ਵੱਡੇ ਸ਼ਹਿਰਾਂ ‘ਚ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਆਈ.ਬੀ. ਨੇ ਜਾਰੀ ਕੀਤਾ ਅਲਰਟ

ਕਸ਼ਮੀਰ ਘਾਟੀ ‘ਚ ਇਕ ਦਿਨ ‘ਚ ਚਾਰ ਹਮਲੇ ਕਰਨ ਤੋਂ ਬਾਅਦ ਲਸ਼ਕਰ ਦੇ ਅੱਤਵਾਦੀ ਹੁਣ ਦੇਸ਼ ਦੇ ਬਾਕੀ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਆਈ.ਬੀ. ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ । ਖੁਫੀਆ ਏਜੰਸੀਆਂ ਨੇ 6 ਦਸੰਬਰ ਨੂੰ ਵੀ ਦੇਸ਼ ਦੇ ਉਤਰੀ ਹਿੱਸੇ ‘ਚ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਖਤ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ। ਹਾਲ ਹੀ ‘ਚ ਆਈ.ਬੀ. ਦੁਆਰਾ ਜਾਰੀ ਅਲਰਟ ਦੇ ਮੁਤਾਬਿਕ ਕੁਝ ਆਤਮ ਘਾਤੀ ਅੱਤਵਾਦੀ ਦੇਸ਼ ‘ਚ ਹੀ ਮੌਜੂਦ ਹਨ, ਜੋ ਦੇਸ਼ ਦੇ ਕਈ ਵੱਡੇ ਸ਼ਹਿਰਾਂ ਨੂੰ ਦਹਿਲਾ ਦੇਣ ਦੇ ਫਿਰਾਕ ‘ਚ ਹਨ। ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਅੱਤਵਾਦੀਆਂ ਨੇ ਸ਼ੁਕਰਵਾਰ ਨੂੰ ਚਾਰ ਸਥਾਨਾਂ ‘ਚ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ‘ਚ 11 ਸੁਰੱਖਿਆ ਜਵਾਨਾਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ।