅਤੇ ਦੁਰਪ੍ਰਬੰਧਾਂ ਦੇ ਤੱਥ ਪੇਸ਼ ਕਰਕੇ ਵੀ.ਸੀ. ਦੀ ਸੱਚਾਈ ਸਾਹਮਣੇ ਲਿਆ ਸਕੀਏ। ਇਸ ਤੋਂ ਇਲਾਵਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਹਸਪਤਾਲ ਵਿੱਚ ਗੇੜਾ ਮਾਰ ਕੇ ਮਰੀਜਾਂ ਦੀਆਂ ਮੁਸ਼ਕਿਲਾਂ ਜਾਣੂ ਹੋ ਕੇ ਫਿਰ ਬਿਆਨ ਦੇਣੇ ਚਾਹੀਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਡਾ ਮੁਕੇਸ਼ ਭੰਡਾਰੀ, ਸੁਰਿੰਦਰਪਾਲ ਸਿੰਘ ਮਾਨ, ਰਘਬੀਰ ਸਿੰਘ ਕੇਸ਼ਵ, ਜਗਜੀਤ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਕਮਲਜੀਤ ਸਿੰਘ, ਜਤਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।

Install Punjabi Akhbar App

Install
×