ਦਿੱਲੀ ‘ਚ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਦੇ ਨਾਲ ਬੈਠਕ ਤੋਂ ਪਹਿਲਾਂ ਸਾਰੇ ਹੁਰੀਅਤ ਨੇਤਾਵਾਂ ਨੂੰ ਜੰਮੂ ਕਸ਼ਮੀਰ ‘ਚ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ 23 ਅਗਸਤ ਨੂੰ ਹੁਰੀਅਤ ਨੇਤਾਵਾਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਹੈ। ਦਰਅਸਲ ਪਾਕਿਸਤਾਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ) ਪੱਧਰ ਦੀ ਗੱਲ ਬਾਤ ਨੂੰ ਪਟੜੀ ਤੋਂ ਲਾਹੁਣ ਲਈ ਇੱਕ ਵਾਰ ਫਿਰ ਅਲਗਾਵਵਾਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਤੇ ਇਸ ਸੱਦੇ ਨੂੰ ਹੁਰੀਅਤ ਨੇਤਾਵਾਂ ਨੇ ਸਵੀਕਾਰ ਵੀ ਕਰ ਲਿਆ। ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਹੀ ਭਾਰਤ ਦੇ ਐਨਐਸਏ ਅਜੀਤ ਡੋਵਲ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਰਤਾਜ ਅਜ਼ੀਜ਼ ਦੀ ਦਿੱਲੀ ‘ਚ ਅਧਿਕਾਰਕ ਬੈਠਕ ਹੋਣੀ ਹੈ। ਹਾਲਾਂਕਿ ਅਲਗਾਵਵਾਦੀ ਨੇਤਾਵਾਂ ਨਾਲ ਗੱਲਬਾਤ ਕਰਨ ਦੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਫ਼ੈਸਲੇ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ( ਐਨਐਸਏ ) ਪੱਧਰ ਦੀ ਪਹਿਲੀ ਗੱਲਬਾਤ ਤੈਅ ਪ੍ਰੋਗਰਾਮ ਦੇ ਅਨੁਸਾਰ ਅਗਲੇ ਹਫ਼ਤੇ ਹੋਵੇਗੀ।