ਅਮਰੀਕੀ ਸੰਸਦ ਤੇ ਹੋਇਆ ਹਮਲਾ ਬਲੈਕ ਲਾਈਵਜ਼ ਮੈਟਰ ਨਾਲ ਪ੍ਰੇਰਤ -ਮਾਈਕਲ ਮੈਕ-ਕੋਰਮੈਕ

ਹੋਈ ਨਿੰਦਾ, ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਤੁਰੰਤ ਇਸ ਬਿਆਨ ਨੂੰ ਲਵੋ ਵਾਪਿਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਸ੍ਰੀ ਮਾਈਕਲ ਮੈਕ-ਕੋਰਮੈਕ ਆਪਣੇ ਇਕ ਬਿਆਨ ਕਾਰਨ ਅੰਤਰ-ਰਾਸ਼ਟਰੀ ਪੱਧਰ ਉਪਰ ਨਿੰਦਾ ਦਾ ਪਾਤਰ ਬਣ ਗਏ ਹਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬੀਤੀ 6 ਜਨਵਰੀ ਨੂੰ ਅਮਰੀਕਾ ਦੀ ਸੰਸਦ ਉਪਰ ਕੀਤਾ ਗਿਆ ਹਮਲਾ ਬਲੈਕ ਲਾਈਵਜ਼ ਮੈਟਰ ਨਾਲ ਜੁੜਿਆ ਹੈ ਅਤੇ ਇਸ ਬਿਆਨ ਦੀ ਹਰ ਤਰਫ ਤੋਂ ਨਿੰਦਾ ਹੋਈ ਹੈ। ਐਮਨੇਸਟੀ ਇੰਟਰਨੈਸ਼ਨਲ ਇੰਡੀਜੀਨਸ ਦੇ ਨੇਤਾ ਨੋਲੈਨ ਹੰਟਰ ਨੇ ਤਾਂ ਸਿੱਧੇ ਤੌਰ ਤੇ ਸ੍ਰੀ ਮੈਕ-ਕੋਰਮੈਕ ਨੂੰ ਕਿਹਾ ਹੈ ਕਿ ਆਪਣਾ ਇਹ ਬਿਆਨ ਤੁਰੰਤ ਵਾਪਿਸ ਲਵੋ। ਐਮਨੇਸਟੀ ਨੇ ਕਿਹਾ ਕਿ ਅਮਰੀਕਾ ਦੀ ਸੰਸਦ ਉਪਰ ਹੋਇਆ ਹਮਲਾ ਤਾਂ ਉਥੋਂ ਦੇ ਚੋਣ ਹਾਰ ਚੁਕੇ ਰਾਸ਼ਟਰਪਤੀ ਟਰੰਪ ਨੇ ਸਿੱਧੇ ਤੌਰ ਤੇ ਲੋਕਾਂ ਦੀ ਭੀੜ ਨੂੰ ਉਕਸਾ ਕੇ ਕਰਵਾਇਆ ਸੀ ਅਤੇ ਬਲੈਕ ਲਾਈਵਜ਼ ਮੈਟਰ ਦਾ ਮਾਮਲਾ ਤਾਂ ਉਦੋਂ ਸ਼ੁਰੂ ਹੋਇਆ ਜਦੋਂ ਕਿ ਅਮਰੀਕਾ ਅੰਦਰ ਹੀ ਇੱਕ ਬਦ-ਦਿਮਾਗ ਪੁਲਿਸ ਵਾਲੇ ਨੇ ਇੱਕ ਸਿਆਹ ਵਿਅਕਤੀ ਨੂੰ ਆਪਣੇ ਗੋਢੇ ਥੱਲੇ ਦੇ ਕੇ ਮਾਰ ਦਿੱਤਾ ਅਤੇ ਦੁਨੀਆਂ ਭਰ ਵਿੱਚ ਸੁਹਿਰਦ ਅਤੇ ਬੁੱਧੀ-ਜੀਵੀ ਲੋਕ ਇਸ ਦੇ ਖ਼ਿਲਾਫ਼ ਖੜ੍ਹੇ ਹੋ ਗਏ ਅਤੇ ਇਸ ਨੂੰ ਉਕਤ ਸੰਗਰਾਮ ਦਾ ਨਾਅਰਾ ਦਿੱਤਾ। ਇਸ ਲਈ ਬਲੈਕ ਲਾਈਵਜ਼ ਮੈਟਰ ਦੇ ਅਹਿੰਸਕ ਅਤੇ ਸ਼ਾਂਤੀਪ੍ਰਿਯ ਯੁੱਧ ਨੂੰ ਅਮਰੀਕਾ ਦੀ ਸੰਸਦ ਉਪਰ ਹੋਏ ਹਮਲੇ ਨਾਲ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਸੰਸਦ ਅੰਦਰ ਤਾਂ ਆਮ ਕੰਮਕਾਜ ਹੋ ਰਿਹਾ ਸੀ ਅਤੇ ਟਰੰਪ ਦੇ ਇੱਕ ਭੜਕਾਊ ਬਿਆਨ ਕਾਰਨ ਉਸ ਦੇ ਸਮਰਥਕਾਂ ਨੇ ਭੜਕ ਕੇ ਸੰਸਦ ਉਪਰ ਹਮਲਾ ਕਰ ਦਿੱਤਾ ਅਤੇ ਦੁਨੀਆ ਦੀ ਸਭ ਤੋਂ ਸੁਰੱਖਿਅਤ ਸੰਸਦ ਦੇ ਅੰਦਰ ਵੜ੍ਹ ਕੇ ਲੋਕਾਂ ਨੇ ਉਤਪਾਤ ਮਚਾ ਦਿੱਤਾ ਅਤੇ ਇਸ ਵਿੱਚ ਚਾਰ ਲੋਕਾਂ ਦੀ ਮੌਤ ਵੀ ਹੋ ਗਈ। ਸ੍ਰੀ ਨੋਲੈਨ ਨੇ ਇਹ ਵੀ ਕਿਹਾ ਕਿ ਸ੍ਰੀ ਮੈਕ-ਕੋਰਮੈਕ ਵਰਗੇ ਗੋਰੇ ਲੋਕ, ਆਸਟ੍ਰੇਲੀਆ ਵਿੱਚ ਰਹਿੰਦੇ ਕਾਲਿਆਂ (ਇੰਡੀਜੀਨਸ) ਨੂੰ ਆਪਣੇ ਨਾਲ ਨਹੀਂ ਰਲ਼ਾ ਸਕਦੇ ਤਾਂ ਇਹ ਉਨ੍ਹਾਂ ਦਾ ਦਰਦ ਕੀ ਸਮਝਣਗੇ….? ਆਸਟ੍ਰੇਲੀਆ ਅੰਦਰ ਵੀ ਆਹੀ ਕੁੱਝ ਹੋ ਰਿਹਾ ਹੈ। ਇੰਡੀਜੀਨਸ ਲੋਕਾਂ ਦਾ ਕੋਈ ਖ਼ੈਰ-ਖ਼ੁਆ ਨਹੀਂ ਅਤੇ ਦੂਸਰੇ ਲੋਕਾਂ ਦੀ ਤੁਲਨਾ ਵਿੱਚ ਇੰਡੀਜੀਨਸਾਂ ਨੂੰ ਪੂਰਨ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਉਹ ਗੋਰਿਆਂ ਦੇ ਮੁਕਾਬਲਤਨ ਜਲਦੀ ਆਪਣੀ ਜ਼ਿੰਦਗੀ ਸਮਾਪਤ ਕਰ ਜਾਂਦੇ ਹਨ ਅਤੇ ਜਿਹੜੇ ਬਚ ਜਾਂਦੇ ਹਨ ਤਾਂ ਗੋਰੇ ਊਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾ ਕੇ ਰੱਖ ਲੈਂਦੇ ਹਨ ਅਤੇ ਇਸ ਵਾਸਤੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਵੀ ਡੱਕ ਦਿੱਤਾ ਜਾਂਦਾ ਹੈ। ਸ੍ਰੀ ਨੋਲੈਨ ਤੋਂ ਇਲਾਵਾ ਪ੍ਰੋਫੈਸਰ ਜੈਸਿੰਟਾ ਐਲਸਟਨ ਜੋ ਕਿ ਮੋਨਾਸ਼ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਵੀ ਹਨ ਅਤੇ ਇੰਡੀਜੀਨਸ ਵੀ ਹਨ, ਨੇ ਵੀ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਘੋਰ ਨਿੰਦਾ ਕੀਤੀ ਹੈ।

Install Punjabi Akhbar App

Install
×