
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕ੍ਰਿਸਮਿਸ ਦਿਹਾੜੇ ਉਪਰ ਸਿਡਨੀ ਦੇ ਸਬਅਰਬ ਬਰੌਂਟੇ ਬੀਚ ਵਿਖੇ ਇੱਕ ਬੀਚ ਪਾਰਟੀ ਉਪਰ ਕੁੱਝ ਵਿਅਕਤੀਆਂ ਨੇ ਇਕੱਠੇ ਹੋ ਕੇ ਕਰੋਨਾ ਦੇ ਬਚਾਉ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ, ਉਸਤੋਂ ਫੈਡਰਲ ਸਰਕਾਰ ਬਹੁਤ ਖ਼ਫ਼ਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕੇ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਅਜੀਬ ਅਤੇ ਗੈਰ-ਕਾਨੂੰਨੀ ਘਟਨਾ ਹੈ ਕਿ ਅਜਿਹੇ ਲੋਕ ਕਿਸੇ ਥਾਂ ਉਪਰਲੇ ਕਾੲਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਅਤੇ ਇਸ ਭਿਆਨਕ ਬਿਮਾਰੀ ਦੇ ਬਾਵਜੂਦ ਵੀ ਖਰਮਸਤੀਆਂ ਕਰਨੋਂ ਨਹੀਂ ਹੱਟਦੇ ਅਤੇ ਆਪਣੇ ਨਾਲ ਨਾਲ ਪੂਰੇ ਸਮਾਜ ਅਤੇ ਖੇਤਰ ਨੂੰ ਵੀ ਖ਼ਤਰੇ ਦਾ ਕਾਰਨ ਬਣ ਜਾਂਦੇ ਹਨ -ਇਸ ਲਈ ਅਜਿਹੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਹੀ ਬਿਹਤਰ ਹੈ ਕਿਉਂਕਿ ਵੈਸੇ ਵੀ ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਅਜਿਹੇ ਵੀ ਹਨ ਜੋ ਕਿ ਇੰਗਲੈਂਡ ਤੋਂ ਹਨ ਅਤੇ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਦੀ ਵਜ੍ਹਾ ਕਾਰਨ ਇੱਥੇ ਹੀ ਰਹਿ ਗਏ ਹਨ। ਇਸ ਤੋਂ ਉਪਰ ਹੁਣ ਫੈਡਰਲ ਸਰਕਾਰ ਨਿਊ ਸਾਊਥ ਵੇਲਜ਼ ਦੀ ਸਰਕਾਰ ਅਤੇ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਵੀ ਕਰ ਰਹੀ ਹੈ ਕਿ ਅਜਿਹੀਆਂ ਗਤੀਵਿਧੀਆਂ ਨਾ ਹੋਣ ਦਿੱਤੀਆਂ ਜਾਣ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦੇ ਕੇ ਅਜਿਹੀਆਂ ਗੈਰ-ਕਾਨੂੰਨੀ ਅਤੇ ਸਮਾਜ ਲਈ ਖ਼ਤਰਾ ਬਣਨ ਵਾਲੀਆਂ ਕਾਰਵਾਈਆਂ ਨੂੰ ਠੱਲ੍ਹ ਪਾਈ ਜਾਵੇ।