ਨਿਊਜ਼ੀਲੈਂਡ ਪੜ੍ਹਦੀ ਪਤਨੀ ਦਾ ਕਾਲਜ ਅੰਦਰ ਸ਼ਰੇਆਮ ਕਤਲ ਕਰਨ ਵਾਲੇ 29 ਸਾਲਾ ਪੰਜਾਬੀ ਪਤੀ ਨੂੰ ਉਮਰ ਕੈਦ

NZ PIC 29 Sep-1ਬੀਤੀ 22 ਮਈ ਨੂੰ ਦੁਪਹਿਰ ਤਕਰੀਬਨ 12.20 ਵਜੇ ਆਕਲੈਂਡ ਸ਼ਹਿਰ ਦੇ ਕੁਈਨਜ਼ ਰੋਡ ‘ਤੇ ਸਥਿਤ ਇਕ ਅੰਤਰਰਾਸ਼ਟਰੀ ਸਿਖਿਆ ਸੰਸਥਾਨ ‘ਏ. ਡਬਲਿਊ. ਆਈ. ਐਜੂਕੇਸ਼ਨ ਗਰੁੱਪ’ ਦੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਘਟੀ ਸੀ।  ਇਕ 29 ਸਾਲਾ ਪੰਜਾਬੀ ਨੌਜਵਾਨ ਜਿਸ ਦੀ ਪਹਿਚਾਣ ਬਾਅਦ ਵਿਚ ਮੰਦੀਪ ਸਿੰਘ ਹੋਈ ਸੀ ਨੇ ਆਪਣੀ ਹੀ  23-24 ਸਾਲਾ ਪਤਨੀ ਪਰਮਿਤਾ ਰਾਣੀ (ਜ਼ਿਲ੍ਹਾ ਮੋਗਾ) ਜੋ ਕਿ ਇਸੇ ਕਾਲਜ ਦੇ ਵਿਚ ਆਈ.ਟੀ.ਲੈਵਲ-7 ਦੀ ਪੜ੍ਹਾਈ ਕਰ ਰਹੀ ਸੀ, ਦਾ ਕਾਲਜ ਦੀ ਰਿਸੈਪਸ਼ਨ ਲਾਗੇ ਹੀ ਸ਼ਰੇਆਮ ਕਤਲ ਕਰ ਦਿੱਤਾ ਸੀ ਤੇ ਉਸਦੇ ਦੋਸਤ ਪਰਮਿੰਦਰ ਸਿੰਘ ਸੰਧੂ ਨੂੰ ਗੰਭੀਰ ਜਖਮੀ ਕਰ ਦਿੱਤਾ। ਸ਼ੁਰੂਆਤੀ ਪੜ੍ਹਤਾਲ ਦੇ ਵਿਚ ਇਸਨੇ ਆਪਣਾ ਦੋਸ਼ ਨਹੀਂ ਸੀ ਕਬੂਲ ਕੀਤਾ, ਪਰ ਬਾਅਦ ਵਿਚ ਕਰ ਲਿਆ ਸੀ। ਅੱਜ ਆਕਲੈਂਡ ਹਾਈਕੋਰਟ ਨੇ ਇਸ ਕੇਸ ਪ੍ਰਤੀ ਆਪਣਾ ਫੈਸਲਾ ਸੁਣਾਇਆ। ਮਾਣਯੋਗ ਜੱਜ ਨੇ ਸਾਰਾ ਕਿੱਸਾ ਸੁਣਦਿਆਂ 29 ਸਾਲਾ ਮੰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 13 ਸਾਲ ਤੋਂ ਪਹਿਲਾਂ ਪੇਰੈਲ ਉਤੇ ਵੀ ਬਾਹਰ ਭੇਜਣ ਦੀ ਮਨਾਹੀ ਕੀਤੀ। ਇਸ ਸਜ਼ਾ ਦੇ ਨਾਲ-ਨਾਲ ਹੀ ਪਰਮਿੰਦਰ ਸਿੰਘ ਸੰਧੂ ਨੂੰ ਇਰਾਦਾ ਕਤਲ ਦੇ ਦੋਸ਼ ਵਿਚ ਸਾਢੇ ਅੱਠ ਸਾਲ ਦੀ ਸਜ਼ਾ ਵੀ ਭੁਗਤਣੀ ਪਵੇਗੀ। ਜਦੋਂ 13 ਸਾਲ ਬਾਅਦ ਉਸਦੀ ਪੇਰੋਲ ਵਾਲੀ ਸ਼ਰਤ ਖਤਮ ਹੋ ਜਾਵੇਗੀ ਤਾਂ ਸੰਭਾਵਿਤ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ। ਅਦਾਲਤੀ ਕਾਰਵਾਈ ਸਮੇਂ ਮੰਦੀਪ ਸਿੰਘ ਭੁੱਬਾਂ ਮਾਰ ਕੇ ਰੋ ਰਿਹਾ ਸੀ। ਕਤਲ ਕੀਤੀ ਗਈ ਪਰਮਿਤਾ ਰਾਣੀ ਦੇ ਚਚੇਰੇ ਦੋ ਭਰਾ ਅਤੇ ਭੈਣ ਇੰਡੀਆ ਤੋਂ ਅੱਜ ਦੀ ਕਾਰਵਾਈ ਸੁਨਣ ਆਏ ਹੋਏ ਸਨ।
ਸਜ਼ਾ ਪ੍ਰਾਪਤ ਨੌਜਵਾਨ ਨੇ ਆਪਣੇ ਵਕੀਲ ਦੇ ਰਾਹੀਂ ਇਹ ਦੱਸਿਆ ਕਿ ਉਸਦੀ ਪਤਨੀ ਉਸਨੂੰ ਛੱਡਣਾ ਚਾਹੁੰਦੀ ਸੀ ਅਤੇ ਆਪਣੇ ਇਕ ਦੋਸਤ ਦੇ ਨਾਲ ਰਹਿਣਾ ਚਾਹੁੰਦੀ ਸੀ, ਜੋ ਕਿ ਉਸਨੂੰ ਬਰਦਾਸ਼ਤ ਨਹੀਂ ਹੋਇਆ। ਉਸਨੇ ਇਕ ਸਕੀਮ ਤਹਿਤ ਆਪਣੀ ਪਤਨੀ ਦੇ ਦੋਸਤ ਨੂੰ ਫੋਨ ਕਰਕੇ ਅਜਿਹੀ ਪੁੱਛ-ਪੜ੍ਹਤਾਲ ਵੀ ਕੀਤੀ ਸੀ। ਜਿਸ ਦਿਨ ਉਸਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਦਿਨ ਉਸਨੇ ਇਕ ਸਸਤੀ ਦੁਕਾਨ ਤੋਂ ਪੰਜ ਚਾਕੂ ਖਰੀਦੇ ਅਤੇ ਬੀਅਰ ਆਦਿ ਪੀ ਕੇ ਕਾਲਜ ਚਲਾ ਗਿਆ। ਉਸਦੀ ਪਤਨੀ ਉਸ ਵੇਲੇ ਪੇਪਰ ਦੇ ਰਹੀ ਸੀ ਅਤੇ ਉਸਨੇ ਉਸਦੇ ਆਉਣ ਦੀ ਉਡੀਕ ਕੀਤੀ। ਜਦੋਂ ਉਹ ਪੇਪਰ ਦੇ ਕੇ ਬਾਹਰ ਆਈ ਤਾਂ ਇਸ ਨੇ ਉਸਨੂੰ ਗੱਲਬਾਤ ਕਰਦਿਆਂ ਚਾਕੂਆਂ ਨਾਲ ਵਿੰਨ ਦਿੱਤਾ। ਪਰਮਿਤਾ ਰਾਣੀ ਦੇ ਬਚਾਅ ਵਿਚ ਆਏ ਉਸਦੇ ਦੋਸਤ ਪਰਮਿੰਦਰ ਸਿੰਘ ਉਤੇ ਵੀ ਮੰਦੀਪ ਸਿੰਘ ਨੇ ਵਾਰ ਕੀਤੇ ਅਤੇ ਉਸਨੂੰ ਜਖਮੀ ਕਰ ਦਿੱਤਾ। ਮੰਦੀਪ ਸਿੰਘ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਇਥੇ ਆਇਆ ਸੀ ਜਦ ਕਿ ਉਸਦੀ ਪਤਨੀ ਡੇਢ ਸਾਲ ਤੋਂ ਇਥੇ ਪੜ੍ਹਾਈ ਕਰ ਰਹੀ ਸੀ।

Install Punjabi Akhbar App

Install
×