‘ਕਿਤਾਬਾਂ’ ਨਾਂਅ ਛੋਟਾ ਹੈ ਪਰ ਮਹੱਤਵ ਵੱਡਾ ਰੱਖਦੀਆਂ ਹਨ……….

Disclosed book on table at library
Disclosed book on table at library

ਜਿਸਦੇ ਦਿਲੋ-ਦਿਮਾਗ ‘ਚ ਕਿਤਾਬਾਂ ਆਪਣੀ ਥਾਂ ਬਣਾ ਲੈਣ ਉਸ ਲਈ ਕੋਈ ਹੋਰ ਦੋਸਤ-ਮਿੱਤਰ ਜਿਆਦਾ ਮਾਅਨੇ ਨਹੀਂ ਰੱਖਦਾ ਅਸਲ ‘ਚ ਉਨ੍ਹਾਂ ਕਿਤਾਬਾਂ ਨਾਲ ਹੀ ਜਿਆਦਾ ਮੋਹ ਪੈਂਦਾ ਹੈ ਜੋ ਸਕੂਲੀ ਪੜਾਈ ਵਾਲੀਆਂ ਨਹੀਂ ਸਗੋਂ ਸਾਹਿਤਕ ਹੁੰਦੀਆਂ ਹਨ ਕਈ ਲੇਖਕਾਂ ਦੀਆਂ ਕਿਤਾਬਾਂ ਆਮ ਲੋਕਾਂ ਦੀ ਜਿੰਦਗੀ ‘ਚ ਐਨਾਂ ਡੂੰਘਾ ਅਸਰ ਪਾਉਂਦੀਆਂ ਹਨ ਕਿ ਉਹ ਉਸਦੇ ਲੇਖਕ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਉਂਝ ਤਾਂ ਮੈਂ ਵੀ ਕਈ ਕਿਤਾਬਾਂ ਪੜ੍ਹੀਆਂ ਨੇ ਪਰ ਕੁੱਝ ਕਿਤਾਬਾਂ ਅਜਿਹੀਆਂ ਪੜ੍ਹੀਆਂ ਜੋ ਕਦੇ ਨਹੀਂ ਭੁੱਲ ਸਕਦੀਆਂ
ਨਾਮਵਰ ਲੇਖਕ ਮਿੰਟੂ ਗੁਰੂਸਰੀਆ ਦੀ ਕਿਤਾਬ ‘ਡਾਕੂਆਂ ਦਾ ਮੁੰਡਾ’ ਉਨ੍ਹਾਂ ਕਿਤਾਬਾਂ ‘ਚ ਸ਼ਾਮਿਲ ਹੈ ਜਿਸ ਨੂੰ ਪੜ੍ਹਦਾ ਕੋਈ ਅੱਕਦਾ-ਥੱਕਦਾ ਨਹੀਂ ਪੂਰੀ ਕਿਤਾਬ ਪੜ੍ਹਨ ਤੋਂ ਬਾਅਦ ਇਸ ਲੇਖਕ ਨੂੰ ਫੋਨ ਨਾ ਲਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੋਵੇਗੀ ਲੇਖਕ ਨੇ ਆਪਣੀ ਇਸ ਕਿਤਾਬ ‘ਚ ਖਿਡਾਰੀ ਤੋਂ ਨਸ਼ਿਆਂ ਦੀ ਲਤ ਲਗਣ ਤੇ ਵੱਡੇ ਸੁਧਾਰ ਤਹਿਤ ਜਿੰਦਗੀ ਦੀ ਮੁੱਖ ਧਾਰਾ ਨਾਲ ਜੁੜਕੇ ਪੱਤਰਕਾਰਤਾ ‘ਚ ਨਾਮਣਾ ਖੱਟਣ ਦੀ ਆਪਣੀ ਸਾਰੀ ਵਿੱਥਿਆ ਵਿਸਥਾਰਪੂਰਵਕ ਲਿਖੀ ਹੈ ਮਿੰਟੂ ਦੀ ਇਹ ਕਿਤਾਬ ਚੰਗੀ ਹੋਣ ਕਰਕੇ ਮੈਂ ਆਪਣੇ ਇੱਕ ਸਹਿ ਕਰਮੀ ਨੂੰ ਪੜ੍ਹਨ ਵਾਸਤੇ ਦਿੱਤੀ ਸੀ ਉਸ ਤੋਂ ਅੱਗੇ ਕਿਸੇ ਹੋਰ ਸਾਥੀ ਨੇ ਤੇ ਅੱਗੇ ਦੀ ਅੱਗੇ ਅਜਿਹੀ ਗਈ ਕਿ ਮੁੜ ਮੈਨੂੰ ਨਹੀਂ ਮਿਲੀ ਕਿਤਾਬ ਗੁੰਮ ਹੋਣ ਦਾ ਇਹ ਗਿਲ੍ਹਾ ਮੈਂ ਆਪਣੇ ਸਹਿ ਕਰਮੀਆਂ ਕੋਲ ਅਕਸਰ ਕਰਦਾ ਹੀ ਰਹਿੰਦਾ ਹਾਂ ਤੇ ਅੱਗੇ ਤੋਂ ਕਿਸੇ ਨੂੰ ਵੀ ਕਿਤਾਬ ਨਾ ਦੇਣ ਦੀ ਗੱਲ੍ਹ ਕਹਿ ਕੇ ਰੋਸ ਜਤਾਉਂਦਾ ਹਾਂ ਕਮੇਡੀਅਨ ਰਾਣਾ ਰਣਬੀਰ ਦੀਆਂ ਕਿਤਾਬਾਂ ਵਿਚਲੀਆਂ ਲਿਖਤਾਂ ਵੀ ਉਸ ਕਮੇਡੀਅਨ ਵਿਚਲੇ ਗੰਭੀਰ ਚਿੰਤਕ ਚਰਿੱਤਰ ਨੂੰ ਬਿਆਨ ਕਰਦੀਆਂ ਹਨ ਮੈਂ ਤਾਂ ਉਸ ਨੂੰ ਸਿਰਫ ਹਸਾਉਣ ਵਾਲੇ ਕਲਾਕਾਰ ਵਜੋਂ ਹੀ ਜਾਣਦਾ ਸਾਂ ਪਰઠ ਜਦੋਂ ਉਸਦੀਆਂ ਰਚਨਾਵਾਂ ਪੜ੍ਹੀਆਂ ਤਾਂ ਯਕੀਨ ਨਹੀਂ ਹੋਇਆ ਕਿ ਇੱਕ ਕਮੇਡੀਅਨ ਐਨੀਂਆਂ ਗੰਭੀਰ ਗੱਲਾਂ ਵੀ ਕਰਦਾ ਹੈ ਅਸਲ ‘ਚ ਕਿਸੇ ਬੰਦੇ ਦੀਆਂ ਲਿਖਤਾਂ ਹੀ ਉਸਦੇ ਅਸਲ ਕਿਰਦਾਰ ਨੂੰ ਪੇਸ਼ ਕਰਦੀਆਂ ਹਨ ਉਂਝ ਤਾਂ ਕੁੱਝ ਲੋਕ ਫੇਸਬੁੱਕ ਜਾਂ ਵਟਸਐਪ ‘ਤੇ ਬੜੇ ਵਿਦਵਾਨਾਂ ਵਾਲੇ ‘ਸਟੇਟਸ’ ਪਾਉਂਦੇ ਹਨ ਪਰ ਉਨ੍ਹਾਂ ਦਾ ਆਪਣਾ ‘ਸਟੇਟਸ’ ਕੀ ਹੁੰਦਾ ਹੈ ਇਹ ਬਹੁਤ ਘੱਟ ਜਣਿਆਂ ਨੂੰ ਪਤਾ ਹੁੰਦੈ
