ਇਮੀਗ੍ਰੇਸ਼ਨ: ਕੰਮ ਹੋਏਗਾ ਸੌਖਾ-ਕੋਈ ਨਾ ਰਹੇ ਔਖਾ

– 2021 ਦੇ ਅੰਤ ਤੱਕ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਆਨਲਾਈਨ ਸਿਸਟਮ ’ਚ ਵੱਡਾ ਬਦਲਾਅ
– ਅਫਸਰਾਂ ਨੂੰ ਫੈਸਲੇ ਲੈਣ ਦੇ ਵਿਚ ਲੱਗੇਗਾ ਘੱਟ ਟਾਈਮ
– ਆਨਲਾਈਨ ਡੈਸ਼ਬੋਰਡ ’ਤੇ ਹੋਵੇਗਾ ਸਟੇਟਸ ਤੇ ਅਰਜ਼ੀ ਦੁਬਾਰਾ ਵਿਚਾਰਨ ਲਈ ਖੁਦ ਕਹਿ ਸਕੋਗੇ

ਔਕਲੈਂਡ :- ਨਿਊਜ਼ੀਲੈਂਡ ਇਮੀਗ੍ਰੇਸ਼ਨ ਜਿੱਥੇ ਇਸ ਸਾਲ ਪਹਿਲੀ ਦਸੰਬਰ ਤੋਂ ਇਕ ਲੱਖ 65 ਹਜ਼ਾਰ ਅਸਥਾਈ ਵਰਕ ਵੀਜ਼ੇ ਵਾਲੇ ਲੋਕਾਂ ਨੂੰ ਪੱਕਿਆਂ ਕਰਨ ਦੇ ਲਈ ਪਹਿਲੇ ਗੇੜ ਦੀਆਂ ਅਰਜ਼ੀਆਂ ਖੋਲ੍ਹ ਰਹੀ ਹੈ ਉਥੇ ਇਨ੍ਹਾਂ ਅਰਜ਼ੀਆਂ ਨੂੰ ਤਰਤੀਬਵਾਰ ਅਪਲਾਈ ਕਰਾਉਣ ਤੋਂ ਲੈ ਕੇ ਫੈਸਲਾ ਲੈਣ ਤੱਕ ਵਰਤੇ ਜਾ ਰਹੇ ਮੌਜੂਦਾ ਕੰਪਿਊਟਰ ਸਿਸਟਮ ਨੂੰ ਵੀ ਵੱਡੇ ਪੱਧਰ ਉਤੇ ਸੁਧਾਰ ਰਹੀ ਹੈ ਤਾਂ ਕਿ ਅਰਜ਼ੀਆਂ ਲਗਾਉਣ ਦਾ ਕੰਮ ਸੌਖਾ ਹੋ ਸਕੇ। ਹਜ਼ਾਰਾਂ ਦੀ ਗਿਣਤੀ ਵਿਚ ਦਾਖਲ ਹੋਣ ਵਾਲੀਆਂ ਅਰਜ਼ੀਆਂ ਖੰਗਾਲਣ ਦੇ ਲਈ ਇਮੀਗ੍ਰੇਸ਼ਨ ਨੇ ਇਕ ਤਰ੍ਹਾਂ ਆਪਣੇ ਸਿਸਟਮ ਦਾ ਨਵਾਂ ਇੰਜਣ ਬੰਨਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਇਸੇ ਸਾਲ ਦੇ ਅੰਤ ਤੱਕ ਗੇੜਾ ਦੇ ਦਿੱਤਾ ਜਾਣਾ ਹੈ, ਜੋ ਪੜਾਅਵਾਰ ਚੱਲੇਗਾ। ਆਟੋ ਪਾਇਲਟ ਵਾਂਗ ਇਸ ਨਵੇਂ ਸਿਸਟਮ ਨੇ ਕੰਮ ਕਰਨਾ ਹੈ ਅਤੇ ਸੁਪਰ ਮਾਰਕੀਟ ਦੇ ਸੈਲਫ ਚੈਕਆਊਟ ਕਾਊਂਟਰ ਵਾਂਗ ਕਾਫੀ ਕੰਮ ਅਰਜ਼ੀਦਾਤਾ ਜਾਂ ਇਮੀਗ੍ਰੇਸ਼ਨ ਸਲਾਹਕਾਰਾਂ ਕੋਲੋਂ ਹੀ ਕਰਵਾ ਲੈਣਾ ਹੈ।  ਇਮੀਗ੍ਰੇਸ਼ਨ ਆਪਣੀ ਕੰਪਿਊਟਰ ਪ੍ਰਣਾਲੀ ਨੂੰ ਵੱਡੇ ਪੱਧਰ ਉਤੇ ਸੁਧਾਰ ਰਹੀ ਹੈ ਤਾਂ ਕਿ ਸਮੇਂ ਦੀ ਲੋੜ ਮੁਤਾਬਿਕ ਪੜਾਅਵਾਰ ਸਾਰੇ ਵੀਜ਼ੇ ਕਾਗਜ਼ ਰਹਿਤ ਕੀਤੇ ਜਾ ਸਕਣ। ਅਗਲੇ ਸਾਲ ਦੇ ਅੰਤ ਤੱਕ ਲਗਪਗ ਹਰ ਵੀਜ਼ਾ ਆਨ ਲਾਈਨ ਹੋ ਕੇ ਰਹਿ ਜਾਣਾ ਹੈ।
