ਮਾਮਲਾ 42 ਸਾਲਾ ਔਰਤ ਦੇ ਕਤਲ ਦਾ -ਪਾਪਾਟੋਏਟੋਏ ਵਿਖੇ ਬਿੰਦਰ ਕੌਰ ਦੇ ਕਤਲ ’ਚ ਪਤੀ ਹੀ ਦੋਸ਼ੀ

(ਔਕਲੈਂਡ)- 21 ਸਤੰਬਰ 2020 ਨੂੰ ਸਾਊਥ ਔਕਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਇਕ 42 ਸਾਲਾ ਔਰਤ ਬਿੰਦਰ ਕੌਰ ਨੂੰ ਉਸਦੇ ਘਰ ਵਿਚ ਹੀ ਮਿ੍ਰਤਕ ਅਵਸਥਾ ਦੇ ਵਿਚ ਪਾਇਆ ਗਿਆ ਸੀ, ਪੁਲਿਸ ਨੇ 4 ਦਿਨ ਦੀ ਛਾਣਬੀਣ ਬਾਅਦ 24 ਸਤੰਬਰ ਨੂੰ ਉਸਦੇ ਪਤੀ ਬਿਅੰਤ ਸਿੰਘ ਨੂੰ ਹੀ ਗਿ੍ਰਫਤਾਰ ਕਰਕੇ ਅਗਲੇ ਦਿਨ ਮੈਨੁਕਾਓ ਅਦਾਲਤ ਦੇ ਵਿਚ ਪੇਸ਼ ਕੀਤਾ ਸੀ। ਅਦਾਲਤੀ ਕੇਸ ਕਤਲ ਦਾ ਹੋਣ ਕਰਕੇ ਮਾਮਲਾ ਔਕਲੈਂਡ ਹਾਈਕੋਰਟ ਪਹੁੰਚਿਆ ਅਤੇ ਆਖਿਰ ਬਿਅੰਤ ਸਿੰਘ (49) ਨੇ ਹੁਣ ਕਬੂਲ ਲਿਆ ਹੈ ਕਿ ਇਹ ਕਤਲ ਉਸਨੇ ਹੀ ਕੀਤਾ ਸੀ। ਅਗਲੇ ਮਹੀਨੇ ਇਸ ਕੇਸ ਉਤੇ ਅਗਲੀ ਸੁਣਵਾਈ ਹੋਣੀ ਹੈ ਅਤੇ ਫਿਰ ਸਜ਼ਾ ਸੁਣਾਈ ਜਾਵੇਗੀ ਜੋ ਕਿ ਸਤੰਬਰ ਦੇ ਵਿਚ ਹੋ ਸਕਦੀ ਹੈ। ਇਸ ਜੋੜੇ ਦੇ ਕੋਈ ਔਲਾਦ ਨਹੀਂ ਸੀ।  ਬਿੰਦਰ ਕੌਰ ਦੇ ਇੰਡੀਆ ਰਹਿੰਦੇ ਪਰਿਵਾਰ ਨੂੰ ਸਜ਼ਾ ਸੁਨਾਉਣ ਵੇਲੇ ਆਡੀਓ-ਵੀਡੀਓ ਰਾਹੀਂ ਅਦਾਲਤੀ ਕਾਰਵਾਈ ਦੇ ਨਾਲ ਜੋੜੀ ਰੱਖਿਆ ਜਾਵੇਗਾ। ਮਾਣਯੋਗ ਜੱਜ ਨੇ ਬਿਅੰਤ ਸਿੰਘ ਨੂੰ ਪਹਿਲੇ ਪੜਾਅ (ਜ਼ੁਰਮ) ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਸਤੰਬਰ ਤੱਕ ਹਿਰਾਸਤ ਵਿਚ ਰੱਖਣ ਲਈ ਕਿਹਾ ਹੈ।  ਇਹ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਕੋਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਵਿਅਕਤੀ ਅਪਰਾਧ ਕਰ ਜਾਂਦਾ ਹੈ ਅਤੇ ਜਿਸ ਕੋਲ ਕੋਈ ਪਿਛਲੀ ਚੇਤਾਵਨੀ ਨਹੀਂ ਹੁੰਦੀ।  ਇੱਕ ਵਾਰ ਜਦੋਂ ਵਿਅਕਤੀ ਨੂੰ ਪਹਿਲੀ ਚੇਤਾਵਨੀ ਮਿਲ ਜਾਂਦੀ ਹੈ, ਤਾਂ ਇਹ ਉਹਨਾਂ ਦੇ ਰਿਕਾਰਡ ਵਿੱਚ ਉਦੋਂ ਤੱਕ ਲਈ ਰਹਿੰਦਾ ਹੈ ਜਦੋਂ ਤੱਕ ਅਦਾਲਤ ਦਾ ਫੈਸਲਾ ਉਸ ਪ੍ਰਤੀ ਬਦਲ ਨਹੀਂ ਜਾਂਦਾ।

Install Punjabi Akhbar App

Install
×