ਜ਼ਜਬਾ ਸਿੱਖੀ ਦਾ: ਜਤਿੰਦਰ ਸਿੰਘ ਨੇ ਕਾਰ ਦੀ ਨੰਬਰ ਪਲੇਟ ਲਈ ‘1 (ਆਈ). ਐਮ. ਸਿੱਖ’

NZ PIC 28 Sep-2(1) ਸਿੱਖੀ ਸਰੂਪ ਦੇ ਵਿਚ ਰਹਿੰਦਿਆਂ ਮਰਕਰੀ ਅਨਰਜ਼ੀ ਕੰਪਨੀ ‘ਚ ਬਣਾਇਆ ਸੀ ‘ਵਰਲਡ ਰਿਕਾਰਡ’ ਤੇ ਕੰਪਨੀ ਨੇ ਸ਼ੁਰੂ ਕੀਤਾ ਸੀ ”ਜਤਿੰਦਰ ਐਵਾਰਡ”
ਆਕਲੈਂਡ 28 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਹਰ ਇਨਸਾਨ ਦਾ ਆਪਣੇ ਧਰਮ ਦੇ ਵਿਚ ਨਿਸ਼ਚਾ, ਵਿਸ਼ਵਾਸ਼ ਅਤੇ ਸਿਧਾਂਤ ਉਤੇ ਜੀਉਣ ਦਾ ਇਕ ਜ਼ਜਬਾ ਹੁੰਦਾ ਹੈ। ਇਹ ਜ਼ਜਬਾ ਕਿਸੇ ਥਾਂ, ਦੇਸ਼ ਜਾਂ ਹਾਲਾਤਾਂ ਦੇ ਬਦਲਣ ਨਾਲ ਕਦੇ ਨਹੀਂ ਬਦਲਦਾ। ਬਾਹਰਲੇ ਬਹੁ-ਕੌਮੀ ਮੁਲਕਾਂ ਦੇ ਵਿਚ ਐਨੀ ਕੁ ਆਜ਼ਾਦੀ ਹੁੰਦੀ ਹੈ ਕਿ ਤੁਸੀਂ ਆਪਣੇ ਧਰਮ ਦੇ ਉਤੇ ਮਾਣ ਕਰਦਿਆਂ ਅਤੇ ਪਹਿਚਾਣ ਰੱਖਦਿਆਂ ਵਿਚਰ ਸਕੋ। ਇਕ ਇਸੇ ਹੀ ਤਰ੍ਹਾਂ ਦੇ ਜ਼ਜਬੇ ਦੀ ਆਪਣੀ ਕਿਰਤ ਦੇ ਨਾਲ ਸਾਂਝ ਪਾਉਂਦਿਆਂ ਸ. ਜਤਿੰਦਰ ਸਿੰਘ ਨੇ ਆਪਣੀ ਕਾਰ ਦੀ ਨੰਬਰ ਪਲੇਟ ‘ਵੱਨ (ਆਈ). ਐਮ. ਸਿੱਖ’ ਖਰੀਦੀ ਹੈ। ਪੜ੍ਹਨ ਵਿਚ ਇਹ ਨੰਬਰ ਪਲੇਟ ਆਈ. ਐਮ. ਸਿੱਖ ਕਰਕੇ ਪੜ੍ਹੀ ਜਾਂਦੀ ਹੈ। ਉਹ ਇਹ ਨੰਬਰ ਪਲੇਟ ਖਰੀਦ ਕੇ ਆਪਣੇ ਆਪ ਨੂੰ ਭਾਗਸ਼ਾਲੀ ਮੰਨਦਾ ਹੈ ਕਿ ਉਸਨੂੰ ਇਸ ਨਾਂਅ ਦੀ ਨੰਬਰ ਪਲੇਟ ਮਿਲ ਗਈ। ਇਕ ਹਜ਼ਾਰ ਤੱਕ ਖਰਚਾ ਹੋਣਾ ਉਸਦੇ ਲਈ ਕੋਈ ਮਾਅਨੇ ਨਹੀਂ ਰੱਖਦਾ ਕਿਉਂਕਿ ਜੋ ਸਿੱਖ ਹੋਣ ਦਾ ਅਨੁਭਵ ਉਹ ਪੂਰੇ ਸਫਰ ਦੌਰਾਨ ਮਹਿਸੂਸ ਕਰਦਾ ਰਹਿੰਦਾ ਹੈ ਉਸਦਾ ਕੋਈ ਮੁੱਲ ਨਹੀਂ। ਰਾਹਗੀਰ ਵੀ ਉਸਨੂੰ ਅੰਗੂਠਾ ਖੜਾ ਕਰਕੇ ‘ਲਾਈਕ’ ਦਾ ਨਿਸ਼ਾਨ ਬਣਾ ਕੇ ਉਤਸ਼ਾਹਿਤ ਕਰਦੇ ਹਨ। ਵਰਨਣਯੋਗ ਹੈ ਕਿ ਪਿਤਾ ਸ. ਵਿਰਸਾ ਸਿੰਘ ਅਤੇ ਮਾਤਾ ਸ੍ਰੀਮਤੀ ਸਵਰਨਜੀਤ ਕੌਰ ਦਾ ਇਹ ਪੁੱਤਰ ਪਹਿਲਾਂ ਵੀ ਇਕ ਵੱਡੀ ਬਿਜਲੀ ਵਿਤਰਕ ਕੰਪਨੀ ‘ਮਰਕਰੀ’ ਦੇ ਵਿਚ ਰਹਿੰਦਿਆ ‘ਵਰਲਡ ਰਿਕਾਰਡ’ ਬਣਾ ਚੁੱਕਾ ਹੈ ਅਤੇ ਕੰਪਨੀ ਨੇ ‘ਜਤਿੰਦਰ ਐਵਾਰਡ’ ਬਣਾ ਕੇ ਇਸਦੇ ਨਾਂਅ ਉਤੇ ਖਿਤਾਬ ਸ਼ੁਰੂ ਕੀਤਾ ਸੀ। ਬੀਤੇ ਕੱਲ੍ਹ ‘ਊਬਰ ਟੈਕਸੀ’ ਚਲਾਉਂਦਿਆਂ ਕੋਈ ਸਵਾਰੀ ਆਪਣਾ ਬੈਗ ਜਿਸ ਦੇ ਵਿਚ 5000 ਡਾਲਰ ਤੱਕ ਦਾ ਸਾਮਾਨ ਸੀ ਭੁੱਲ ਗਈ, ਤਾਂ ਇਸ ਨੌਜਵਾਨ ਨੇ ਊਬਰ ਕੰਪਨੀ ਨੂੰ ਇਸ ਬਾਰੇ ਦੱਸਿਆ। ਭਾਵੇਂ ਨਿਊਜ਼ੀਲੈਂਡ ਦੇ ਵਿਚ ਅਜਿਹਾ ਕਰਨਾ ਆਮ ਗੱਲ ਹੈ ਪਰ ਊਬਰ ਕੰਪਨੀ ਨੇ ਇਸ ਪ੍ਰਤੀ ਵਿਸ਼ੇਸ਼ ਤੌਰ ‘ਤੇ ਨੰਬਰ ਪਲੇਟ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਯੂ ਆਰ. ਰੀਅਲ ਸਿੱਖ ਟੂਅ’ ਜਿਸ ਨਾਲ ਉਸਨੂੰ ਇਕ ਵੱਖਰੀ ਤਰ੍ਹਾਂ ਦੀ ਖੁਸ਼ੀ ਮਿਲੀ। ਇਕ ਅਮਰੀਕਨ ਕੰਪਨੀ ‘ਬਾਰਟਰਕਾਰਡ’ ਦੇ ਵਿਚ ਬਿਜ਼ਨਸ ਡਿਵੈਲਪਰ ਵਜੋਂ ਹੁਣ ਫੁੱਲ ਟਾਈਮ ਕੰਮ ਕਰਦਿਆਂ ਇਹ ਨੌਜਵਾਨ ਆਪਣੀ ਧਰਮ ਪਤਨੀ ਸ੍ਰੀਮਤੀ ਕਰਨਬੀਰ ਕੌਰ, ਬੱਚਿਆਂ ਸਿਮਰਜੋਤ ਸਿੰਘ ਤੇ ਦਿਵਜੋਤ ਕੌਰ ਦੇ ਨਾਲ ਪਰਿਵਾਰ ਸਮੇਤ ਪਾਪਾਟੋਏਟੋਏ ਵਿਖੇ ਰਹਿ ਰਿਹਾ ਹੈ। ਸ਼ਾਲਾ! ਇਹ ਨੌਜਵਾਨ ਆਪਣਾ ਜ਼ਜਬਾ ਉਮਰ ਭਰ ਬਣਾਈ ਰੱਖੇ।