ਜੇ ਨਹਿਰੂ ਤੇ ਗਾਂਧੀ ਚਾਹੁੰਦੇ ਤਾਂ ਅੱਜ ਮਨੁੱਖੀ ਅਧਿਕਾਰ ਦਿਵਸ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਇਆ ਜਾਂਦਾ: ਭਾਈ ਪੰਥਪ੍ਰੀਤ ਸਿੰਘ

Snap01ਜੇਕਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ 1 ਜਨਵਰੀ 1948 ਨੂੰ ਇਮਾਨਦਾਰੀ ਨਾਲ ਯੂ.ਐਨ.ਓ. ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਦਾ ਪੱਖ ਰੱਖਦੇ ਤਾਂ ਅੱਜ ਤੱਕ ਮਨੁੱਖੀ ਅਧਿਕਾਰ ਦਿਵਸ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਉਣਾ ਸ਼ੁਰੂ ਹੋ ਜਾਂਦਾ। ਪੰਥਕ ਵਿਦਵਾਨ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਚੱਲ ਰਹੇ 3 ਰੋਜ਼ਾ ਮਹਾਨ ਗੁਰਮਤਿ ਸਮਾਗਮਾਂ ਦੇ ਦੂਜੇ ਦਿਨ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਿਆਸੀ ਲੀਡਰ ਮੁੱਢ-ਕਦੀਮ ਤੋਂ ਹੀ ਸਿੱਖ ਕੌਮ ਨਾਲ ਵਿਤਕਰਾ ਕਰਦੇ ਆ ਰਹੇ ਹਨ। ਗੁਰੂ ਜੀ ਦੀ ਸ਼ਹੀਦੀ ਦੇ ਪੰਨੇ ਫ਼ਰੋਲਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਮੰਦਰ ਢਹਿੰਦੇ ਸੀ, ਜਨੇਊ ਉਤਾਰੇ ਜਾ ਰਹੇ ਸਨ ਤਾਂ ਉਦੋਂ ਕੋਈ ਵੀ ਰਾਜਪੂਤ ਜਾਂ ਮਰਹੱਟਾ ਸਾਹਮਣੇ ਨਾ ਆਇਆ। ਉਸ ਸਮੇਂ ਫ਼ਰਿਆਦੀ ਬਣ ਕੇ ਆਏ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸਾਡਾ ਤੁਹਾਡੇ ਦੇਵੀ-ਦੇਵਤਿਆਂ ਜਾਂ ਮੂਰਤੀ ਪੂਜਾ ਨਾਲ ਕੋਈ ਸਬੰਧ ਨਹੀਂ ਤੇ ਅਸੀਂ ਤੁਹਾਡੀ ਵਿਚਾਰਧਾਰਾ ਨਾਲ ਵੀ ਬਿਲਕੁਲ ਸਹਿਮਤ ਨਹੀਂ ਪਰ ਫ਼ਿਰ ਵੀ ਤੁਹਾਡੇ ਵਿਚਾਰਾਂ ਦੀ ਰਾਖੀ ਲਈ ਜਾਨ ਦੀ ਬਾਜੀ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਦੀ ਵਿਚਾਰਧਾਰਾ ਬਚਾਉਣ ਲਈ ਕੁਰਬਾਨੀ ਦਿੱਤੀ, ਉਨ੍ਹਾਂ ਨੂੰ ਗੁਰੂ ਜੀ ਦੇ ਅਹਿਸਾਨ ਕਦੇ ਨਹੀਂ ਭੁਲਾਉਣੇ ਚਾਹੀਦੇ ਪਰ ਅਜੋਕੇ ਸਮੇਂ ‘ਚ ਅਕ੍ਰਿਤਘਣ ਲੋਕਾਂ ਦੀ ਬਹੁਤਾਤ ਹੁੰਦੀ ਜਾ ਰਹੀ ਹੈ।

ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਗੁਰੂ ਤੇਗ ਬਹਾਦਰ ਜੀ ਦੀ ਸਪਸ਼ਟਤਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਹੁਣ ਪੰਥ ਦੇ ਨਾਂਅ ‘ਤੇ ਵੋਟ ਰਾਜਨੀਤੀ ਕਰਕੇ ਕਈ ਚੌਧਰੀ ਕਿਸਮ ਦੇ ਲੋਕ ਗੋਲ-ਮੋਲ ਗੱਲਾਂ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਗੋਲ-ਮੋਲ ਗੱਲਾਂ ਸਿਰਫ਼ ਸੁਆਰਥੀ ਲੋਕ ਹੀ ਕਰਦੇ ਹਨ ਭਾਵੇਂ ਸਮੇਂ ਦੇ ਹਾਕਮਾਂ ਨੇ ਗੁਰੂ ਸਾਹਿਬਾਨ ਲਈ ਸ਼ਾਮ, ਦਾਮ, ਦੰਡ, ਭੇਦ ਦੇ ਹਰੇਕ ਢੰਗ ਵਰਤੇ, ਰਾਜਨੀਤੀ ਦੇ ਦਾਅ-ਪੇਚ ਖੇਡੇ ਪਰ ਉਹ ਗੁਰੂ ਜੀ ਨੂੰ ਉਨ੍ਹਾਂ ਦੇ ਅਕੀਦੇ ਤੋਂ ਡੁਲਾ ਨਾ ਸਕੇ ਪਰ ਅਜੋਕੇ ਸਮੇਂ ‘ਚ ਪੰਥ ਵਿਰੋਧੀ ਤਾਕਤਾਂ ਸ਼ਾਮ, ਦਾਮ, ਦੰਡ, ਭੇਦ ਰਾਹੀਂ ਪੰਥ ਦਾ ਨੁਕਸਾਨ ਕਰ ਰਹੀਆਂ ਹਨ। ਬਾਬੇ ਨਾਨਕ ਦੀ ਬਾਣੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੁਰਬਾਣੀ ਦਾ ਤਿੱਖਾਪਣ ਸਾਡੀ ਬਿਮਾਰੀ ਅਤੇ ਬੁਰਿਆਈ ਦਾ ਇਲਾਜ ਕਰਦਾ ਹੈ, ਕਦੇ ਵੀ ਗੁਰਬਾਣੀ ਦੇ ਤਿੱਖ਼ੇਪਣ ਦੇ ਗਲਤ ਅਰਥ ਨਾ ਕੱਢੋ। ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਤਨਾਮ ਸਿੰਘ ਚੰਦੜ ਨੇ ਗੁਰਬਾਣੀ ਦੀ ਕਸਵੱਟੀ ‘ਤੇ ਜੀਵਨ ਜਿਉਣ ਦਾ ਢੰਗ ਦੱਸਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ਪਰ ਕੁਝ ਕੁ ਅਖ਼ੌਤੀ ਪ੍ਰਚਾਰਕਾਂ ਨੇ ਗੁਰਬਾਣੀ ਨੂੰ ਪੂਜਨ ਦੀ ਸ਼ੈਅ ਬਣਾ ਕੇ ਤੇ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਸੰਗਤਾਂ ਨੂੰ ਭੰਬਲਭੂਸੇ ‘ਚ ਪਾ ਕੇ ਰੱਖ ਦਿੱਤਾ ਤੇ ਇਹ ਸਿਲਸਿਲਾ ਅਜੇ ਵੀ ਨਿਰੰਤਰ ਜਾਰੀ ਹੈ। 3 ਰੋਜ਼ਾ ਗੁਰਮਤਿ ਸਮਾਗਮਾਂ ਦੀ ਜਿੰਮੇਵਾਰੀ ਨਿਭਾਅ ਰਹੇ ਬਸੰਤ ਸਿੰਘ ਢਿੱਲੋਂ, ਮਾ.ਪਰਮਜੀਤ ਸਿੰਘ, ਰਵਿੰਦਰ ਸਿੰਘ, ਸੁਖਚੈਨ ਸਿੰਘ ਬੂਟਾ, ਮਲਕੀਤ ਸਿੰਘ, ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਸਵੇਰੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ 38 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।

(ਗੁਰਿੰਦਰ ਸਿੰਘ ਮਹਿੰਦੀਰੱਤਾ)

Install Punjabi Akhbar App

Install
×