ਕੋਵਿਡ-19 ਕਾਰਨ ਅਮਰੀਕਾ ਵਿੱਚ ਹੋਣਗੀਆਂ 5 ਲੱਖ ਮੌਤਾਂ -ਇੱਕ ਰਿਪੋਰਟ

(ਦ ਏਜ ਮੁਤਾਬਿਕ) ਵਸ਼ਿੰਗਟਨ ਯੂਨੀਵਰਸਿਟੀ ਦੇ ਸਿਹਤ ਆਂਕੜਿਆਂ ਅਤੇ ਇਨ੍ਹਾਂ ਦੇ ਸਰਵੇਖਣ ਵਿਭਾਗ (Washington’s Institute for Health Metrics and Evaluation) ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਸਾਲ 2021 ਦੇ ਫਰਵਰੀ ਮਹੀਨੇ ਤੱਕ ਅੱਧੇ ਮਿਲੀਅਨ ਲੋਕਾਂ ਦੇ ਕੋਵਿਡ-19 ਦੀ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਕੇ ਆਪਣੀਆਂ ਜ਼ਿੰਦਗੀਆਂ ਨੂੰ ਗੁਆ ਲੈਣ ਦੀ ਆਸ਼ੰਕਾ ਹੈ ਪਰੰਤੂ ਇਨ੍ਹਾਂ ਵਿੱਚੋਂ 130,000 ਲੋਕਾਂ ਨੂੰ ਬਚਾਇਆ ਵੀ ਜਾ ਸਕਦਾ ਹੈ ਬਸ਼ਰਤੇ ਉਹ ਫੇਸ-ਮਾਸਕ ਨੂੰ ਅਪਣਾ ਲੈਣ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਕਿਉਂਕਿ ਹਾਲ ਦੀ ਘੜੀ ਕਰੋਨਾ ਦੇ ਇਲਾਜ ਵਾਸਤੇ ਕੋਈ ਵੀ ਦਵਾਈ ਮੌਜੂਦ ਨਹੀਂ ਹੈ ਇਸ ਕਾਰਨ ਆਉਣ ਵਾਲੀਆਂ ਸਰਦੀਆਂ ਅੰਦਰ ਮੌਤਾਂ ਦੇ ਆਂਕੜੇ ਵਧਣ ਦੇ ਜੋਖਮ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਈ. ਐਚ. ਐਮ. ਈ. ਦੇ ਡਾਇਰੈਕਟਰ ਕ੍ਰਿਸ ਮੁਰੇ ਨੇ ਸਮੁੱਚੀ ਜਾਣਕਾਰੀ ਦਿੰਦਿਆਂ ਹੋਇਆਂ ਤਾਕੀਦ ਕੀਤੀ ਕਿ ਵੈਕਸੀਨ ਦੀ ਅਣਹੌਂਦ ਕਾਰਨ ਹਾਲ ਦੀ ਘੜੀ ਇਸ ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਵਿਕਲਪ ‘ਫੇਸ-ਮਾਸਕ’ ਹੀ ਹੈ ਅਤੇ ਲੋਕਾਂ ਨੂੰ ਹੁਣ ਪੂਰਨ ਰੂਪ ਵਿੱਚ ਇਸਨੂੰ ਅਪਣਾ ਲੈਣਾ ਚਾਹੀਦਾ ਹੈ। ਸੰਸਾਰ ਪੱਧਰ ਤੇ ਫੈਲੇ ਇੱਕ ਸਵਾਲ, ‘ਕਿ ਕਰੋਨਾ ਦਾ ਪ੍ਰਕੋਪ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਖ਼ਤਮ ਹੋ ਜਾਵੇਗਾ’ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਚਾਈ ਨਹੀਂ ਹੈ ਅਤੇ ਅਸਲ ਸਚਾਈ ਤਾਂ ਇਹੋ ਦਿਖਾਈ ਦੇ ਰਹੀ ਹੈ ਕਿ ਇਹ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਕੇ ਰਹੇਗੀ ਅਤੇ ਇਸ ਦੇ ਨਾਲ ਹੀ ਸਾਨੂੰ ਜੀਉਣਾ ਪਵੇਗਾ।

Install Punjabi Akhbar App

Install
×