ਬਾਹਲੇ ਬਿਜ਼ੀ -ਇਮੀਗ੍ਰੇਸ਼ਨ ਵਾਲੇ: 2021-ਰੈਜ਼ੀਡੈਂਟ ਵੀਜ਼ਾ ਸ਼੍ਰੇਣੀ ਅਧੀਨ ਸਵਾ ਮਹੀਨੇ ਤੋਂ ਇਮੀਗ੍ਰੇਸ਼ਨ ਡਾਟਾ ਅੱਪਡੇਟ ਨਹੀਂ ਹੋ ਰਿਹਾ

ਭਾਰਤੀਆਂ ਦੀਆਂ 39000 ਅਰਜ਼ੀਆਂ ਮੰਜ਼ੂਰ-16000 ਬਾਕੀ

(ਔਕਲੈਂਡ):-2021 ਰੈਜ਼ੀਡੈਂਟ ਵੀਜ਼ਾ ਸ਼੍ਰੇਣੀ ਤਹਿਤ ਮੌਜੂਦਾ ਅੰਕੜਿਆਂ ਅਨੁਸਾਰ  ਇਮੀਗ੍ਰੇਸ਼ਨ ਵਿਭਾਗ ਕੁੱਲ 106,094 ਵੀਜ਼ਾ ਅਰਜ਼ੀਆਂ ਉਤੇ ਕੰਮ ਕਰ ਰਿਹਾ ਹੈ। ਦੋਹਾਂ ਗੇੜਾਂ ਦੀਆਂ ਅਰਜ਼ੀਆਂ 31 ਜੁਲਾਈ 2022 ਤੱਕ ਲਈਆਂ ਗਈਆਂ ਸਨ। ਅੱਜ ਕੱਲ੍ਹ ਕਿੰਨੀਆਂ ਕੁ ਹੋਰ ਅਰਜ਼ੀਆਂ ਉਤੇ ਪੱਕੀ ਮੋਹਰ ਲੱਗ ਚੁੱਕੀ ਹੈ, ਕੋਈ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਮੀਗ੍ਰੇਸ਼ਨ ਨੇ ਜੋ ਆਖਰੀ ਅੰਕੜੇ ਨਸ਼ਰ ਕੀਤੇ ਹੋਏ ਹਨ, ਇਹ 21 ਦਸੰਬਰ 2022 ਤੱਕ ਦੇ ਹੀ ਹਨ ਅਤੇ ਲਗਪਗ ਸਵਾ ਮਹੀਨਾ ਹੋ ਗਿਆ ਹੈ ਕੋਈ ਅੱਪਡੇਟ ਨਹੀਂ ਆ ਰਹੀ। ਇਮੀਗ੍ਰੇਸ਼ਨੇ ਨੂੰ ਭੇਜੀ ਮੇਰੀ ਇਕ ਈਮੇਲ ਦੇ ਵਿਚ ਉਨ੍ਹਾਂ ਕਿਹਾ ਹੈ ਕਿ ਆਉਂਦੇ ਕੁਝ ਹਫਤਿਆਂ ਦੇ ਵਿਚ ਉਹ ਅੱਪਡੇਟ ਕਰਨਗੇ। ਪੁਰਾਣੇ ਅੰਕੜਿਆਂ ਉਤੇ ਨਿਗ੍ਹਾ ਮਾਰੀ ਜਾਵੇ ਤਾਂ 21 ਦਸੰਬਰ ਤੱਕ 72,364 ਅਰਜ਼ੀਆਂ ਮੰਜ਼ੂਰ ਹੋਈਆਂ ਸਨ ਜਿਨ੍ਹਾਂ ਵਿਚ 131,224 ਲੋਕ ਸ਼ਾਮਿਲ ਸਨ। 82,909 ਲੋਕ ਅਜੇ ਆਪਣੀ ਵਾਰੀ ਦੀ ਉਡੀਕ ਵਿਚ ਹਨ। 33,500 ਅਰਜ਼ੀਆਂ ਉਤੇ ਅਜੇ ਵਿਚਾਰ ਹੋਣਾ ਬਾਕੀ ਹੈ। ਕੁੱਲ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲੇ ਲੋਕਾਂ ਦੀ ਗਿਣਤੀ 214,356 ਹੈ ਅਤੇ ਅਜੇ 223 ਅਰਜ਼ੀਆਂ ਹੀ ਅਯੋਗ ਪਾਈਆਂ ਗਈਆਂ ਹਨ।
ਭਾਰਤੀ ਲੋਕਾਂ ਦੀਆਂ ਅਰਜ਼ੀਆਂ ਦਾ ਵੇਰਵਾ: ਕੁੱਲ ਅਰਜ਼ੀਆਂ ਦੇ ਵਿਚੋਂ 51.84% ਅਰਜ਼ੀਆਂ ਭਾਰਤੀ ਮੂਲ ਦੇ ਲੋਕਾਂ ਦੀਆਂ ਪ੍ਰਗਟ ਹੋ ਰਹੀਆਂ ਹਨ। ਇਸ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਮੈਨੂੰ ਸਪਸ਼ਟ ਕੀਤਾ ਹੈ ਕਿ 17 ਜਨਵਰੀ 2023 ਤੱਕ ਭਾਰਤੀ ਮੂਲ ਦੇ ਲੋਕਾਂ ਦੀਆਂ 39,000 ਅਰਜ਼ੀਆਂ ਉਤੇ ਰੈਜ਼ੀਡੈਂਟ ਵੀਜ਼ੇ ਵਾਲੀ ਮੋਹਰ ਲਾ ਦਿੱਤੀ ਗਈ ਹੈ। ਕੁੱਲ੍ਹ ਅਰਜ਼ੀਆਂ ਦੀ ਗਿਣਤੀ 55,000 ਹੈ ਅਤੇ ਬਾਕੀ 15 ਤੋਂ 16 ਹਜ਼ਾਰ ਅਰਜ਼ੀਆਂ ਉਤੇ ਇਸ ਵੇਲੇ ਕਾਰਵਾਈ ਚੱਲ ਰਹੀ ਹੈ। ਇਮੀਗ੍ਰੇਸ਼ਨ ਦਾ ਵਿਭਾਗ ਹੈ ਕਿ ਜੂਨ-2023 ਤੱਕ ਲਗਪਗ ਸਾਰੀਆਂ ਅਰਜ਼ੀਆਂ ਉਤੇ ਫੈਸਲਾ ਸੁਣਾ ਦੇਣਾ ਹੈ। 7 ਮਾਰਚ 2023 ਨੂੰ ਆ ਰਹੀ ਮਰਦਮ ਸ਼ੁਮਾਰੀ ਦੇ ਵਿਚ ਇਸ ਵਾਰ ਪੱਕੇ ਭਾਰਤੀ ਲੋਕਾਂ ਦਾ ਕਾਫੀ ਉਛਾਲ ਵੇਖਿਆ ਜਾਵੇਗਾ।
ਵੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਬਾਹਲੇ ਬਿਜ਼ੀ ਹਨ। ਸੈਰ ਸਪਾਟੇ ਆਉਣ ਵਾਲਿਆਂ ਦਾ ਵੀ ਕਾਫੀ ਰੱਸ਼ ਹੈ ਅਤੇ ਦੂਜੇ ਪਾਸੇ ਪੱਕੇ ਹੋਣ ਵਾਲਿਆਂ ਦਾ ਵੀ ਉਨ੍ਹਾਂ ਦੇ ਸਿਰ ਉਤੇ ਭਾਰ ਹੈ।