ਸਾਰਕ ਦੇ ਰਾਹ ਦੇ ਕੰਡੇ ਚੁਗਣ ਦੀ ਲੋੜ ਹੈ

saarc3

ਜਿਵੇਂ ਜਿਵੇਂ ਦੁਨੀਆਂ ਵਿੱਚ ਵਿਕਾਸ ਹੋਇਆ ਹੈ, ਇਹ ਸੁੰਗੜਦੀ ਪ੍ਰਤੀਤ ਹੁੰਦੀ ਹੈ। ਇਹ ਇੱਕ ਪਿੰਡ ਵਰਗੀ ਬਣਦੀ ਜਾ ਰਹੀ ਹੈ। ਇਸ ਕਾਰਨ ਕਿਸੇ ਵੀ ਇੱਕ ਦੇਸ਼ ਦਾ ਹੁਣ ਇਕੱਲੇ ਰਹਿ ਕੇ ਗੁਜ਼ਾਰਾ ਨਹੀਂ ਚੱਲ ਸਕਦਾ। ਇਸ ਦੇ ਨਤੀਜੇ ਵਜੋਂ ਹੁਣ ਕਈ ਕਈ ਦੇਸ਼ ਆਪਸ ਵਿੱਚ ਮਿਲ ਕੇ ਸੰਘ (ਯੂਨੀਅਨ) ਬਣਾ ਰਹੇ ਹਨ, ਜਿਵੇਂ ਕਿ ਯੂਰਪ ਮਹਾਂਦੀਪ ਦੀ ਯੂਰਪੀ ਯੂਨੀਅਨ ਵਿੱਚ ਇਸ ਵੇਲੇ 28 ਦੇਸ਼ ਹਨ। ਕਿਸੇ ਸੰਘ ਦੇ ਸਾਰਿਆਂ ਦੇਸ਼ਾਂ ਦੀ ਆਮ ਕਰਕੇ ਇੱਕ ਸਾਂਝੀ ਵਿਦੇਸ਼ ਨੀਤੀ ਹੁੰਦੀ ਹੈ। ਆਪਸ ਵਿੱਚ ਸਰਹੱਦਾਂ ਉੱਤੇ ਲੋਕਾਂ ਦੇ ਆਉਣ ਜਾਣ ਉੱਤੇ ਕੋਈ ਰੋਕ ਨਹੀਂ ਹੁੰਦੀ ਅਤੇ ਵੀਜ਼ਾ ਆਦਿ ਨਹੀਂ ਲੈਣਾ ਪੈਂਦਾ। ਯੂਰਪੀ ਯੂਨੀਅਨ ਦੀ ਤਾਂ ਮੁਦਰਾ ( ਕਰੰਸੀ ) ਵੀ ਸਾਂਝੀ ਹੈ ਅਰਥਾਤ ਯੂਰੋ ਮੁਦਰਾ ਨੂੰ ਹੀ ਬਹੁਤੇ ਯੂਰਪੀ ਦੇਸ਼ਾਂ ਨੇ ਅਪਣਾਇਆ ਹੋਇਆ ਹੈ। ਯੂਰਪੀ ਯੂਨੀਅਨ ਵਾਂਗੂੰ ਹੀ 10 ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਨੇ ਵੀ ਮਿਲਕੇ ਇੱਕ ਸਾਂਝਾ ਸੰਗਠਨ ‘ਆਸੀਆਨ’ ਬਣਾਇਆ ਹੋਇਆ ਹੈ। ਇਹ ਦੋਵੇਂ ਸੰਗਠਨ ਅੱਜ ਦੇ ਸਮੇਂ ਵਿੱਚ ਬਹੁਤ ਹੀ ਸਫਲ ਹਨ।

ਉੱਪਰਲੇ ਦੋਹਾਂ ਸੰਗਠਨਾਂ ਦੀ ਤਰਜ਼ ਉੱਤੇ ਹੀ ਦੱਖਣ ਏਸ਼ੀਆ ਵਿੱਚ ਵੀ ਅਜਿਹਾ ਹੀ ਇੱਕ ਸੰਗਠਨ ਹੈ ਜਿਸ ਦਾ ਨਾਮ ਹੈ ਸਾਰਕ। ਇਸ ਵਿੱਚ 8 ਦੇਸ਼ ਹਨ – ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ਲੰਕਾ, ਨੇਪਾਲ, ਭੂਟਾਨ, ਮਾਲਦੀਵ ਅਤੇ ਅਫਗਾਨਿਸਤਾਨ। ਇਸ ਦਾ ਪੂਰਾ ਨਾਮ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪ੍ਰੇਸ਼ਨ ਅਰਥਾਤ ਦੱਖਣੀ ਏਸ਼ੀਆ ਦਾ ਖੇਤਰੀ ਸਹਿਯੋਗ ਸੰਗਠਨ। ਇਸ ਸੰਗਠਨ ਦੀ ਸਥਾਪਨਾ 1985 ਵਿੱਚ ਹੋਈ ਸੀ ਅਤੇ ਹੁਣ ਤੱਕ ਇਸ ਦੇ 18 ਸੰਮੇਲਨ ਹੋ ਚੁੱਕੇ ਹਨ। ਸਭ ਤੋਂ ਆਖਰੀ ਸੰਮੇਲਨ ਹੁਣੇ ਹੁਣੇ 26 ਅਤੇ 27 ਨਵੰਬਰ 2014 ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਹੋ ਕੇ ਹਟਿਆ ਹੈ। ਇਸ ਸੰਗਠਨ ਦੇ ਅੱਠ ਦੇਸ਼ ਮਿਲਕੇ ਪੂਰੀ ਦੁਨੀਆਂ ਦਾ ਤਿੰਨ ਫੀਸਦੀ ਖੇਤਰਫਲ ਅਤੇ 21 ਫੀਸਦੀ ਆਬਾਦੀ ਸਾਂਭੀ ਬੈਠੇ ਹਨ। ਇਹਨਾਂ ਵਿਚੋਂ ਵੀ ਭਾਰਤ ਅਤੇ ਪਾਕਿਸਤਾਨ ਸਭ ਤੋਂ ਵੱਡੇ ਦੇਸ਼ ਹਨ ਅਤੇ ਇਕੱਲਾ ਭਾਰਤ ਪੂਰੇ ਸਾਰਕ ਦਾ ਭੂਗੋਲਿਕ ਅਤੇ ਆਰਥਿਕ ਪੱਖੋਂ 70 ਫੀਸਦੀ ਹਿੱਸਾ ਰੱਖਦਾ ਹੈ। ਇਸ ਤੋਂ ਇਲਾਵਾ ਸਾਰੇ ਅੱਠ ਦੇਸ਼ਾਂ ਵਿਚੋਂ ਅਫਗਾਨਿਸਤਾਨ ਨੂੰ ਛੱਡ ਕੇ ਬਾਕੀ ਸਭ ਨਾਲ ਹੀ ਭਾਰਤ ਦੀ ਸੀਮਾ ਲੱਗਦੀ ਹੈ। ਬਾਕੀ ਦੇਸ਼ ਸਿਰਫ ਭਾਰਤ ਦੇ ਰਸਤੇ ਹੀ ਆਪਸ ਵਿੱਚ ਮਿਲ ਸਕਦੇ ਹਨ। ਵੇਖਿਆ ਜਾਵੇ ਤਾਂ ਇਥੇ ਹੀ ਸਾਰੀ ਸਮੱਸਿਆ ਦੀ ਜੜ੍ਹ ਹੈ।

ਭਾਰਤ ਅਤੇ ਪਾਕਿਸਤਾਨ ਦੀ ਆਪਸੀ ਦੁਸ਼ਮਣੀ ਹੀ ਇਸ ਸੰਗਠਨ ਦੀ ਸਫਲਤਾ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ। ਹੁਣ ਕਾਠਮੰਡੂ ਵਾਲੇ ਸੰਮੇਲਨ ਵਿੱਚ ਵੀ ਇਹਨਾਂ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਨੇ ਇਸਦੀ ਸਫਲਤਾ ਨੂੰ ਗ੍ਰਹਿਣ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ਼ ਵਿੱਚ ਕੋਈ ਵੀ ਗੱਲਬਾਤ ਨਹੀਂ ਹੋ ਸਕੀ। ਇਸ ਤੋਂ ਇਲਾਵਾ ਇਸ ਖਿੱਤੇ ਵਿੱਚ ਮਹਾਂ ਸ਼ਕਤੀਆਂ ਦੀ ਬੇਲੋੜੀ ਦਖਲ-ਅੰਦਾਜ਼ੀ ਵੀ ਸਮੱਸਿਆ ਨੂੰ ਵਧਾ ਰਹੀ ਹੈ। ਚੀਨ ਨੇ ਬੰਗਲਾ ਦੇਸ਼ , ਸ੍ਰੀ ਲੰਕਾ, ਮਾਲਦੀਵ ਆਤੇ ਪਾਕਿਸਤਾਨ ਰਾਹੀਂ ਭਾਰਤ ਨੂੰ ਘੇਰਨ ਦੀ ਨੀਤੀ ਅਪਣਾਈ ਹੋਈ ਹੈ। ਚੀਨ ਅਤੇ ਅਮਰੀਕਾ ਨੇ ਅੱਤਵਾਦ ਬਾਰੇ ਵੀ ਦੋਗਲੀ ਨੀਤੀ ਅਪਣਾਈ ਹੋਈ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਨੇਪਾਲ, ਅਫਗਾਨਿਸਤਾਨ ਅਤੇ ਮਾਲਦੀਵ ਆਦਿ ਵਿੱਚ ਰਾਜਨੀਤਕ ਅਸਥਿਰਤਾ ਵੀ ਇੱਕ ਵੱਡੀ ਅੜਚਨ ਹੈ। ਇੱਕ ਹੋਰ ਵੀ ਵੱਡੀ ਸਮੱਸਿਆ ਹੈ ਕਿ ਸਾਰਕ ਵਿੱਚ ਇਕੱਲਾ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਹੈ। ਪਰ ਇਸ ਦੇ ਉਲਟ ਯੂਰਪੀ ਯੂਨੀਅਨ ਅਤੇ ਆਸੀਆਨ ਵਿੱਚ ਮੈਂਬਰ ਦੇਸ਼ਾਂ ਦੀ ਤਾਕਤ ਵਿੱਚ ਇੰਨਾ ਜ਼ਿਆਦਾ ਅੰਤਰ ਨਹੀਂ।

ਸੰਭਾਵਨਾਵਾਂ :   ਜੇਕਰ ਮੈਂਬਰ ਦੇਸ਼ਾਂ ਦਾ ਆਪਸੀ ਤਨਾਅ ਖਤਮ ਹੋ ਸਕੇ ਤਾਂ ਸਾਰਕ ਦੇ ਮੈਂਬਰ ਦੇਸ਼ਾਂ ਵਿੱਚ ਸਹਿਯੋਗ ਵਧਣ ਦੀਆਂ ਅਪਾਰ ਸੰਭਾਵਨਾਵਾਂ ਹਨ। ਨੇਪਾਲ ਅਤੇ ਭੂਟਾਨ ਵਿੱਚ ਪਣ-ਬਿਜਲੀ ਪ੍ਰੋਜੈਕਟ ਚਲਾ ਕੇ ਬਾਕੀ ਦੇ ਸਾਰੇ ਦੇਸ਼ਾਂ ਵਿੱਚ ਬਿਜਲੀ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ। ਇਸੇ ਤਰਾਂ ਅਫਗਾਨਿਸਤਾਨ ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ ਪਰ ਪਾਕਿਸਤਾਨ ਉਸ ਲਈ ਸੜਕੀ ਰੂਟ ਨਹੀਂ ਮੁਹੱਈਆ ਕਰਵਾ ਰਿਹਾ। ਸਾਰਕ ਦੇਸ਼ਾਂ ਨੂੰ ਏਕੀਕ੍ਰਿਤ ਟਰਾਂਸਪੋਰਟ ਪ੍ਰਣਾਲੀ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਹਵਾਈ ਰਸਤਿਆਂ ਦੀ ਬਜਾਇ ਸੜਕੀ ਰਸਤਿਆਂ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਬਲ, ਲਾਹੌਰ, ਦਿੱਲੀ, ਢਾਕਾ ਤੋਂ ਰੰਗੂਨ ਤੱਕ ਟਰਾਂਸਪੋਰਟ ਕੋਰੀਡੋਰ ਬਣਾਉਣਾ ਚਾਹੀਦਾ ਹੈ। ਪਾਕਿਸਤਾਨ ਬਹੁਤ ਸਾਰੀਆਂ ਭਾਰਤੀ ਵਸਤਾਂ ਸਿੰਗਾਪੁਰ ਅਤੇ ਦੁਬਈ ਦੇ ਰਸਤੇ ਖਰੀਦਦਾ ਹੈ। ਇਸਦਾ ਨੁਕਸਾਨ ਤਾਂ ਦੋਹਾਂ ਹੀ ਗੁਆਂਢੀਆਂ ਨੂੰ ਹੁੰਦਾ ਹੈ। ਕੋਲੰਬੋ ਅਤੇ ਚੇਨਈ ਨੂੰ ਰੇਲਵੇ ਸਰਵਿਸ ਨਾਲ ਜੋੜਨ ਦੀ ਲੋੜ ਹੈ। ਇਸੇ ਤਰਾਂ ਨੇਪਾਲ ਅਤੇ ਭੂਟਾਨ ਨੂੰ ਭਾਰਤ ਦੇ ਰਸਤੇ ਹਵਾਈ ਕੁਨੈਕਟਿਵਟੀ ਪ੍ਰਦਾਨ ਕੀਤੀ ਜਾ ਸਕਦੀ ਹੈ।

ਜੇਕਰ ਸਾਰਕ ਵੀ ਯੂਰਪੀ ਯੂਨੀਅਨ ਵਾਂਗੂੰ ਸਫਲਤਾ ਨਾਲ ਕੰਮ ਕਰੇ ਤਾਂ ਇਹ ਦੁਨੀਆਂ ਦਾ ਇੱਕ ਬਹੁਤ ਹੀ ਤਾਕਤਵਰ ਸੰਗਠਨ ਬਣ ਸਕਦਾ ਹੈ। ਪਰ ਹਾਲਤ ਇਹ ਹੈ ਕਿ ਇਸ ਵੇਲੇ ਇਹ ਦੁਨੀਆਂ ਦਾ ਬਹੁਤ ਹੀ ਗਰੀਬ ਆਬਾਦੀ ਵਾਲਾ ਖਿੱਤਾ ਬਣਿਆ ਹੋਇਆ ਹੈ। ਇੱਕ ਦੇਸ਼ ਵਿੱਚ ਕਿਸੇ ਚੀਜ਼ ਦੀ ਥੁੜ ਨਾਲ ਲੋਕ ਮਰ ਰਹੇ ਹਨ ਤੇ ਦੂਸਰੇ ਦੇਸ਼ ਕੋਲ ਉਹ ਚੀਜ਼ ਫਾਲਤੂ ਪਈ ਸੜ ਰਹੀ ਹੈ। ਜਿਵੇਂ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿੱਚ ਜੇਕਰ ਵਪਾਰ ਵਧੇ ਤਾਂ ਇਸ ਨਾਲ ਉੱਤਰੀ ਭਾਰਤ ਅਤੇ ਖਾਸ ਕਰਕੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਇਸੇ ਤਰਾਂ ਜੇਕਰ ਪਾਕਿਸਤਾਨ ਸਾਨੂੰ ਅਫਗਾਨਿਸਤਾਨ ਵਾਸਤੇ ਰਸਤਾ ਦੇ ਦੇਵੇ ਤਾਂ ਕਿੰਨੀਆਂ ਜਰੂਰੀ ਵਸਤਾਂ ਸਾਨੂੰ ਆਸਾਨੀ ਨਾਲ ਅਤੇ ਸਸਤੀਆਂ ਮਿਲ ਸਕਦੀਆਂ ਹਨ। ਨਾਲ ਹੀ ਅਸੀਂ ਅਫਗਾਨਿਸਤਾਨ ਵਰਗੇ ਗਰੀਬ ਦੇਸ਼ ਨੂੰ ਕਿੰਨੇ ਪੱਖਾਂ ਤੋਂ ਮੱਦਦ ਦੇ ਸਕਦੇ ਹਾਂ। ਇੰਜ ਹੀ ਇਰਾਨ ਅਤੇ ਇਰਾਕ ਵਰਗੇ ਦੇਸ਼ਾਂ ਤੋਂ ਸਾਨੂੰ ਤੇਲ ਸਿੱਧਾ ਅਤੇ ਸਸਤਾ ਮਿਲ ਸਕਦਾ ਹੈ। ਤੁਰਕਮੇਨਿਸਤਾਨ ਤੋਂ ਗੈਸ ਪਾਇਪਲਾਇਨ ਮਿਲਣ ਕਰਕੇ ਸਾਡੀ ਬਿਜਲੀ ਦੀ ਸਮੱਸਿਆ ਹੱਲ ਹੋ ਸਕਦੀ ਹੈ। ਪੰਜਾਬ ਦੇ ਆਲੂ, ਕਣਕ ਅਤੇ ਬਾਸਮਤੀ ਆਦਿ ਸਿੱਧੇ ਹੀ ਕੇਂਦਰੀ ਏਸ਼ੀਆ ਅਤੇ ਖਾੜੀ ਦੇਸ਼ਾਂ ਨੂੰ ਭੇਜੇ ਜਾ ਸਕਦੇ ਹਨ। ਪਾਕਿਸਤਾਨ ਨੂੰ ਵੀ ਰਾਹਦਾਰੀ ਟੈਕਸ ਮਿਲਣ ਨਾਲ ਵਾਧੂ ਦੀ ਕਮਾਈ ਹੋ ਸਕਦੀ ਹੈ।

ਸਾਰਕ ਦੀ ਸਫਲਤਾ ਲਈ ਸੁਝਾਅ :  1- ਵੱਧ ਤੋਂ ਵੱਧ ਵਿਸ਼ਵਾਸ ਦੀ ਬਹਾਲੀ ਕੀਤੀ ਜਾਵੇ। 2- ਘੱਟੋ-ਘੱਟ ਤੀਹ ਸਾਲਾਂ ਲਈ ਕਿਸੇ ਵੀ ਯੁੱਧ ਤੋਂ ਤੌਬਾ ਕਰਨ ਦਾ ਸਮਝੌਤਾ ਕੀਤਾ ਜਾਵੇ। 3- ਅੱਤਵਾਦ ਖਿਲਾਫ਼ ਸਾਂਝਾ ਸੰਘਰਸ਼। 4- ਸਾਰੇ ਸਾਰਕ ਦੇਸ਼ ਆਪੋ-ਆਪਣੇ ਰੱਖਿਆ ਬਜਟ ਵਿੱਚ 10 ਫੀਸਦੀ ਦੀ ਕਟੌਤੀ ਕਰਨ ਅਤੇ ਉਸ ਰਕਮ ਨੂੰ ਸਾਰਕ ਦੇ ਸਾਂਝੇ ਫ਼ੰਡ ਵਿੱਚ ਪਾਉਣ। ਇਸ ਫੰਡ ਨੂੰ ਗਰੀਬੀ ਦੇ ਖਾਤਮੇ ਲਈ ਵਰਤਿਆ ਜਾਵੇ। 5- ਯੂਰਪੀ ਯੂਨੀਅਨ ਵਾਂਗੂੰ ਸਾਰੇ ਦੇਸ਼ਾਂ ਵਿੱਚ ਇੱਕ ਹੀ ਮੁਦਰਾ ਚਲਾਉਣ ਬਾਰੇ ਸੋਚਿਆ ਜਾਵੇ ਤਾਂ ਕਿ ਵਪਾਰ ਵਧ ਸਕੇ। 6- ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਆਪਸ ਵਿੱਚ ਵੀਜ਼ੇ ਦੀ ਸ਼ਰਤ ਖਤਮ ਕੀਤੀ ਜਾਵੇ। 7- ਸਾਰੇ ਦੇਸ਼ਾਂ ਦਾ ਇੱਕ ਸੰਘ ਬਣਾ ਕੇ ਅੰਦਰੂਨੀ ਸੁਤੰਤਰਤਾ ਕਾਇਮ ਰੱਖ ਕੇ ਬਾਹਰੀ ਮਾਮਲਿਆਂ ਵਿੱਚ ਇੱਕ ਹੀ ਵਿਦੇਸ਼ ਨੀਤੀ ਅਪਣਾਈ ਜਾਵੇ। 