ਆਸਟ੍ਰੇਲੀਆ ਡੇਅ ਉਪਰ ਇੰਡੀਜੀਨਸਾਂ ਲਈ ਇੱਕ ਮਿਨਟ ਦੇ ਮੌਨ ਉਪਰ ਇਮੀਗ੍ਰੇਸ਼ਨ ਮੰਤਰੀ ਦੀ ਕੋਰੀ ਨਾਂਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਉਣ ਵਾਲੀ 26 ਜਨਵਰੀ ਨੂੰ ‘ਆਸਟ੍ਰੇਲੀਆ ਡੇਅ’ ਸਮੇਂ ਉਹ ਇੰਡੀਜੀਨਸ ਲੋਕ ਜਿਹੜੇ ਕਿ ਬੀਤੇ ਸੈਂਕੜੇ ਸਾਲਾਂ ਤੋਂ ਸੰਤਾਪ ਭੋਗਦੇ ਆ ਰਹੇ ਹਨ, ਲਈ ਕੌਮੀ ਸਮਾਗਮਾਂ ਦੌਰਾਨ ਇੱਕ ਮਿਨਟ ਦੇ ‘ਮੌਨ’ ਦੀ ਸ਼ਰਤ ਨੂੰ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਆਸਟ੍ਰੇਲੀਆ ਦੀ ਰਾਜਨੀਤੀ ਦੇ ਇਤਿਹਾਸ ਉਪਰ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ਅਤੇ ਇਹ ਦੇਸ਼ ਲਈ ਵਧੀਆ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ 26 ਜਨਵਰੀ 1788 ਨੂੰ ਆਸਟ੍ਰੇਲੀਆ ਮਹਾਂਦੀਪ ਦੇ ਪੋਰਟ ਜੈਕਸਨ ਉਪਰ ਬ੍ਰਿਟਿਸ਼ ਸਮੁੰਦਰੀ ਬੇੜਿਆਂ ਦੀ ਪਹਿਲੀ ਫਲੀਟ ਆਈ ਸੀ ਅਤੇ ਇਸੇ ਦਿਹਾੜੇ ਨੂੰ ਆਸਟ੍ਰੇਲੀਆ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸ ਦਿਨ ਇਸ ਮਹਾਂਦੀਪ ਉਪਰ ਕਬਜ਼ਾ ਕਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੀ ਮੰਗ ਕਰਦਿਆਂ ਵਾਰਿੰਗਾਹ ਖੇਤਰ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿੰਟਰ ਓਲੰਪਿਅਨ ਸ੍ਰੀਮਤੀ ਜੈਲੀ ਸਟੈਗਲ ਨੇ ਕਿਹਾ ਕਿ ਜੇਕਰ ਸਰਕਾਰ ਇੱਕ ਮਿਨਟ ਦਾ ਮੌਨ ਰੱਖ ਲੈਂਦੀ ਹੈ ਤਾਂ ਇਹ ਇੰਡੀਜੀਨਸ ਆਸਟ੍ਰੇਲੀਆਈਆਂ ਦੇ ਜ਼ਖ਼ਮਾਂ ਉਪਰ ਮਰਹਮ ਦਾ ਕੰਮ ਕਰੇਗਾ ਕਿਉ਼ਂਕਿ 26 ਜਨਵਰੀ ਦਾ ਦਿਹਾੜਾ ਅਸਲ ਵਿੱਚ ਤਾਂ ਇਸ ਮਹਾਂਦੀਪ ਦੇ ਨਿਵਾਸੀਆਂ ਲਈ ਖ਼ੂਨ-ਖਰਾਬੇ ਦਾ ਦਿਹਾੜਾ ਹੈ ਅਤੇ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਦੀ ਬਲ਼ੀ ਇਸ ਕਾਰਨ ਚੜ੍ਹਾਈ ਗਈ ਹੈ ਅਤੇ ਲੋਕਾਂ ਦੇ ਜ਼ਖ਼ਮ ਹਾਲੇ ਤੱਕ ਵੀ ਅੱਲੇ ਹੀ ਹਨ। ਉਨ੍ਹਾਂ ਨੇ ਇਸ ਬਾਬਤ ਸਥਾਨਕ ਰਾਜਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਉਤਰੀ ਸਿਡਨੀ ਦੇ ਮੇਅਰ, ਮੋਸਮੈਨ ਅਤੇ ਉਤਰੀ ਬੀਚਾਂ ਦੇ ਕਾਂਸਲਾਂ ਨੂੰ ਵੀ ਚਿੱਠੀ ਲਿਖ ਕੇ ਅਵਗਤ ਕਰਵਾਇਆ ਹੈ। ਜ਼ਿਕਰਯੋਗ ਇਹ ਵੀ ਹੈ ਕਿ ਹਾਲ ਵਿੱਚ ਹੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਰਾਸ਼ਟਰੀ ਗਾਣ ਵਿੱਚ ਵੀ ਬਦਲਾਅ ਕੀਤੇ ਹਨ ਜਿਸ ਰਾਹੀਂ “for we are young and free” ਤੋਂ “for we are one and free”  ਦਾ ਬਦਲਾਅ ਕੀਤਾ ਗਿਆ ਹੈ ਪਰੰਤੂ ਇਸ ਬਾਰੇ ਵਿੱਚ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਇਸਨੂੰ ਵਾਜਿਬ ਦੱਸ ਰਹੇ ਹਨ ਪਰੰਤੂ ਕਈਆਂ ਦਾ ਕਹਿਣਾ ਹੈ ਕਿ ਹਾਲੇ ਹੋਰ ਵੀ ਬਹੁਤ ਕੁੱਝ ਕਰਨਾ ਚਾਹੀਦਾ ਹੈ ਅਤੇ ਇਹ ਕਰ ਦੇਣਾ ਹੀ ਆਸਟ੍ਰੇਲੀਆਈ ਇੰਡੀਜੀਨਸਾਂ ਦੇ ਡੁੱਲ੍ਹੇ ਖ਼ੂਨ ਪ੍ਰਤੀ ਸ਼ਰਧਾਂਜਲੀ ਲਈ ਕਾਫੀ ਨਹੀਂ ਹੈ।

Install Punjabi Akhbar App

Install
×