ਗਲੈਡੀਜ਼ ਬਰਜਿਕਲੀਅਨ ਦੇ ਖ਼ਿਲਾਫ਼ ਮਾਮਲੇ ਦੀ ਚੱਲ ਰਹੀ ਪੜਤਾਲ ਦਾ ਵਧਿਆ ਸਮਾਂ

ਨਿਊ ਸਾਊਥ ਵੇਲਜ਼ ਜੀ ਸਾਬਕਾ ਪ੍ਰੀਮੀਅਰ -ਗਲੈਡੀਜ਼ ਬਰਜਿਕਲੀਅਨ, ਜਿਨ੍ਹਾਂ ਖ਼ਿਲਾਫ਼ ਭਰਿਸ਼ਟਾਚਾਰ ਨਾਲ ਸਬੰਧਤ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਜ਼ਾਹਿਰ ਹੈ ਕਿ ਇਸ ਮਾਮਲੇ ਨੇ ਉਨ੍ਹਾਂ ਦਾ ਰਾਜਨੀਤਿਕ ਕੈਰੀਅਰ ਖ਼ਤਮ ਕਰਕੇ ਰੱਖ ਦਿੱਤਾ ਹੈ -ਬਾਰੇ ਆਈ.ਸੀ.ਏ.ਸੀ. (The Independent Commission Against Corruption (ICAC)) ਦਾ ਕਹਿਣਾ ਹੈ ਕਿ ਇਸ ਬਾਬਤ ਹਾਲੇ ਹੋਰ ਸਮਾਂ ਲੱਗੇਗਾ ਇਸ ਕਾਰਨ ਪੜਤਾਲ ਦਾ ਸਮਾਂ ਹੋਰ ਵਧਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਬਕਾ ਪ੍ਰੀਮੀਅਰ ਅਤੇ ਉਨ੍ਹਾਂ ਦੇ ਇੱਕ ਪੁਰਾਣੇ ਦੋਸਤ ਅਤੇ ਪਾਰਟਨਰ ਡੇਰਿਲ ਮੈਗੁਆਇਰ ਖ਼ਿਲਾਫ਼ ਚੱਲ ਰਿਹਾ ਹੈ ਜੋ ਕਿ ਲਿਬਰਲ ਪਾਰਟੀ ਦੇ ਮੈਂਬਰ ਸਨ ਅਤੇ ਸਾਲ 1999 ਤੋਂ 2018 ਤੱਕ ਵਾਗਾ ਵਾਗਾ ਖੇਤਰ ਵਿੱਚੋਂ ਮੈਂਬਰ ਪਾਰਲੀਮੈਂਟ ਰਹੇ ਸਨ ਅਤੇ ਇਸ ਦੌਰਾਨ ਤਕਰੀਬਨ 7 ਸਾਲਾਂ ਤੱਕ ਦੋਹਾਂ ਦੇ ਆਪਸ ਵਿੱਚ ਗੁੱਪਤ ਸਬੰਧ ਸਨ ਅਤੇ ਇਨ੍ਹਾਂ ਸੰਬੰਧਾਂ ਤਹਿਤ ਹੀ ਗਲੈਡੀਜ਼ ਬਰਜਿਕਲੀਅਨ ਨੇ ਕੁੱਝ ਖਾਸ ਤਰ੍ਹਾਂ ਦੇ ਵੱਡੇ ਮਾਲ਼ੀ ਲਾਭਾਂ ਵਾਲੇ ਕੰਮ ਡੇਰਿਲ ਨੂੰ ਸੌਂਪੇ ਸਨ ਅਤੇ ਇਸ ਵਿੱਚ ਕਾਫੀ ਵੱਡਾ ਮੁਨਾਫ਼ਾ ਕਮਾਇਆ ਗਿਆ ਸੀ।
ਬੀਤੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਹੀ ਬਰਜਿਕਲੀਅਨ ਨੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਇਸ ਮਾਮਲੇ ਦੀ ਪੜਤਾਲ ਆਈ.ਸੀ.ਏ.ਸੀ. ਨੂੰ ਸੌਂਪੀ ਗਈ ਸੀ।
ਜ਼ਿਕਰਯੋਗ ਹੈ ਕਿ ਗਲੈਡੀਜ਼ ਬਰਜਿਕਲੀਅਨ ਸ਼ੁਰੂ ਤੋਂ ਹੀ ਅਜਿਹੇ ਕਿਸੇ ਵੀ ਗਲਤ ਕੰਮ ਤੋਂ ਇਨਕਾਰੀ ਰਹੇ ਹਨ ਅਤੇ ਹਮੇਸ਼ਾ ਇਹੀ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਪਾਵਰ ਅਤੇ ਕੁਰਸੀ ਦਾ ਹਮੇਸ਼ਾ ਹੀ ਸਦ-ਉਪਯੋਗ ਕੀਤਾ ਹੈ ਅਤੇ ਕਦੀ ਵੀ ਕਿਸੇ ਖਾਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜੋ ਕਿ ਕਾਨੂੰਨ ਅਤੇ ਸਮਾਜ ਦੇ ਖ਼ਿਲਾਫ਼ ਹੋਵੇ।