ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਹੋਏ ਖੋਖਲੇ

-ਹਰ ਜਿਲ੍ਹੇ ਚ ਹੋ ਰਿਹਾ ਨਜਾਇਜ਼ ਖਨਣ
– ਰੇਤ ਦੀਆਂ ਖਾਣਾ ਬਣੀਆਂ ਸੋਨੇ ਦੀਆਂ ਖਾਣਾ

15gsc2
(ਰੇਤ ਮਾਫੀਆ ਵੱਲੋਂ ਓਵਰਲੋਡਿੰਗ ਟਰਾਲੀਆਂ ਰਾਹੀਂ ਕੀਤੀ ਜਾ ਰਹੀ ਰੇਤੇ ਦੀ ਢੋਆ ਢੁਆਈ ਅਤੇ ਪਾਣੀ ਦੀ ਤਹਿ ਚੋਂ ਕੱਢੇ ਰੇਤੇ ਵਾਲੀ ਖੱਡ ਦਾ ਦ੍ਰਿਸ਼।) (ਤਸਵੀਰ ਗੁਰਭੇਜ ਸਿੰਘ ਚੌਹਾਨ)

ਫਰੀਦਕੋਟ — ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸ: ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਦੇ ਦਸ ਸਾਲਾਂ ਦੇ ਸ਼ਾਸ਼ਨ ਦੌਰਾਨ ਆਮ ਲੋਕਾਂ ਦੀ ਰੇਤ ਅਤੇ ਬੱਜਰੀ ਮਾਫੀਏ ਦੁਆਰਾ ਪੰਜਾਬ ਵਿਚ ਕੀਤੀ ਜਾ ਰਹੀ ਲੁੱਟ ਤੋਂ ਨਿਜਾਤ ਦੁਆਉਣ ਲਈ ਅਤੇ ਨਜ਼ਾਇਜ ਖਨਣ ਨੂੰ ਰੋਕਣ ਲਈ ਇਸ ਮਾਫੀਏ ਤੇ ਸ਼ਿਕੰਜਾ ਕੱਸਣ ਅਤੇ ਇਸਨੂੰ ਖਿਦੇੜਨ ਦੇ ਜੋ ਦਾਅਵੇ ਕੀਤੇ ਸਨ ਅਤੇ ਇਸ ਮੁੱਦੇ ਨੂੰ ਉਭਾਰ ਕੇ ਵੋਟਾਂ ਲਈਆਂ ਸਨ , ਉਹ ਵਾਅਦੇ ਬਿੱਲਕੁੱਲ ਖੋਖਲੇ ਸਾਬਤ ਹੋ ਰਹੇ ਹਨ। ਸਰਕਾਰ ਨੇ ਇਕ ਵਾਰ ਖੱਡਾਂ ਦੀ ਨਿਲਾਮੀ ਕਰਕੇ 1200 ਸੌ ਕਰੋੜ ਰੁਪਏ ਸਰਕਾਰ ਦੇ ਖਜ਼ਾਨੇ ਵਿਚ ਪਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਹਰ ਨਿਲਾਮ ਖੱਡ ਤੋਂ ਨਿਕਾਸੀ ਦਾ ਸਮਾਂ ਦੋ ਸਾਲ ਨੀਯਤ ਕੀਤਾ ਗਿਆ ਸੀ। ਪਰ ਰੇਤ ਮਾਫੀਆ ਨੇ ਖੱਡਾਂ ਵਿਚ ਦਿਨ ਰਾਤ ਵਰਜਿਤ ਫੋਕਲੈਨ ਮਸ਼ੀਨਾ ਦੀ ਵਰਤੋਂ ਕਰਕੇ ਰੇਤ ਦੀ ਨਿਕਾਸੀ ਐਨੀ ਤੇਜੀ ਨਾਲ ਕੀਤੀ ਕਿ ਸਾਲਾਂ ਦਾ ਕੰਮ ਮਹੀਨਿਆ ਵਿਚ ਖਤਮ ਕਰਕੇ ਅਤੇ 20 ਫੁੱਟ ਡੂੰਘਾਈ ਤੱਕ ਰੇਤ ਦੀ ਨਿਕਾਸੀ ਦੀ ਨਿਰਧਾਰਤ ਸੀਮਾਂ ਨੂੰ ਤੋੜਕੇ 40 ਫੁੱਟ ਦੀ ਡੂੰਘਾਈ ਤੱਕ ਪਾਣੀ ਦੀ ਤਹਿ ਚੋਂ ਨਿਕਾਸੀ ਕਰਕੇ ਜਿੱਥੇ ਮੋਟੀ ਕਮਾਈ ਕਰ ਲਈ ਹੈ ਉੱਥੇ ਸੜਕਾਂ ਤੋੜ ਦਿੱਤੀਆਂ ਹਨ ਅਤੇ ਜ਼ਮੀਨਾ ਦੇ ਨਿੱਘਰ ਜਾਣ ਦੀ ਸਮੱਸਿਆ ਵੀ ਖੜ੍ਹੀ ਕਰ ਦਿੱਤੀ ਹੈ। ਦੂਸਰਾ ਮਨਜ਼ੂਰਸ਼ੁਦਾ ਖੱਡਾਂ ਚੋਂ ਕੰਮ ਮੁਕਾ ਕੇ ਹੁਣ ਚੋਰੀ ਦੀਆਂ ਖੱਡਾਂ ਚੋਂ ਉਸੇ ਢੰਗ ਨਾਲ ਸ਼ਰੇਆਮ ਹਰ ਜਿਲ੍ਹੇ ਚ ਨਿਕਾਸੀ ਜਾਰੀ ਹੈ ਜੋ ਆਮ ਤੌਰ ਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੇ ਥਾਪੜੇ ਨਾਲ ਹੀ ਹੋ ਰਹੀ ਹੈ। ਜਿਸ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਮਾਈਨਿੰਗ ਵਿਭਾਗ ਸਭ ਕੁੱਝ ਜਾਨਣ ਦੇ ਬਾਵਯੂਦ ਅੱਖਾਂ ਮੀਚ ਕੇ ਬੈਠਾ ਹੋਇਆ ਹੈ ਅਤੇ ਇਸ ਨਜ਼ਾਇਜ਼ ਧੰਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ। ਜਿਸਦੇ ਨਤੀਜੇ ਵਜੋਂ ਪਹਿਲਾਂ ਤਾਂ ਰੇਤ ਬੱਜਰੀ ਸਸਤੀ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਹੁਣ ਰੇਤ ਅਤੇ ਬੱਜਰੀ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ ਅਤੇ ਰੇਤਾ ਤਾਂ ਖੰਡ ਬਣ ਗਿਆ ਹੈ। ਜਿਸ ਕਾਰਨ ਜਿੱਥੇ ਲੋਕਾਂ ਦੀਆਂ ਜੇਬਾਂ ਤੇ ਹੋਰ ਬੋਝ ਪੈਣਾ ਸ਼ੁਰੂ ਹੋ ਗਿਆ ਹੈ ਉੱਥੇ ਸਰਕਾਰੀ ਖਜ਼ਾਨੇ ਨੂੰ ਵੀ ਰੋਜ਼ਾਨਾ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ । ਜਿਸਨੂੰ ਸਰਕਾਰ ਰੋਕ ਨਹੀਂ ਰਹੀ ਅਤੇ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾ ਕੇ ਆਮ ਲੋਕਾਂ ਤੇ ਟੈਕਸਾਂ ਦਾ ਬੋਝ ਵਧਾ ਰਹੀ ਹੈ । ਇਸਤੋਂ ਪਹਿਲਾਂ ਅਕਾਲੀ ਸਰਕਾਰ ਨੇ ਵੀ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਨਾਂ ਤੇ ਸਖਤੀ ਕਰਨ ਦਾ ਡਰਾਮਾਂ ਕੀਤਾ ਸੀ। ਜਿਸ ਤਹਿਤ ਜ਼ਮੀਨ ਦੇ ਮਾਲਕ ਕਿਸਾਨਾ ਅਤੇ ਰੇਤਾ ਦੀ ਢੋਆ ਢੁਆਈ ਕਰਨ ਵਾਲੇ ਗਰੀਬ ਲੋਕਾਂ ਤੇ ਤਾਂ ਧੜਾਧੜ ਪਰਚੇ ਦਰਜ ਕਰ ਦਿੱਤੇ ਸਨ ਅਤੇ ਇਸਦੇ ਨਾਲ ਹੀ ਵੱਡੇ ਮਾਫੀਏ ਦੇ ਰੂਪ ਚ ਆਪ ਨਜ਼ਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ ਸੀ। ਜਿਸ ਨਾਲ ਪੁਲਿਸ ਅਤੇ ਰਾਜਨੀਤਕ ਲੋਕਾਂ ਲਈ ਰੇਤ ਦੀਆਂ ਖੱਡਾਂ ਸੋਨੇ ਦੀਆਂ ਖਾਣਾ ਬਣ ਗਈਆਂ ਸਨ। ਕਿਉਂ ਕਿ ਆਮ ਲੋਕਾਂ ਨੂੰ ਇਸ ਥਾਂ ਤੋਂ ਖਦੇੜਕੇ ਰਾਜਨੀਤਕ ਲੋਕਾਂ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਇਹ ਧੰਦਾ ਸਰਕਾਰ ਦੀ ਸਰਪ੍ਰਸਤੀ ਵਿਚ ਹੁਣ ਤੱਕ ਚੱਲਦਾ ਆ ਰਿਹਾ ਸੀ ਅਤੇ ਹੁਣ ਕਾਂਗਰਸ ਸਰਕਾਰ ਵਿਚ ਵੀ ਉਸੇ ਢੰਗ ਤਰੀਕੇ ਨਾਲ ਚੱਲ ਰਿਹਾ ਹੈ। ਹਾਲ ਦੀ ਘੜੀ ਹੁਣ ਕੈਪਟਨ ਸਰਕਾਰ ਦੀ ਇਸ ਕਾਰਵਾਈ ਨਾਲ ਆਮ ਲੋਕਾਂ ਦੀ ਸਥਿੱਤੀ ਅਕਾਲੀ ਸਰਕਾਰ ਵਾਲੀ ਹੀ ਬਣ ਗਈ ਹੈ। ਰੇਤ ਬੱਜਰੀ ਦੀ ਕਾਲਾ ਬਜ਼ਾਰੀ ਉਸੇ ਤਰਾਂ ਜਾਰੀ ਹੈ । ਲੋਕ ਖਰੀਦਣ ਲਈ ਮਜ਼ਬੂਰ ਹਨ। ਕਿਉਂ ਕਿ ਜਿਸਨੇ ਵੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਉਸਨੂੰ ਨੇਪਰੇ ਤਾਂ ਚਾੜ੍ਹਨਾ ਹੀ ਪੈਣਾ ਹੈ। ਲੋਕ ਸਵਾਲ ਉਠਾ ਰਹੇ ਹਨ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਰੇਤੇ ਬੱਜਰੀ ਦੀਆਂ ਖੱਡਾਂ ਚੋਂ ਪੁਰਾਣੇ ਸੱਪ ਬਾਹਰ ਕੱਢਕੇ ਇਸ ਵਿਚ ਨਵੇਂ ਮਾਫੀਆ ਦੇ ਸੱਪ ਵਾੜ ਦਿੱਤੇ ਹਨ। ਕਿਉਂ ਕਿ ਇਸ ਧੰਦੇ ਵਿਚ ਕਮਾਈ ਸਭ ਨੂੰ ਦਿਸ ਰਹੀ ਹੈ ਅਤੇ ਸਰਕਾਰ ਵਿਚ ਭਾਈਵਾਲ ਲੋਕ ਇਸ ਧੰਦੇ ਚੋਂ ਹੱਥ ਰੰਗ ਰਹੇ ਹਨ।

Install Punjabi Akhbar App

Install
×