ਆਨ ਲਾਈਨ ਅਰਜ਼ੀ ਭਰਨ ਵੇਲੇ ਹੀ ਸਾਰੇ ਕਾਗਜ਼ਾਤ ਭਰਵਾ ਲਿਆ ਕਰਨਗੇ, ਜਿਸ ਬਾਰੇ ਪਹਿਲਾਂ ਦੱਸਿਆ ਜਾਵੇਗਾ। ਮੈਡੀਕਲ ਸਰਟੀਫਿਕਟੇ ਲੋੜ ਪੈਣ ਉਤੇ ਮੰਗ ਲਿਆ ਜਾਵੇਗਾ। ਸਪਾਂਸਰ ਅਤੇ ਸੁਪੋਰਟਿੰਗ ਪਾਰਟਨਰ ਵੀ ਹੁਣ ਆਨ ਲਾਈਨ ਬਿਆਨ ਦੇ ਸਕਣਗੇ। ਕੰਪਿਊਟਰ ਯਕੀਨੀ ਬਣਾਏਗਾ ਕਿ ਤੁਸੀਂ ਠੀਕ ਜਾਣਕਾਰੀ ਭਰ ਰਹੇ ਹੋ, ਗਲੋਬਲ ਐਡਰੈਸ ਫਾਈਂਡਰ ਹੋਏਗਾ, ਫੋਟੋ ਦੀ ਉਚਤਿਮਾ (ਕੁਆਲਿਟੀ) ਵੀ ਆਨ ਲਾਈਨ ਜਾਂਚੀ ਜਾਏਗੀ ਅਤੇ ਭਵਿੱਖ ਦੇ ਵਿਚ ਪਾਸਪੋਰਟ ਈ-ਚਿੱਪ ਜਾਂਚ ਵੀ ਮੋਬਾਇਲ ਐਪ ਦੇ ਰਾਹੀਂ ਹੋਇਆ ਕਰੇਗੀ। ਵੀਜ਼ੇ ਦਾ ਫੈਸਲਾ ਆਉਣ ਤੱਕ ਮੁੜ-ਮੁੜ ਹੋਰ ਗੱਲਾਂ-ਬਾਤਾਂ ਘੱਟ ਪੁੱਛੀਆਂ ਜਾਣਗੀਆਂ ਜਿਸ ਕਰਕੇ ਫੈਸਲਾ ਛੇਤੀ ਆਵੇਗਾ। ਅਰਜ਼ੀ ਦਾ ਮੌਜੂਦਾ ਸਟੇਟਸ ਕੀ ਹੈ? ਸ਼ੁਰੂ ਦੇ ਵਿਚ ਹੀ ਡੈਸ਼ਬੋਰਡ ਉਤੋਂ ਪਤਾ ਲੱਗ ਜਾਇਆ ਕਰੇਗਾ ਅਤੇ ਉਹ ਵੀ ਰੀਅਲ ਟਾਈਮ। ਜੇਕਰ ਅੱਗੇ ਕੋਈ ਕਾਰਵਾਈ ਦੀ ਲੋੜ ਹੋਵੇਗੀ ਤਾਂ ਅਰਜ਼ੀਦਾਤਾ ਨੂੰ ਈਮੇਲ ਆਵੇਗੀ। ਮੁੜ ਵਿਚਾਰ ਵਾਸਤੇ ਜਾਂ ਵੀਜ਼ਾ ਸ਼੍ਰੇਣੀ ਬਦਲਾਅ (ਵੇਰੀਅੰਸ) ਦੇ ਲਈ ਆਨ ਲਾਈਨ ਬੇਨਤੀ ਕੀਤੀ ਜਾ ਸਕੇਗੀ।
ਇਮੀਗ੍ਰੇਸ਼ਨ ਦਾ ਸਟਾਫ ਕਿਸੇ ਵੀ ਥਾਂ ਤੋਂ ਇਨ੍ਹਾਂ ਅਰਜ਼ੀਆਂ ਉਤੇ ਕੰਮ ਕਰ ਸਕੇਗਾ। ਇਕ ਅਰਜ਼ੀ ਉਤੇ ਇਕੋ ਸਮੇਂ ਇਕ ਤੋਂ ਵੱਧ ਅਫਸਰ ਕੰਮ ਕਰ ਸਕਣਗੇ ਜਿਸ ਦਾ ਫਾਇਦਾ ਹੋਏਗਾ ਕਿ ਉਸੇ ਵੇਲੇ ਦੂਜੇ ਦੀ ਸ਼ਿਫਾਰਸ਼ ਲੈ ਕੇ ਅਰਜ਼ੀ ਦਾ ਨਿਬੇੜਾ ਹੋ ਸਕੇਗਾ। ਬਦਲੇ ਹੋਏ ਸਿਸਟਮ ਦੇ ਵਿਚ ਇਸ ਸਾਲ ਦੇ ਅੰਤ ਤੱਕ ਵਿਜ਼ਟਰ ਵੀਜ਼ਾ (ਕ੍ਰਿਟੀਕਲ ਪਰਪਜ਼ ਨੂੰ ਛੱਡ ਕੇ) ਸ਼ੁਰੂ ਹੋ ਜਾਵੇਗਾ। ਅਗਲੇ ਸਾਲ ਅੱਧ ਤੱਕ ਵਿਦਿਆਰਥੀ ਵੀਜ਼ਾ, ਫਿਰ ਇੰਪਲਾਇਰ ਐਕਰੀਡੇਸ਼ਨ ਅਤੇ ਫਿਰ ਬਾਕੀ ਦੇ ਕਰ ਦਿੱਤੇ ਜਾਣਗੇ।
ਜਿੰਨਾ ਚਿਰ ਸਾਰਾ ਸਿਸਟਮ ਨਹੀਂ ਬਦਲ ਜਾਂਦਾ ਓਨੀ ਦੇਰ ਤਿੰਨ ਸਿਸਟਮ ਚਲਦੇ ਰਹਿਣਗੇ

