ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਵੱਡੀ ਕਾਰਵਾਈ ਕਰਦਿਆਂ ਅਜਿਹੇ 500 ਤੋਂ ਵੀ ਜ਼ਿਆਦਾ ਬੈਂਕ ਖਾਤੇ ਸੀਲ ਕਰ ਦਿੱਤੇ ਹਨ ਜਿਨ੍ਹਾਂ ਦਾ ਸੰਬੰਧ ਛੋਟੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਵਾਲੇ ਵਪਾਰ ਨਾਲ ਜੁੜਿਆ ਦੱਸਿਅ ਜਾ ਰਿਹਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਕੁੱਝ ਗੈਰ-ਸਮਾਜਿਕ ਤੱਤ ਅਜਿਹੇ ਧੰਦਿਆਂ ਨਾਲ ਜੁੜੇ ਹਨ ਜੋ ਕਿ ਛੋਟੇ ਬੱਚਿਆਂ ਦਾ ਸਰੀਰਕ ਤੌਰ ਤੇ ਸ਼ੋਸ਼ਣ ਕਰਦੇ ਹਨ ਅਤੇ ਮੋਬਾਇਲ ਰਾਹੀਂ ਪਹਿਲਾਂ ਤਾਂ ਉਨ੍ਹਾਂ ਨੂੰ ਅਜਿਹੇ ਕੰਮਾਂ ਵਾਸਤੇ ਉਦਸਾਉਂਦੇ ਹਨ ਅਤੇ ਫੇਰ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਤੋਂ ਡਾਲਰ ਏਂਠਦੇ ਹਨ।
ਆਸਟ੍ਰੇਲੀਆਈ ਫੈਡਰਲ ਪੁਲਿਸ ਦੇ ਸਬੰਧਤ ਵਿਭਾਗ (Australian Centre to Counter Child Exploitation (ACCCE)) ਅਨੁਸਾਰ ਇਸ ਬਾਬਤ ਸੈਂਕੜੇ ਰਿਪੋਰਟਾਂ ਦਰਜ ਕੀਤੀਆਂ ਹੋਈਆਂ ਹਨ ਅਤੇ ਹਰ ਮਹੀਨੇ ਇਨ੍ਹਾਂ ਦੀ ਤਾਦਾਦ ਵੱਧਦੀ ਹੀ ਜਾ ਰਹੀ ਹੈ।
ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇਸਤੋਂ ਵੀ ਵੱਧ ਮਾਤਰਾ ਵਿੱਚ ਮਾਮਲੇ ਹੋ ਸਕਦੇ ਹਨ ਕਿਉਂਕਿ ਬਹੁਤ ਸਾਰੇ ਲੋਕ ਤਾਂ ਅਜਿਹੀਆਂ ਘਟਨਾਵਾਂ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ ਅਤੇ ਚੁੱਪਚਾਪ ਇਸਨੂੰ ਸਹਿਨ ਕਰਦੇ ਰਹਿੰਦੇ ਹਨ।
ਆਸਟ੍ਰੇਲੀਆਈ ਟ੍ਰਾਂਜੈਕਸ਼ਨ ਰਿਪੋਰਟਾਂ ਅਤੇ ਅਨੈਲਿਸਿਸ ਸੈਂਟਰ (Australian Transaction Reports and Analysis Centre (AUSTRAC)) ਨੇ ਏ.ਐਫ਼.ਪੀ. ਨਾਲ ਮਿਲ ਕੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਅਤੇ 500 ਤੋਂ ਵੀ ਵੱਧ ਅਜਿਹੇ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ ਜਿਨ੍ਹਾਂ ਉਪਰ ਸ਼ੱਕ ਦੀ ਸੂਈ ਜ਼ਿਆਦਾ ਸੰਕੇਤ ਕਰ ਰਹੀ ਹੈ।