8- ਕਿਸੇ ਵੀ ਮੁੱਦੇ ਨੂੰ ਸਾਰਕ ਤੋਂ ਉੱਪਰ ਅੰਤਰ ਰਾਸ਼ਟਰੀ ਪੱਧਰ ਉੱਤੇ ਨਾ ਲਿਜਾ ਕੇ ਆਪਸ ਵਿੱਚ ਹੀ ਸੁਲਝਾਇਆ ਜਾਵੇ। 9- ਸਾਂਝੇ ਖੋਜ ਕਾਰਜ ਆਰੰਭ ਕੀਤੇ ਜਾਣ। 10- ਮਿਆਂਮਾਰ (ਬਰਮਾ) ਵਰਗੇ ਦੇਸ਼ਾਂ ਨੂੰ ਵੀ ਸਾਰਕ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਾਰਕ ਅਤੇ ਆਸੀਆਨ ਨੂੰ ਆਪਸ ਵਿੱਚ ਜੋੜਿਆ ਜਾ ਸਕੇ।

ਸਾਰਕ ਦੇ ਸਾਰੇ ਹੀ ਦੇਸ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਡੀ ਗਰੀਬੀ ਅਤੇ ਮੰਦਹਾਲੀ ਦਾ ਇਲਾਜ ਕਿਸੇ ਬਾਹਰਲੇ ਨੇ ਨਹੀਂ, ਅਸੀਂ ਖੁਦ ਹੀ ਕਰਨਾ ਹੈ। ਛੋਟੇ ਦੇਸ਼ਾਂ ਨੂੰ ਵੀ ਭਾਰਤ ਵਰਗੇ ਵੱਡੇ ਦੇਸ਼ ਨਾਲ ਵਪਾਰਕ ਸੰਬੰਧ ਬਣਾ ਕੇ ਫਾਇਦਾ ਹੀ ਹੋਣਾ ਹੈ ਨੁਕਸਾਨ ਨਹੀਂ। ਸਾਰਕ ਫੰਡ ਅਤੇ ਸਾਰਕ ਯੂਨੀਵਰਸਿਟੀ ਵਰਗੇ ਪ੍ਰਾਜੈਕਟਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਲੋੜ ਹੈ। ਜੇਕਰ ਆਪਸ ਵਿੱਚ ਵੀਜ਼ਾ ਬੰਦਿਸ਼ਾਂ ਖਤਮ ਹੋ ਜਾਣ ਤਾਂ ਇੰਨੇ ਬੇਰੁਜ਼ਗਾਰਾਂ ਨੂੰ ਇੱਕ-ਦੂਜੇ ਦੇਸ਼ ਵਿੱਚ ਰੁਜ਼ਗਾਰ ਮਿਲ ਸਕਦਾ ਹੈ। ਪਰ ਇਸ ਸਭ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਇਮਾਨਦਾਰੀ। ਗੁਆਂਢੀਆਂ ਦੇ ਘਰ ਵਿੱਚ ਅੱਗ ਲਾਉਣ ਨਾਲ ਖਤਰਾ ਸਾਡੇ ਘਰ ਨੂੰ ਵੀ ਬਰਾਬਰ ਦਾ ਹੀ ਹੁੰਦਾ ਹੈ। ਇਸ ਲਈ ਹੁਣ ਆਪਸੀ ਸਾਂਝ ਨਾਲ ਸਾਰਕ ਦੇ ਰਸਤੇ ਦੇ ਉਹ ਕੰਡੇ ਚੁਗਣ ਦੀ ਲੋੜ ਹੈ, ਜਿਹੜੇ ਹੁਣ ਤੱਕ ਬਿਗਾਨਿਆਂ ਦੀ ਸ਼ਹਿ ਉੱਤੇ, ਇਹਨਾਂ ਨੇ ਆਪ ਹੀ ਖਿਲਾਰੇ ਹਨ।

Install Punjabi Akhbar App

Install
×