1. ਮੌਜੂਦਾ ਇਮੀਗ੍ਰੇਸ਼ਨ ਆਨ ਲਾਈਨ ਸਿਸਟਮ 2. ਏਨਹਾਨਸਮੈਂਟ ਇਮੀਗ੍ਰੇਸ਼ਨ ਆਨ ਲਾਈਨ (ਜੋ ਹੋ ਰਿਹਾ ਹੈ) ਅਤੇ 3. ਪੇਪਰ ਐਪਲੀਕੇਸ਼ਨ ਚੈਨਲ।

ਇਮੀਗ੍ਰੇਸ਼ਨ ਸਲਾਹਕਾਰ ਅਤੇ ਏਜੰਟ: ਇਮੀਗ੍ਰੇਸ਼ਨ ਸਲਾਹਕਾਰਾਂ ਦੀ ਸੌਖ ਅਤੇ ਗਤੀ ਵਧਾਉਣ ਦੇ ਲਈ ਵੀ ਇਹ ਬਦਲਾਅ ਬਹੁਤ ਕਾਰਗਰ ਸਿੱਧ ਹੋਣਗੇ। ਉਹ ਨਵੀਂ ਪ੍ਰਣਾਲੀ ਦੇ ਵਿਚ ਵੀ ਆਪਣੇ ਗਾਹਕਾਂ ਲਈ ਤੇਜ਼ੀ ਨਾਲ ਕੰਮ ਕਰ ਸਕਣਗੇ ਅਤੇ ਉਹ ਆਪਣੇ ਸਟਾਫ ਦੇ ਵਿਚ ‘ਨੈਟਵਰਕ’ ਬਣਾ ਸਕਣਗੇ ਅਤੇ ਜਿਸ ਨਾਲ ਬਾਕੀ ਸਟਾਫ ਵੀ ਅਰਜ਼ੀਆਂ ਉਤੇ ਸਹਿਯੋਗ ਕਰ ਸਕਦੇ ਹਨ। ਅਰਜ਼ੀਦਾਤਾ ਆਪਣੇ ਭਰੋਸੇਮੰਦ ਤੀਜੇ ਬੰਦੇ ਦੇ ਨਾਲ ਵੀ ਆਪਣੀ ਅਰਜ਼ੀ ਬਾਰੇ ਸਾਂਝ ਰੱਖ ਸਕਦਾ ਹੈ।

Install Punjabi Akhbar App

Install
×