ਅੱਜ ਦੁਪਹਿਰ ਤਕਰੀਬਨ 12.20 ਮਿੰਟ ਉਤੇ ਆਕਲੈਂਡ ਸ਼ਹਿਰ ਦੇ ਕੁਈਨਜ਼ ਰੋਡ ‘ਤੇ ਸਥਿਤ ਇਕ ਸਿਖਿਆ ਸੰਸਥਾਨ ‘ਏ. ਡਬਲਿਊ. ਆਈ. ਐਜੂਕੇਸ਼ਨ ਗਰੁੱਪ’ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਘਟੀ। ਇਕ 29 ਸਾਲਾ ਪੰਜਾਬੀ ਨੌਜਵਾਨ ਜਿਸ ਦੀ ਪਹਿਚਾਣ ਅਤੇ ਨਾਂਅ ਅਜੇ ਪੁਲਿਸ ਨੇ ਗੁਪਤ ਰੱਖਣ ਲਈ ਕਿਹਾ ਹੈ, ਨੇ ਆਪਣੀ ਹੀ 23-24 ਸਾਲਾ ਪਤਨੀ ਜੋ ਕਿ ਇਸੇ ਕਾਲਜ ਦੇ ਵਿਚ ਆਈ.ਟੀ.ਲੈਵਲ-7 ਦੀ ਪੜ੍ਹਾਈ ਕਰ ਰਹੀ ਸੀ, ਦਾ ਕਾਲਜ ਦੀ ਰਿਸੈਪਸ਼ਨ ਲਾਗੇ ਹੀ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ ਇਸ ਨੌਜਵਾਨ ਨੇ ਰਿਸੈਪਸ਼ਨ ‘ਤੇ ਆ ਕੇ ਕਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਲੈਣ ਆਇਆ ਹੈ। ਕਾਲਜ ਸਟਾਫ ਨੇ ਦੱਸਿਆ ਸੀ ਕਿ ਉਸਦਾ ਅੱਜ ਪੇਪਰ ਚੱਲ ਰਿਹਾ ਹੈ। ਉਸਨੇ ਕਿਹਾ ਕਿ ਉਹ ਉਡੀਕ ਕਰ ਲੈਂਦਾ ਹੈ। ਜਦੋਂ ਹੀ ਉਹ ਪੇਪਰ ਖਤਮ ਕਰਕੇ ਬਾਹਰ ਆਈ ਤਾਂ ਉਸਨੇ ਥੋੜ੍ਹਾ ਜਿਹਾ ਪਾਸੇ ਲਿਜਾ ਕੇ ਉਸਨੂੰ ਚਾਕੂ ਨਾਲ ਮਾਰ ਦਿੱਤਾ। ਪਤਾ ਲੱਗਾ ਹੈ ਕਿ ਚਾਕੂ ਉਸਦੇ ਗਲੇ ਉਤੇ ਮਾਰਿਆ ਗਿਆ। ਇਹ ਵਿਅਕਤੀ ਕੁਝ ਸਮਾਂ ਪਹਿਲਾਂ ਹੀ ਇੰਡੀਆਂ ਤੋਂ ਇਥੇ ਆਇਆ ਦੱਸਿਆ ਜਾਂਦਾ ਹੈ ਜਦ ਕਿ ਉਸਦੀ ਪਤਨੀ ਇਥੇ ਡੇਢ ਕੁ ਸਾਲ ਤੋਂ ਰਹਿ ਰਹੀ ਸੀ। ਕੁਝ ਲੋਕਾਂ ਨੇ ਦੱਸਿਆ ਘਟਨਾ ਦੌਰਾਨ ਉਥੇ ਕਾਫੀ ਗਾਲੀ-ਗਲੋਚ ਵੀ ਹੋਇਆ, ਲਿਫਟ ਦੀ ਵਰਤੋਂ ਵੀ ਕੀਤੀ ਗਈ ਅਤੇ ਲਿਫਟ ਦੇ ਅੰਦਰ ਵੀ ਕੁੱਝ ਹੱਥੋਪਾਈ ਹੋਈ ਹੈ। ਇਸ ਘਟਨਾ ਵਿਚ ਇਕ 22 ਸਾਲਾ ਵਿਦਿਆਰਥੀ ਸਖਤ ਜ਼ਖਮੀ ਹੋਇਆ ਹੈ ਜਿਸ ਨੂੰ ਆਕਲੈਂਡ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਇਕ ਹੋਰ ਨੂੰ ਥੋੜੀਆਂ ਘੱਟ ਸੱਟਾਂ ਲੱਗੀਆਂ ਹਨ। ਮੌਕੇ ‘ਤੇ ਗਵਾਹਾਂ ਨੇ ਕਿਹਾ ਕਿ ਇਹ ਦ੍ਰਿਸ਼ ਬਹੁਤ ਹੀ ਭਿਆਨਕ ਸੀ। ਜ਼ਖਮੀ ਖੂਨ ਦੇ ਨਾਲ ਲੱਥ-ਪੱਥ ਹੋਏ ਪਏ ਸਨ।
ਨਿਊਜ਼ੀਲੈਂਡ ਪੁਲਿਸ ਨੇ 29 ਸਾਲਾ ਮੈਨੁਰੇਵਾ ਸ਼ਹਿਰ ਦੇ ਵਾਸੀ ਇਸ ਵਿਅਕਤੀ ਨੂੰ ਕਤਲ ਦੇ ਜ਼ੁਰਮ ਵਿਚ ਕੱਲ੍ਹ ਆਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕਰਨਾ ਹੈ। ਜਿਸ ਲੜਕੀ ਦਾ ਕਤਲ ਹੋਇਆ ਹੈ ਉਸਦਾ ਕੱਲ੍ਹ ਪੋਸਟ ਮਾਰਟਮ ਕੀਤਾ ਜਾਣਾ ਹੈ।