ਨਿਊਜ਼ੀਲੈਂਡ ‘ਚ ਇਕ ਫੀਜ਼ੀਅਨ ਜੋੜੇ ਨੂੰ ਇਮੀਗ੍ਰੇਸ਼ਨ ਧਾਂਦਲੀ ਕਰਨ ਦੇ ਜ਼ੁਰਮ ‘ਚ ਕੈਦ ਅਤੇ ਘਰ ਨਜ਼ਰਬੰਦੀ ਦੀ ਸਜ਼ਾ

NZ PIC 2 Oct-1

ਇਥ ਇਕ ਫੀਜ਼ੀਅਨ ਜੋੜੇ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਧਾਂਧਲੀ ਕਰਨ ਦੇ ਜ਼ੁਰਮ ਅਧੀਨ ਕ੍ਰਮਵਾਰ ਕੈਦ ਅਤੇ ਘਰ ਨਜ਼ਰਬੰਦੀ ਦੀ ਸਜ਼ਾ ਔਕਲੈਂਡ ਜਿਲ੍ਹਾ ਅਦਾਲਤ ਵੱਲੋਂ ਸੁਣਾਈ ਗਈ ਹੈ। ਪਹਿਲੇ ਦੋਸ਼ੀ ਇਮਰਾਨ ਖਾਨ ਨੂੰ ਕੱਲ੍ਹ 20 ਮਹੀਨੇ ਦੀ ਕੈਦ ਸੁਣਾਈ ਗਈ ਜਦ ਕਿ ਸ੍ਰੀਮਤੀ ਬਰਲਿੰਡਾ ਵਿਲੀਅਮਜ਼ ਨੂੰ ਅੱਜ ਸਵੇਰੇ 12 ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। ਸ੍ਰੀਮਤੀ ਵਿਲੀਅਮ ਨੇ 2008 ਦੇ ਵਿਚ ਪੱਕੇ ਹੋਣ ਦੀ ਅਰਜ਼ੀ ਆਪਣੇ ਪਤੀ ਦੇ ਨਿਊਜ਼ੀਲੈਂਡ ਸਿਟੀਜ਼ਨ ਹੋਣ ਦੇ ਅਧਾਰ ਉਤੇ ਲਗਾਈ ਸੀ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਜਾਂਚ-ਪੜ੍ਹਤਾਲ ਕਰਨ ਬਾਅਤੇ ਉਸਨੂੰ ਪੱਕਿਆਂ ਕਰ ਦਿੱਤਾ ਸੀ।
2010 ਦੇ ਵਿਚ ਇਮਰਾਨ ਖਾਨ ਨੇ ਵਰਕ ਵੀਜ਼ੇ ਵਾਸਤੇ ਅਪਲਾਈ ਕੀਤਾ ਜੋ ਕਿ ਪਾਰਟਨਰਸ਼ਿੱਪ ਨੀਤੀ ਦੇ ਤਹਿਤ ਸੀ ਅਤੇ ਉਸਦੀ ਸਾਥਣ ਨਿਊਜ਼ੀਲੈਂਡ ਸਿਟੀਜਨ ਦਰਸਾਈ ਗਈ ਸੀ। ਇਸ ਦਰਮਿਆਨ ਸ੍ਰੀ ਖਾਨ ਨੇ ਜੋ ਕਾਗਜ਼ ਪੱਤਰ ਇਮੀਗ੍ਰੇਸ਼ਨ ਨੂੰ ਪੇਸ਼ ਕੀਤੇ ਉਨ੍ਹਾਂ ਦਾ ਸਬੰਧ ਕਿਤੇ ਨਾ ਕਿਤੇ ਸ੍ਰੀਮਤੀ ਵਿਲੀਅਮ ਦੇ ਜਾ ਰਲਦਾ ਸੀ। ਸ਼ੱਕ ਪੈਣ ਉਤੇ ਜਦੋਂ ਅਗਲੀ ਗਹਿਰੀ ਜਾਂਚ ਕੀਤੀ ਗਈ ਤਾਂ ਇਹ ਦੋਵੇਂ ਜਿਵੇਂ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਦੱਸਦੇ ਸਨ ਕਿ ਉਹ ਆਪਣੇ-ਆਪਣੇ ਸਾਥੀਆਂ ਨਾਲ ਲੰਬੇ ਸਮੇਂ ਤੋ ਵਧੀਆ ਸਬੰਧਾਂ ਦੇ ਤਹਿਰ ਰਹਿ ਰਹੇ ਹਨ, ਸਭ ਝੂਠੇ ਸਾਬਿਤ ਹੋਏ। ਚਲਦੇ ਕੇਸ ਦੌਰਾਨ ਵਿਲੀਅਮ ਨੇ ਕੁਝ ਗਵਾਹ ਪੇਸ਼ ਕਰਕੇ ਆਪਣੇ ਬਿਆਨ ਵੀ ਬਦਲਣ ਦੀ ਕੋਸ਼ਿਸ਼ ਕੀਤੀ ਪਰ ਝੂਠ ਦੇ ਪੈਰ ਨਾ ਹੋਣ ਕਾਰਨ ਉਹ ਆਖਿਰ ਫਸ ਹੀ ਗਈ। ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਸ ਜੋੜੇ ਨੇ ਧੋਖਾ ਅਤੇ ਫਰੇਬ ਕੀਤਾ ਹੈ ਜਿਸ ਦੀ ਕੀਮਤ ਇਨ੍ਹਾਂ ਨੂੰ ਚੁਕਾਉਣੀ ਪਏਗੀ।