ਕਰੋੜਾਂ ਦੇ ਸ਼ਰਾਬ ਘਪਲੇ ਨੂੰ ਵੱਟੇ ਖਾਤੇ ਪਾ ਰਹੀ ਹੈ ਕੈਪਟਨ ਸਰਕਾਰ

ਫੈਕਟਰੀਆਂ ਦੀ ਨਾਜਾਇਜ਼ ਫੜੀ ਸ਼ਰਾਬ ਦਾ ਮਾਮਲਾ

(ਮੇਜਰ ਸਿੰਘ) -ਜਲੰਧਰ, -ਲਾਕਡਾਊਨ ਦੌਰਾਨ ਪੰਜਾਬ ਅੰਦਰ ਧੜੱਲੇ ਨਾਲ ਨਾਜਾਇਜ਼ ਸ਼ਰਾਬ ਵਿਕਣ ਦਾ ਰੌਲਾ ਪੈਣ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਕਰਦਿਆਂ ਵੱਖ-ਵੱਖ ਸ਼ਰਾਬ ਫੈਕਟਰੀਆਂ ‘ਚ ਮਾਰੇ ਛਾਪਿਆ ਦੌਰਾਨ ਰਾਜਪੁਰਾ ਨੇੜਲੇ ਪਿੰਡ ਸੰਧਾਰਸੀ ਵਿਖੇ ਚੱਲ ਰਹੀ ਐੱਨ.ਵੀ. ਡਿਸਟੀਲਰੀਜ਼ ਐਾਡ ਬੇਵਰੇਜਿਸ ਪ੍ਰਾ: ਲਿ: ਵਿਖੇ ਛੱਤੀਸਗੜ੍ਹ ‘ਚ ਵਿਕਣ ਵਾਲੇ ਲੇਬਲ ਲਗਾਈ 22,000 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਫੜੀਆਂ ਸਨ | ਆਬਕਾਰੀ ਵਿਭਾਗ ਮੁਤਾਬਿਕ ਇਹ ਸ਼ਰਾਬ ਫੈਕਟਰੀ ‘ਚ ਤਿਆਰ ਕੀਤੇ ਸ਼ਰਾਬ ਉਤਪਾਦਨ ਵਿਚ ਦਰਜ ਨਹੀਂ ਸੀ | ਚਰਚਾ ਇਹੀ ਸੀ ਕਿ ਲਾਕਡਾਊਨ ਸਮੇਂ ਜਦ ਸਾਰਾ ਜਨਜੀਵਨ ਤੇ ਸਰਗਰਮੀ ਠੱਪ ਸੀ ਤਾਂ ਇਹ ਫੈਕਟਰੀਆਂ ਨਾਜਾਇਜ਼ ਸ਼ਰਾਬ ਤਿਆਰ ਕਰ ਕੇ ਕੁਝ ਕਾਂਗਰਸ ਆਗੂਆਂ ਤੇ ਠੇਕੇਦਾਰਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ ਭਰ ਵਿਚ ਮਹਿੰਗੇ ਭਾਅ ਧੜੱਲੇ ਨਾਲ ਵੇਚਦੀਆਂ ਰਹੀਆਂ | ਲੋਕ ਹੈਰਾਨ ਉਸ ਸਮੇਂ ਹੋ ਗਏ ਜਦ ਦੋ ਮਹੀਨੇ ਬਾਅਦ ਠੇਕੇ ਖੁੱਲ੍ਹਣ ‘ਤੇ ਠੇਕਿਆਂ ਉੱਪਰ ਸ਼ਰਾਬ ਲੈਣ ਹੀ ਕੋਈ ਨਹੀਂ ਆਇਆ ਤਾਂ ਰੌਲਾ ਪਿਆ ਕਿ ਲਾਕਡਾਊਨ ਸਮੇਂ ਤਾਂ ਸ਼ਰਾਬ ਖੁੱਲ੍ਹੀ ਵਿਕਦੀ ਰਹੀ ਹੈ | ਰਾਜਪੁਰਾ ਸ਼ਰਾਬ ਫੈਕਟਰੀ ‘ਚ ਨਾਜਾਇਜ਼ ਸ਼ਰਾਬ ਦਾ ਭੰਡਾਰ ਸਾਹਮਣੇ ਆਉਣ ਨਾਲ ਲੋਕਾਂ ਅੰਦਰ ਚੱਲ ਰਹੀ ਚਰਚਾ ਸੱਚ ਸਾਬਤ ਹੋ ਗਈ ਪਰ ਏਨੀ ਵੱਡੀ ਮਾਤਰਾ ‘ਚ ਸ਼ਰਾਬ ਫੈਕਟਰੀ ‘ਚੋਂ ਸ਼ਰਾਬ ਬਰਾਮਦ ਹੋਣ ਦੇ ਮਾਮਲੇ ‘ਚ ਸੱਚ ਇਹ ਹੈ ਕਿ ਸਰਕਾਰ ਨੇ ਇਸ ਮਾਮਲੇ ‘ਚ ਪੁਲਿਸ ਕੇਸ ਵੀ ਦਰਜ ਕਰਾਉਣ ਦੀ ਲੋੜ ਨਹੀਂ ਸਮਝੀ, ਸਗੋਂ ਇਸ ਨੂੰ ਸ਼ਰਾਬ ਫੈਕਟਰੀ ‘ਚ ਟੈਕਸ ਦੀ ਆਮ ਅਵੱਗਿਆ ਸਮਝਦਿਆਂ ਜੁਰਮਾਨਾ ਲਗਾ ਕੇ ਗੱਲ ਆਈ-ਗਈ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਕਰ ਤੇ ਆਬਕਾਰੀ ਵਿਭਾਗ ਦੇ ਪਟਿਆਲਾ ਦੇ ਸਹਾਇਕ ਕਮਿਸ਼ਨਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਛਾਪੇ ਦੌਰਾਨ ਐੱਨ.ਵੀ. ਡਿਸਟੀਲਰੀ ਦੇ ਅੰਦਰੋਂ 22 ਹਜ਼ਾਰ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਫੜੀਆਂ ਸਨ, ਜਿਨ੍ਹਾਂ ਦਾ ਫੈਕਟਰੀ ਦੇ ਰਿਕਾਰਡ ਵਿਚ ਕਿਧਰੇ ਵੀ ਇੰਦਰਾਜ ਨਹੀਂ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਦੇ ਅੰਦਰ ਦਾ ਹੀ ਮਾਮਲਾ ਹੈ | ਇਸ ਕਰਕੇ ਪੁਲਿਸ ਕੇਸ ਦਰਜ ਨਹੀਂ ਕਰਵਾਇਆ ਗਿਆ, ਸਗੋਂ ਵਿਭਾਗੀ ਕਾਰਵਾਈ ਹੀ ਹੋ ਰਹੀ ਹੈ | ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਚੰਡੀਗੜ੍ਹ ਦਫ਼ਤਰੋਂ ਹੀ ਨਜਿੱਠਿਆ ਜਾ ਰਿਹਾ ਹੈ | ਉਨ੍ਹਾਂ ਵੀ ਕਿਹਾ ਕਿ ਚਲਾਨ ਬਣਿਆ ਹੋਇਆ ਹੈ ਤੇ ਜੁਰਮਾਨੇ ਬਾਰੇ ਫ਼ੈਸਲਾ ਰਾਜ ਪੱਧਰ ‘ਤੇ ਹੀ ਹੋਵੇਗਾ | ਇਸ ਤੋਂ ਸਪੱਸ਼ਟ ਹੈ ਕਿ ਵਿਭਾਗ ਵਲੋਂ ਫੈਕਟਰੀ ਚੋਂ ਬਰਾਮਦ ਨਾਜਾਇਜ਼ ਸ਼ਰਾਬ ਦੇ ਵੱਡੇ ਭੰਡਾਰ ਨੂੰ ਮਹਿਜ਼ ਮਾਮੂਲੀ ਅਵੱਗਿਆ ਸਮਝ ਕੇ ਵਿਚਾਰਿਆ ਜਾ ਰਿਹਾ ਹੈ |

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×