
(ਦ ਏਜ ਮੁਤਾਬਿਕ) ਕੁਈਨਜ਼ਲੈਂਡ ਰਾਜ ਦੀ ਰਾਜਨੀਤਿਕ ਰਿਪੋਰਟਰ ਲੀਡੀਆ ਲਿੰਚ ਨੇ ਕਿਹਾ ਹੈ ਕਿ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਦੀ ਤਿਆਰੀ ਕਰ ਰਹੇ ਹਨ ਕਿ ਆਖਿਰ ਰਾਜ ਦੇ ਕੁਆਰਨਟੀਨ ਵਾਲੇ ਹੋਟਲਾਂ ਅੰਦਰੋਂ ਇੰਨੀ ਸਾਫ ਸਫਾਈ ਅਤੇ ਸੈਨੈਟਾਈਜ਼ੈਸ਼ਨ ਤੋਂ ਬਾਅਦ ਵੀ ਕਰੋਨਾ ਦੇ ਕਿਟਾਣੂ ਮਿਲ ਜਾਂਦੇ ਹਨ ਅਤੇ ਜੇਕਰ ਇਸ ਪ੍ਰਬੰਧਨ ਵਿੱਚ ਕੋਈ ਖਾਮੀਆਂ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਖਾਮੀਆਂ ਨੂੰ ਤੁਰੰਤ ਫੇਰ-ਬਦਲ ਕਰਕੇ ਖ਼ਤਮ ਕੀਤਾ ਜਾਵੇਗਾ ਅਤੇ ਇਸ ਪ੍ਰਤੀ ਸਰਕਾਰ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਦਮ ਚੁੱਕਣ ਜਾ ਰਹੀ ਹੈ। ਹੋਰ ਵੀ ਕਈ ਗੱਲਾਂ ਹਨ ਜਿਵੇਂ ਕਿ ਹੋਟਲਾਂ ਦੇ ਕਮਰਿਆਂ ਆਦਿ ਨੂੰ ਪੂਰੀ ਤਰ੍ਹਾਂ ਸਾਫ-ਸਫਾਈ ਅਤੇ ਸੈਨੈਟਾਈਜ਼ੇਸ਼ਨ ਤੋਂ ਬਾਅਦ ਵੀ ਹੋਟਲ ਦੇ ਕਮਰਿਆਂ ਅੰਦਰੋਂ ਕਰੋਨਾ ਦੇ ਵਾਇਰਲ ਫਰੈਗਮੈਂਟਾਂ ਦੇ ਨਮੂਨੇ ਮਿਲ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਤਾਂ ਕਮੀ ਹੋ ਹੀ ਰਹੀ ਹੈ। ਰਾਜ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਭਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ: ਹੋਟਲ ਵਿਚਲੇ ਕੁਆਰਨਟੀਨ ਵਾਲੇ ਮਹਿਮਾਨਾਂ ਨੂੰ, ਜਦੋਂ ਵੀ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਹਨ, ਤਾਂ ਫੇਸ ਮਾਸਕ ਪਾ ਕੇ ਹੀ ਖੋਲ੍ਹਣ; ਹਰ ਕਮਰੇ ਦੇ ਦਰਵਾਜ਼ੇ ਆਦਿ ਨੂੰ ਖੋਲ੍ਹਣ ਲਈ ਸੀਮਾ ਨਿਰਧਾਰਿਤ ਕੀਤੀ ਜਾਵੇ ਕਿ ਕਿੰਨੀ ਕੁ ਵਾਰ (ਜ਼ਰੂਰੀ ਕੰਮਾਂ ਵਾਸਤੇ ਹੀ) ਇਹ ਦਰਵਾਜ਼ੇ ਖੋਲ੍ਹੇ ਜਾ ਸਕਦੇ ਹਨ; ਹਰ ਇੱਕ ਕਮਰਾ ਜਿਸ ਵਿੱਚ ਕਿ ਕੁਆਰਨਟੀਨ ਵਾਲੇ ਮਹਿਮਾਨ ਨੂੰ ਰੱਖਿਆ ਜਾਂਦਾ ