ਹਜ਼ਾਰਾਂ ਹੁੰਡਾਈ ਐਸ.ਯੂ.ਵੀ. ਕਾਰਾਂ ਦੀ ਕੰਪਨੀ ਵਿੱਚ ਵਾਪਸੀ, ਅੱਗ ਲੱਗਣ ਦਾ ਖ਼ਦਸ਼ਾ

ਸਰਕਾਰੀ ਵਾਚਡਾਗ ਨੇ ਇੱਕ ਅਹਿਮ ਫੈਸਲੇ ਰਾਹੀਂ, ਦੇਸ਼ ਵਿੱਚ ਵਿਕੀਆਂ ਹੋਈਆਂ ਹਜ਼ਾਰਾਂ ਹੀ ਹੁੰਡਾਈ ਐਸ.ਯੂ.ਵੀ. (ਫੀਜ਼) ਕਾਰਾਂ ਨੂੰ ਗ੍ਰਾਹਕਾਂ ਕੋਲੋਂ ਵਾਪਿਸ ਕੰਪਨੀ ਵਿੱਚ (ਮੁਰੰਮਤ ਆਦਿ ਵਾਸਤੇ) ਭੇਜਣ ਦਾ ਐਲਾਨ ਕੀਤਾ ਗਿਆ ਹੈ। ਵਾਚਡਾਗ ਨੇ ਆਪਣੀ ਪੜਤਾਲ ਵਿੱਚ ਪਾਇਆ ਹੈ ਕਿ 2015 ਅਤੇ 2017 ਦੌਰਾਨ ਬਣੀਆਂ ਉਕਤ ਕਾਰਾਂ ਨੂੰ ਅੱਗ ਲੱਗਣ ਦਾ ਖ਼ਤਰਾ ਹੈ ਅਤੇ ਫੇਰ ਭਾਵੇਂ ਉਹ ਚੱਲ ਵੀ ਨਾ ਰਹੀਆਂ ਹੋਣ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਰਾਂ ਦੇ ਇਲੈਕਟ੍ਰਾਨਿਕ ਐਂਟੀ ਬ੍ਰੇਕਿੰਗ ਸਿਸਟਮ (ਏ.ਬੀ.ਐਸ.) ਵਿੱਚ ਗੜਬੜੀ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਸਲਾਬ੍ਹ ਕਾਰਨ ਇਨ੍ਹਾਂ ਨੂੰ ਅੱਗ ਲੱਗ ਸਕਦੀ ਹੈ। ਇਸ ਦੇ ਤਹਿਤ 9000 ਕਾਰਾਂ ਪ੍ਰਭਾਵਿਤ ਹੋ ਰਹੀਆਂ ਹਨ।
ਚਿਤਾਵਨੀਆਂ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਡ੍ਰਾਈਵਰ ਨੂੰ ਚਾਹੀਦਾ ਹੈ ਕਿ ਉਹ ਕਾਰ ਨੂੰ ਕਿਸੇ ਖੁੱਲ੍ਹੀ ਥਾਂ ਤੇ ਲਿਜਾ ਕੇ ਖੜ੍ਹਾ ਕਰ ਦੇਵੇ ਅਤੇ ਜਲਣਸ਼ੀਲ ਵਸਤੂਆਂ ਆਦਿ ਤੋਂ ਪਰ੍ਹੇ ਰੱਖੇ।
ਕੰਪਨੀ ਵੱਲੋਂ ਹਦਾਇਤਾਂ ਹਨ ਕਿ ਕਾਰ ਦੇ ਡਿਸਪਲੇ ਵਿੱਚ ਇੱਕ ਅਲਾਰਮਿੰਗ ਸਿਗਨਲ ਲਾਈਟ ਦਿੱਤੀ ਹੋਈ ਹੈ ਜੇਕਰ ਇਹ ਕੋਈ ਇਸ਼ਾਰਾ ਕਰਦੀ ਹੈ ਤਾਂ ਤੁਰੰਤ ਕਾਰ ਨੂੰ ਸਾਈਡ ਤੇ ਲਗਾ ਦਿੱਤਾ ਜਾਵੇ ਅਤੇ ਸਥਾਨਕ ਡੀਲਰ ਨੂੰ ਸੂਚਿਤ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਸਾਲ ਜਨਵਰੀ ਦੇ ਮਹੀਨੇ ਦੌਰਾਨ 93,000 ਹੁੰਡਾਈ ਟਕਸਨਜ਼ ਕਾਰਾਂ ਦੀ ਮੁਰੰਮਤ ਆਦਿ ਵਾਸਤੇ ਵਾਪਸੀ ਕੀਤੀ ਸੀ। ਇਨ੍ਹਾਂ ਕਾਰਾਂ ਦੇ ਇੰਜਣ ਵਿੱਚ ਅੱਗ ਲੱਗਣ ਦੇ ਖ਼ਤਰੇ ਮੌਜੂਦ ਸਨ।
ਗ੍ਰਾਹਕਾਂ ਨੂੰ ਸੂਚਨਾ ਤਹਿਤ ਇਹ ਵੀ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਆਪਾਤਕਾਲੀਨ ਸਥਿਤੀ ਦੌਰਾਨ ਹੁੰਡਾਈ ਦੇ ਗ੍ਰਾਹਕ ਸੇਵਾਵਾਂ ਕੇਂਦਰ ਦੇ ਨੰਬਰ 1800 186 306 ਤੇ ਸੰਪਰਕ ਕੀਤਾ ਜਾ ਸਕਦਾ ਹੈ।