ਕੋਵਿਡ19 – ਅੰਤਰ-ਰਾਸ਼ਟਰੀ ਹੱਦਾਂ ਤੋਂ ਪਾਰ ਫੈਲਦੀਆਂ ਮਹਾਂਮਾਰੀਆਂ ਚ ਮਨੁੱਖ-ਪਸ਼ੂ ਤਾਲਮੇਲ ਦਾ ਵਿਗਿਆਨ

ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਦੁਨੀਆਂ ਭਰ ਵਿੱਚ  ਕੋਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਵਿਗਿਆਨ ਨੂੰ  ਕਟਿਹਰੇ ਚ ਲਿਆ ਖੜਾ ਕੀਤਾ ਹੈ । ਹੁਣ ਤੱਕ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ (ਜੂਨੋਟਿਕ ਬਿਮਾਰੀਆਂ) ਤੇ ਕੇਂਦਰਤ ਵਿਗਿਆਨ ਦੀ ਸ਼ਾਖਾ ਅਣਗੌਲੇ ਰੂਪ ਵਿੱਚ ਦੇਖੀ ਜਾਂਦੀ ਸੀ। ਕੋਵਿਡ-19 ਬਿਮਾਰੀ  ਜਾਨਵਰਾਂ ਤੋਂ ਮਨੁੱਖਾਂ ਵਿੱਚ ਆਈ ਵੱਡੀ ਅਲਾਮਤ ਬਣੀ ਹੈ । ਕੋਰੋਨਾ ਵਾਇਰਸ ਭਾਵ ਕੋਵਿਡ-19, ਮਹਾਂਮਾਰੀ ਨੂੰ ਪਲੇਗ,ਸਾਰਸ(ਕੋਵ) ਅਤੇ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਦੀ ਕੋਰੋਨਾ ਬਿਮਾਰੀ (ਐਮ.ਈ.ਆਰ.ਐਸ) ਦੀਆਂ ਪਹਿਲਾਂ ਆ ਚੁੱਕੀਆਂ ਮਹਾਂਮਾਰੀਆਂ ਦੇ ਸੰਦਰਭ ਵਿੱਚੋਂ ਸਮਝਿਆ ਜਾ ਸਕਦਾ ਹੈ ਕਿਉਂਕਿ ਇਹ ਸਾਰੀਆਂ ਕੋਵਿਡ-19 ਵਾਂਗ ਪਸ਼ੂ ਆਧਾਰਿਤ ਸ਼ੁਰੂਆਤ ਵਜੋ ਸਾਹਮਣੇ ਆਈਆਂ  । ਪਸ਼ੂਆਂ ਤੋਂ ਸ਼ੁਰੂ ਹੋ ਇਹ ਅਲਾਮਤਾਂ  ਅੰਤਰ-ਰਾਸ਼ਟਰੀ ਸਰਹੱਦਾਂ ਤੋ ਪਾਰ ਮਨੁੱਖ ਤੋਂ ਮਨੁੱਖ ਦਰਮਿਆਨ ਫੈਲੀਆਂ । ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਚੀਨ ਵਿੱਚੋਂ ਚੂਹਿਆਂ ਤੋਂ ਚੱਲੀ ਪਲੇਗ ਦੀ ਤੀਜੀ ਮਹਾਂਮਾਰੀ ਨੇ ਚੀਨ ਵਿੱਚ 2.2 ਮਿਲੀਅਨ ਮੌਤਾਂ ਦੇ ਨਾਲ ਬ੍ਰਿਟਿਸ਼ ਰਾਜ ਵਿੱਚ 22.5 ਮਿਲੀਅਨ ਲੋਕਾਂ ਦੀ ਜਾਨ ਲਈ । 2002-03 ਵਿੱਚ ਦੱਖਣੀ ਚੀਨ ਦੇ ਗੁਆਂਗਡਾਨ ਸੂਬੇ ਚੋਂ ਇੱਕ ਬਿੱਲੀ ਦੀ ਕਿਸਮ ਤੋਂ ਸ਼ੁਰੂ ਹੋਈ ਮੰਨੀ ਜਾਂਦੀ  ਕੋਰੋਨਾ ਵਾਇਰਸ ( ਸਾਰਸ-ਕੋਵ) ਦੀ ਬਿਮਾਰੀ, ਪੀੜਤ 12 ਫੀਸਦੀ ਲੋਕਾਂ ਦੀ ਮੌਤ ਦਾ ਕਾਰਨ ਬਣੀ । 2012 ਵਿੱਚ ਵੀ ਸਾਊਦੀ ਅਰਬ ਵਿੱਚ ਊਠਾਂ ਤੋਂ ਸ਼ੁਰੂ ਹੋਈ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਦੀ ਕੋਰੋਨਾ ਬਿਮਾਰੀ ਮੁੱਢਲੇ ਦੇਸ਼ ਅਰਬ ਮਹਾਂਦੀਪ ਤੋਂ ਬਾਹਰ ਕੋਰੀਆ ਸਮੇਤ ਕਈ  ਦੂਸਰੇ ਦੇਸ਼ਾਂ ਵਿੱਚ ਵੀ ਪ੍ਰਕੋਪ ਦਾ ਕਾਰਨ ਬਣੀ । ਇਸ ਲਈ ਮਨੁੱਖਾਂ ਵਿੱਚ ਆਉਂਦੀਆਂ ਬਿਮਾਰੀਆਂ ਨੂੰ ਪਸ਼ੂਆਂ ਦੇ ਪੱਧਰ ਤੇ ਨਿਗਰਾਨੀ ਵਿੱਚ ਰੱਖਣਾ ਸਮੇਂ ਦੀ ਮੁੱਢਲੀ ਜਰੂਰਤ ਜਾਪਣ ਲੱਗਾ ਹੈ ।

2018 ਵਿੱਚ ਅਫਰੀਕਨ ਸਵਾਈਨ ਫੀਵਰ ਨਾਲ ਵਿਸ਼ਵ ਦੀ 25 ਫੀਸਦੀ ਸੂਰ ਆਬਾਦੀ ਦੇ ਖਤਮ ਹੋ ਜਾਣ ਤੋਂ ਬਾਅਦ ਕੋਵਿਡ-19 ਨਾਲ ਦੋ ਲੱਖ ਵਿਅਕਤੀਆਂ ਦੇ ਮਰਨ ਨਾਲ ਸੰਬੰਧਤ ਮਹਾਂਮਾਰੀ ਨੇ ਇਸ ਮਨੁੱਖ-ਪਸ਼ੂ ਤਾਲਮੇਲ ਆਧਾਰਤ ਗੰਭੀਰ ਜਰੂਰਤ ਦਾ ਧਿਆਨ ਖਿੱਚਿਆ ਹੈ । ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਅੰਤਰ ਰਾਸ਼ਟਰੀ ਹੱਦਾਂ ਤੋਂ ਪਾਰ ਫੈਲਣ ਵਾਲੀਆਂ ਬਿਮਾਰੀਆਂ ਦੇ ਕਈ ਕਾਰਨ ਦੇਖੇ ਜਾ ਰਹੇ ਹਨ । ਇੰਨਾਂ ਵਿੱਚ ਵਧਦੀ ਆਬਾਦੀ, ਸ਼ਹਿਰੀਕਰਣ, ਜਮੀਨ ਵਰਤੋਂ ਵਿੱਚ ਬਦਲਾਅ, ਜੰਗਲਾਤ ਸਥਾਨਾਂ ਤੇ ਕਬਜਾ ਅਤੇ  ਵਿਸ਼ਵ ਪੱਧਰ ਤੇ ਵਧ ਰਹੀ ਹਵਾਈ ਯਾਤਰਾ ਆਦਿ ਹਨ ।  ਅੰਤਰ-ਰਾਸ਼ਟਰੀ ਹੱਦਾਂ ਤੋਂ ਪਾਰ ਫੈਲਦੀਆਂ ਇਹਨਾਂ ਮਹਾਂਮਾਰੀਆਂ ਦਾ ਦੁਨੀਆਂ ਦੀ ਆਰਥਿਕਤਾ ਅਤੇ ਮਨੁੱਖਤਾ ਦੀ ਸਿਹਤ ਬਹੁਤ ਗੰਭੀਰ ਅਸਰ ਹੁੰਦਾ ਹੈ ਜਿਵੇਂ ਹੁਣ ਕੋਵਿਡ-19 ਨਾਲ ਸਾਹਮਣੇ ਆਇਆ ਹੈ । ਇਸ ਲਈ ਮਨੁੱਖਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਮਨੁੱਖਾਂ ਵਿੱਚ ਫੈਲਣ ਤੋਂ ਪਹਿਲਾਂ ਇਨਾਂ ਬਿਮਾਰੀਆਂ ਅਤੇ ਜਰਾਸੀਮਾਂ ਨੂੰ ਪਾਲਤੂ ਅਤੇ ਜੰਗਲੀ ਜਾਨਵਰਾਂ ਵਿੱਚ ਮਾਪਣਾ ਹੋਵੇਗਾ । ਵਿਸ਼ਵ ਪੱਧਰ ਤੇ ਇਹ ਪਹਿਲਕਦਮੀ ਆਸਟ੍ਰੇਲੀਆ ਨੇ ਕਰਨ ਦਾ ਐਲਾਨ ਕੀਤਾ ਹੈ । ਦੁਨੀਆਂ ਭਰ ਨੂੰ ਭਵਿੱਖ ਵਿੱਚ ਸਿਹਤ ਮਹਾਂਮਾਰੀਆਂ ਤੋਂ ਬਚਾਉਣ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੱਖਣ-ਪੂਰਬੀ ਏਸ਼ੀਆ ਵਿੱਚ ਵਿਅਕਤੀਆਂ ਨੂੰ “ ਪਸ਼ੂ ਬਿਮਾਰੀ ਨਿਗਰਾਨ ” ਵਜੋਂ ਸਿੱਖਿਅਤ ਕਰਨਗੀਆਂ। ਇਹ ਨਿਗਰਾਨ ਪਸ਼ੂਆਂ ਵਿੱਚ ਸੰਭਾਵਤ ਨਵੀਆਂ ਬਿਮਾਰੀਆਂ ਅਤੇ ਜਰਾਸੀਮਾਂ ਦੀ ਪਛਾਣ ਅਤੇ ਕਿਸੇ ਵੀ ਕਿਸਮ ਦੇ ਪ੍ਰਕੋਪ ਨੂੰ ਕਾਬੂ ਕਰਨ ਲਈ ਕਾਰਗਰ ਸਿੱਧ ਹੋਣਗੇ । ਇਸ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੀਆਂ ਸਿਡਨੀ, ਮੈਲਬਰਨ, ਕੂਈਨਜਲੈਂਡ,ਐਡੀਲੇਡ, ਚਾਰਲਸ ਸਟੂਅਰਟ, ਮਰਡਕ, ਜੇਮਜ ਕੁੱਕ ਤੋਂ ਇਲਾਵਾ ਮੈਸੀ ਯੂਨੀਵਰਸਿਟੀ ਨਿਊਜੀਲੈਂਡ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਨਸੋਟਾ ਸ਼ਾਮਲ ਹਨ ।

ਆਸਟ੍ਰੇਲੀਆ ਦੇ ਵਿਗਿਆਨੀਆਂ ਦੀ ਇਸ ਪਹਿਲਕਦਮੀ ਨੂੰ ਪੂਰੇ ਵਿਸ਼ਵ ਭਰ ਵਿੱਚ ਭਵਿੱਖ ਵਿੱਚ ਮਨੁੱਖਾਂ ਨੂੰ ਕਿਸੇ ਵੱਡੀ ਸਿਹਤ ਮੁਸੀਬਤ ਤੋਂ ਬਚਾਉਣ ਦੇ ਮਾਨਵਵਾਦੀ ਯਤਨਾਂ ਦੀ ਸ਼ੁਰੂਆਤ ਵਜੋ ਦੇਖਿਆ ਜਾ ਰਿਹਾ ਹੈ । ਇਸ ਵੱਡੇ ਉਪਰਾਲੇ ਵਿੱਚ ਜਿਹੜੀ ਸਭ ਤੋ ਸਕੂਨ ਅਤੇ ਮਾਣ ਦੇਣ ਵਾਲੀ ਗੱਲ ਹੈ, ਉਹ ਇਹ ਹੈ ਕਿ ਵਿਸ਼ਵ ਪੱਧਰੀ ਇਸ ਪਹਿਲਕਦਮੀ ਦੀ ਅਗਵਾਈ ਇੱਕ ਭਾਰਤੀ ਪੰਜਾਬੀ ਨੌਜਵਾਨ ਡਾ. ਨਵਨੀਤ ਢੰਡ ਕਰ ਰਿਹਾ ਹੈ । ਸਮਰਾਲੇ ਨੇੜਲੇ ਪਿੰਡ ਸਿਹਾਲਾ ਦਾ ਵਸਨੀਕ ਪੰਜਾਬੀ ਆਸਟ੍ਰੇਲੀਅਨ ਡਾ. ਨਵਨੀਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਵੈਟਰਨਰੀ ਵਿਗਿਆਨ ਵਿੱਚ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਹੈ, ਜੋ ਹੁਣ ਯੂਨੀਵਰਸਿਟੀ ਆਫ ਸਿਡਨੀ ਦੇ ਸਕੂਲ ਆਫ ਵੈਟਰਨਰੀ ਸਾਇੰਸ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਤਾਇਨਾਤ ਹੈ । ਡਾ. ਨਵਨੀਤ ਦੱਸਦੇ ਹਨ ਕਿ ਚੀਨ ਦੀ ਵੂਹਾਨ ਮਾਰਕੀਟ ਤੋਂ ਚਮਗਾਦੜ ਦੇ ਜਰੀਏ ਕੋਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਇਹ ਸਮਝਣ ਲਈ ਕਾਫੀ ਹੈ ਕਿ ਜਿਆਦਾਤਰ ਉਭਰਨ ਵਾਲੀਆਂ ਛੂਤ ਦੀਆਂ ਬਿਮਾਰੀਆਂ ਜੂਨੋਟਿਕ ਭਾਵ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ । ਇਸ ਲਈ ਉਹ ਕਹਿੰਦੇ ਹਨ ਕਿ “ ਜੇ ਤੁਸੀਂ ਭਵਿੱਖ ਵਿੱਚ ਇਸ ਤਰਾਂ ਦੀਆਂ ਬਿਮਾਰੀਆਂ ਦੀਆਂ ਮਹਾਂਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਨੁੱਖਾਂ ਤੋਂ ਅਗਾਂਹ ਸੋਚਣਾ ਪਵੇਗਾ। ਤੁਹਾਨੂੰ ਪਾਲਤੂ ਅਤੇ ਜੰਗਲੀ ਜਾਨਵਰਾਂ ਵਿੱਚ ਇਹਨਾਂ ਵਾਇਰਸ ਜਾਂ ਜਰਾਸੀਮਾਂ ਨੂੰ ਲੱਭਣਾ ਪਵੇਗਾ । ਇਸ ਕਾਰਜ ਨੂੰ ਪੂਰਾ ਕਰਨ ਲਈ ਪਸ਼ੂਆਂ ਦੀਆਂ ਬਿਮਾਰੀਆਂ ਤੇ ਨਿਗਰਾਨੀ ਰੱਖਣ ਲ਼ਈ ਸਿੱਖਿਅਤ ਪਸ਼ੂ ਸਿਹਤ ਸੰਭਾਲ ਫੌਜ ਤਿਆਰ ਕਰਨੀ ਹੋਵੇਗੀ । ਇਹ ਪਸ਼ੂ ਬਿਮਾਰੀ ਨਿਗਰਾਨ ਦੀ ਫੌਜ ਛੂਤ ਦੀਆਂ ਬਿਮਾਰੀਆਂ ਨੂੰ ਲੱਭਣ ਲਈ ਪੁਲੀਸ ਨਿਗਰਾਨ ਜਾਂ ਜਾਸੂਸ ਦਾ ਭਾਂਤੀ ਮੰਨੀ ਜਾਵੇਗੀ, ਜੋ ਭਵਿੱਖ ਵਿੱਚ ਵੱਡੇ ਪ੍ਰਕੋਪ ਦਾ ਕਾਰਨ ਬਨਣ ਵਾਲੇ ਬਿਮਾਰੀਆਂ ਦੇ ਕਣਾਂ ਦਾ ਪਤਾ ਲਗਾਵੇਗੀ । ਪ੍ਰੰਤੂ ਜੇ ਇਹ ਬਿਮਾਰੀਆਂ ਦੇ ਕਣ ਜਾਂ ਜਰਾਸੀਮ ਵੱਡੀ ਮਹਾਂਮਾਰੀ ਦਾ ਕਾਰਨ ਬਣ ਵੀ ਜਾਂਦੇ ਹਨ ਤਾਂ ਪੁਲਿਸ ਜਾਸੂਸਾਂ ਵਾਂਗ ਇਹ ਪਸ਼ੂ ਬਿਮਾਰੀ ਨਿਗਰਾਨ ਮਹਾਂਮਾਰੀ ਦੇ ਨੁਕਸਾਨ ਨੂੰ ਘਟਾਉਣ ਵਿੱਚ ਵੱਡਾ ਰੋਲ ਨਿਭਾ ਸਕਣਗੇ ।” ਡਾ. ਢੰਡ ਕਹਿੰਦੇ ਹਨ ਕਿ ਇਸ ਪ੍ਰੋਗਰਾਮ ਨਾਲ ਸਾਡਾ ਉਦੇਸ਼ ਦੇਸ਼ਾਂ ਦੀਆਂ ਵੈਟਰਨਰੀ ਸੰਸਥਾਵਾਂ ਨੂੰ ਪਸ਼ੂਆਂ ਦੀ ਸਿਹਤ ਪੈਟਰਨ ਵਿੱਚ ਆਉਂਦੀ ਕਿਸੇ ਵੀ ਤਬਦੀਲੀ ਦੀ ਨਿਗਰਾਨੀ ਲਈ ਮੱਦਦ ਕਰਨਾ ਹੈ ਤਾਂ ਕਿ ਕਿਸੇ ਵੀ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਹੀ ਰੋਕਣ ਸੰਬੰਧੀ ਤਰੀਕਿਆਂ ਨੂੰ ਅਪਨਾਇਆ ਜਾ ਸਕੇ ।

ਦੱਸਣਯੋਗ ਹੈ ਕਿ ਇਸ ਆਸਟ੍ਰੇਲੀਆ ਦੇ ਵਿਦੇਸ਼ ਮਾਮਲੇ ਅਤੇ ਟਰੇਡ ਵਿਭਾਗ ਦੁਆਰਾ 4.3 ਮਿਲੀਅਨ ਡਾਲਰ ਦੀ ਗ੍ਰਾਂਟ ਵਾਲੇ ਇਸ ਪ੍ਰੋਗਰਾਮ ਨੂੰ ਪਹਿਲੀ ਪੱਧਰ ਤੇ ਕੰਬੋਡੀਆ, ਫਿਜੀ, ਇੰਡੋਨੇਸ਼ੀਆ,ਲਾਓਸ,ਮਿਆਂਮਾਰ,ਪਾਪੂਆ ਨਿਊ ਗਿਨੀਜ, ਫਿਲਪੀਨਜ, ਸੋਲੋਮਨ ਆਈਂਲੈਂਡ,ਤੈਮੂਰ ਅਤੇ ਵੀਅਤਨਾਮ ਆਦਿ ਦੇਸ਼ਾਂ ਵਿੱਚ ਆਉਣ ਵਾਲੇ ਤਿੰਨ ਸਾਲਾਂ ਲਈ ਚਲਾਇਆ ਜਾਵੇਗਾ । ਇੰਨਾਂ ਦੇਸ਼ਾਂ ਨੂੰ ਇਸ ਲਈ ਚੁਣਿਆ ਗਿਆ ਹੈ ਕਿ ਇਨਾਂ ਦੇਸ਼ਾਂ ਵਿੱਚ ਬਿਮਾਰੀਆਂ ਨੂੰ  ਲੱਭਣ ਲਈ ਸਥਾਪਿਤ ਨਿਗਰਾਨੀ ਢਾਂਚਾ ਬਹੁਤ ਕਮਜੋਰ ਹੈ । ਇਸ ਪ੍ਰੋਗਰਾਮ ਵਿੱਚ ਇਹਨਾਂ ਦੇਸ਼ਾਂ ਦੇ 160 ਵੈਟਰਨਰੀ ਡਾਕਟਰ ਅਤੇ ਪੈਰਾ-ਵੈਟਰਨਰੀ ਕਾਮੇ ਇਸ ਕੰਮ ਲਈ ਸਿਖਿਅਤ ਕੀਤੇ ਜਾਣਗੇ ।  ਇਸ ਪ੍ਰੋਗਰਾਮ ਵਿੱਚ ਆਸਟ੍ਰੇਲੀਆ, ਨਿਊਜੀਲੈਂਡ ਅਤੇ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਮਹਾਂਮਾਰੀ ਵਿਗਿਆਨੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਵਿਸ਼ਵ ਸਿਹਤ ਸੰਗਠਨ, ਸੰਯੁਕਤ ਰਾਸ਼ਟਰ ਭੋਜਨ ਅਤ ਖੇਤੀਬਾੜੀ ਸੰਸਥਾ ਅਤੇ ਅਮਰੀਕਨ ਬਿਮਾਰੀ ਰੋਕਥਾਮ ਸੈਂਟਰ ਦੇ ਸਹਿਯੋਗ ਨਾਲ ਕੰਮ ਕਰੇਗਾ । ਇਸ ਲਈ ਵਿਸ਼ਵ ਦੇ ਸਾਂਝੇ ਮੁਫਾਦ ਲਈ ਵਿਗਿਆਨਕਾਂ ਨੂੰ ਸਿਰ ਜੋੜ ਯਤਨ ਕਰਨ ਦੀ ਜਰੂਰਤ ਹੈ ।

(ਡਾ. ਸੁਰਜੀਤ ਸਿੰਘ ਭਦੌੜ) +91 98884-88060

Install Punjabi Akhbar App

Install
×