ਮਾਲਵਾ ਪੱਟੀ ‘ਚ ਉਂਜ ਤਾਂ ਕਾਫੀ ਮੇਲੇ ਲੱਗਦੇ ਹਨ ਪਰ ਮੈਂ ਸਾਰੇ ਮੇਲਿਆਂ ‘ਚ ਮੇਲੀ ਬਣਕੇ ਨਹੀਂ ਗਿਆ ਹਾਂ ਜਦੋਂ-ਜਦੋਂ ਬਠਿੰਡਾ ਡਿਊਟੀ ਦੌਰਾਨ ‘ਨੈਸ਼ਨਲ ਬੁੱਕ ਆਫ ਟਰੱਸਟ’ ਵੱਲੋਂ ਪੁਸਤਕ ਮੇਲਾ ਲਾਇਆ ਗਿਆ ਤਾਂ ਮੌਕਾ ਨਹੀਂ ਖੁੰਝਾਇਆ ਮੇਲੇ ‘ਚ ਵੱਡੀ ਗਿਣਤੀ ਕਿਤਾਬ ਪ੍ਰੇਮੀ ਪਹੁੰਚ ਕੇ ਆਪੋ-ਆਪਣੀ ਪਸੰਦ ਦੀਆਂ ਕਿਤਾਬਾਂ ਖ੍ਰੀਦਦੇ ਖ੍ਰੀਦਦਾਰੀ ਦਾ ਅੰਕੜਾ ਪੌੜੇ ਕਰੋੜ ਜਾਂ ਕਰੋੜ ਤੱਕ ਸਹਿਜੇ ਹੀ ਪਹੁੰਚ ਜਾਂਦਾ ਮੇਲਾ ਸੰਚਾਲਕ ਖੁਦ ਇਹ ਗੱਲ ਕਬੂਲ ਕਰਦੇ ਕਿ ਮਾਲਵੇ ‘ਚ ਬਠਿੰਡੇ ਵਾਲੇ ਮੇਲੇ ‘ਤੇ ਭਰਪੂਰ ਵਿਕਰੀ ਹੁੰਦੀ ਹੈ ਇਨ੍ਹਾਂ ਪੁਸਤਕ ਮੇਲਿਆਂ ‘ਚ ਜਾਂ ਸਾਹਿਤਕ ਸਭਾਵਾਂ ‘ਚ ਹੀ ਨਾਮਵਰ ਸਾਹਿਤਕਾਰਾਂ ਨਾਲ ਮਿਲਣੀ ਹੁੰਦੀ ਪ੍ਰੋ. ਗੁਰਦਿਆਲ ਸਿੰਘ ਤੇ ਬਲਦੇਵ ਸਿੰਘ ਸੜਕਨਾਮਾ ਨੂੰ ਮੈਂ ਪਹਿਲੀ ਵਾਰ ਬਠਿੰਡਾ ਪੁਸਤਕ ਮੇਲੇ ‘ਚ ਹੀ ਮਿਲਿਆ ਸੀ
ਕਈ ਲੋਕਾਂ ਦੀ ਜਿੰਦਗੀ ‘ਚ ਤਾਂ ਕਿਤਾਬਾਂ ਐਨਾਂ ਘਰ ਕਰ ਜਾਂਦੀਆਂ ਨੇ ਕਿ ਉਹ ਦੂਜੇ ਲੋਕਾਂ ਲਈ ਉਦਾਹਰਨ ਬਣ ਜਾਂਦੇ ਨੇ ਆਸਟ੍ਰੇਲੀਆ ਤੋਂ ਚੱਲਣ ਵਾਲੇ ਪੰਜਾਬੀ ਰੇਡੀਓ ‘ਹਰਮਨ ਰੇਡੀਓ’ ਲਈ ਜਦੋਂ ਮੈਂ ਕੁੱਝ ਸਮਾਂ ਕੰਮ ਕੀਤਾ ਤਾਂ ਮੇਰੇ ਹੀ ਜ਼ਿਲ੍ਹੇ ਤੋਂ ਭਗਤੇ ਵਾਲਾ ਹੈਪੀ ਵੀ ਇਸੇ ਰੇਡੀਓ ਦੇ ਪਟਿਆਲਾ ਸਟੂਡੀਓ ‘ਚ ਡਿਊਟੀ ਕਰਦਾ ਸੀ ਸਾਹਿਤ ਤੇ ਕਲਾ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਹੈਪੀ ਦੇ ਵਿਆਹ ਮੌਕੇ ਵੀ ਸਾਹਿਤਕ ਰੰਗ ਬਿਖਰੇ ਪਾਰਟੀ ਮੌਕੇ ਪਹੁੰਚੇ ਲੋਕਾਂ ਨੂੰ ਹੈਪੀ ਨੇ ਬੜੀ ਹਲੀਮੀ ਨਾਲ ਆਖਿਆ ਕਿ ਅਸੀਂ ਸ਼ਗਨ ਨਹੀਂ ਲੈਣਾ ਸਗੋਂ ਜੋ ਸ਼ਗਨ ਤੁਸੀਂ ਦੇਣਾ ਚਾਹੁੰਦੇ ਹੋ ਉਨ੍ਹਾਂ ਦੀਆਂ ਵਿਆਹ ਵਾਲੇ ਟੈਂਟ ‘ਚ ਹੀ ਲੱਗੀਆਂ ਕਿਤਾਬਾਂ ਦੀਆਂ ਸਟਾਲਾਂ ਤੋਂ ਕਿਤਾਬਾਂ ਖ੍ਰੀਦ ਲਵੋ ਇਸ ਨਾਲ ਪੁਸਤਕ ਸੱਭਿਆਚਾਰ ਦਾ ਪਸਾਰਾ ਹੋਵੇਗਾ ਹੈਪੀ ਦੇ ਵਿਆਹ ਵਾਲੀ ਇਹ ਗੱਲ ਮੀਡੀਆ ‘ਚ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਵੱਡੀ ਗਿਣਤੀ ਸਾਹਿਤਕਾਰਾਂ ਨੇ ਇਸ ਗੱਲ ਦੀ ਭਰਵੀਂ ਸ਼ਲਾਘਾ ਕੀਤੀ ਸੀ
ਸੋ! ਆਓ ਆਪਾਂ ਵੀ ਸਾਰੇ ਪ੍ਰਣ ਕਰੀਏ ਕਿ ਭਾਵੇਂ ਹੀ ਇੰਟਰਨੈਟ ਦੇ ਇਸ ਯੁੱਗ ‘ਚ ਈ ਪੁਸਤਕਾਂ ਦਾ ਰੁਝਾਨ ਵਧਿਆ ਹੈ ਪਰ ਆਪਣੀ ਪਸੰਦ ਦੇ ਲੇਖਕਾਂ ਦੀਆਂ ਕਿਤਾਬਾਂ ਖ੍ਰੀਦ ਕੇ ਪੜ੍ਹਨ ਦੀ ਆਦਤ ਪਾਈਏ ਤਾਂ ਜੋ ਲੇਖਕਾਂ ਨੂੰ ਵੀ ਮਾਲੀ ਮੱਦਦ ਮਿਲਦੀ ਰਹੇ ਤੇ ਆਪਾਂ ਨੂੰ ਪਸੰਦੀਦਾ ਦਾ ਸਾਹਿਤઠ ਤੁਸੀਂ ਬੱਸ ਜਾਂ ਟ੍ਰੇਨ ਆਦਿ ‘ਚ ਇਕੱਲੇ ਸਫਰ ਕਰਨ ਦੌਰਾਨ ਆਪਣੀ ਪਸੰਦ ਦੇ ਲੇਖਕ ਦੀ ਕਿਤਾਬ ਪੜ੍ਹਕੇ ਵੇਖਿਓ ਇਕੱਲਤਾ ਮਹਿਸੂਸ ਨਹੀਂ ਹੋਵੇਗੀ

ਸੁਖਜੀਤ ਸਿੰਘ ਮਾਨ
ਪਿੰਡ ਕੋਟਲੀ ਖੁਰਦ (ਬਠਿੰਡਾ)
ਮੋ : 94632-59220