ਇਕ ਇਤਿਹਾਸਕ ਫੈਸਲੇ ‘ਚ ਸਿੱਖਾਂ ਨੇ ਅਮਰੀਕਾ ‘ਚ ਬਿਨਾਂ ਕੇਸ ਕਟਾਏ ਦਸਤਾਰ ਸਜਾ ਕੇ ਫ਼ੌਜ ਦੀ ਟਰੇਨਿੰਗ ਲੈਣ ਦੀ ਜੰਗ ਜਿੱਤ ਲਈ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਕਿਹਾ ਹੈ ਕਿ ਸਿੱਖ ਨੌਜਵਾਨ ਦਸਤਾਰ, ਦਾੜ੍ਹੀ ਤੇ ਕੇਸਾਂ ਦੇ ਨਾਲ ਅਮਰੀਕੀ ਫ਼ੌਜ ਦੀ ਰਿਜ਼ਰਵ ਆਫ਼ੀਸਰ ਟਰੇਨਿੰਗ ਕਾਰਪਸ (ਆਰ. ਓ. ਟੀ. ਸੀ.) ਦੇ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ ਹਨ। ਸਿੱਖ ਨੌਜਵਾਨ ਇਕਨੂਰ ਨੇ ਆਰ. ਓ. ਟੀ. ਸੀ. ‘ਚ ਦਾਖਲਾ ਲੈਣ ਲਈ ਰੱਖੀਆਂ ਗਈਆਂ ਸ਼ਰਤਾਂ ਨੂੰ ਸੰਘੀ ਅਦਾਲਤ ‘ਚ ਚੁਨੌਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਵਿਦਿਆਰਥੀ ਇਕਨੂਰ ਸਿੰਘ ਨੇ 2013 ‘ਚ ਆਰ. ਓ. ਟੀ. ਸੀ. ‘ਚ ਦਾਖ਼ਲੇ ਲਈ ਅਪਲਾਈ ਕੀਤਾ ਸੀ ਪਰ ਫ਼ੌਜ ਨੇ ਉਸ ਨੂੰ ਕੇਸ ਕਤਲ ਕਰਵਾਉਣ ਤੇ ਦਸਤਾਰ ਨਾ ਸਜਾਉਣ ਦੀ ਸ਼ਰਤ ਰੱਖ ਦਿੱਤੀ। ਇਸਨੂੰ ਨਾ ਮੰਨਦੇ ਹੋਏ ਇਕਨੂਰ ਨੇ 2 ਸਾਲ ਤੱਕ ਦਸਤਾਰ ਲਈ ਆਪਣੀ ਲੜਾਈ ਲੜੀ ਤੇ ਨਵੰਬਰ, 2014 ‘ਚ ਇਸ ਮਾਮਲੇ ਨੂੰ ਅਦਾਲਤ ਸਾਹਮਣੇ ਚੁੱਕਿਆ। ਉਸ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਇਕਨੂਰ ਦੇ ਹੱਕ ‘ਚ ਫ਼ੈਸਲਾ ਆਇਆ। ਜੱਜ ਐਮੀ ਜੈਕਸਨ ਨੇ ਕਿਹਾ ਕਿ ਸਿੱਖ ਪਹਿਲਾਂ ਵੀ ਕੇਸ ਕਤਲ ਕਰਵਾਏ ਬਿਨਾਂ ਅਮਰੀਕੀ ਫ਼ੌਜ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਉਨ੍ਹਾਂ ਦਾ ਕੰਮ ਕਾਬਿਲ-ਏ-ਤਾਰੀਫ ਹੈ। ਅਦਾਲਤ ਨੇ ਕਿਹਾ ਕਿ ਰਿਲੀਜੀਅਸ ਫ੍ਰੀਡਮ ਰਿਸਟੋਰੇਸ਼ਨ ਦੇ ਅਨੁਸਾਰ ਇਕਨੂਰ ਸਿੰਘ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਪੂਰੀਆਂ ਕਰਨ ਦਾ ਹੱਕ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਏਕਨੂਰ ਆਪਣੇ ਧਰਮ ਨਾਲ ਸਮਝੌਤਾ ਕੀਤੇ ਬਿਨਾਂ ਇਸ ਪ੍ਰੋਗਰਾਮ ‘ਚ ਹਿੱਸਾ ਲੈ ਸਕੇਗਾ।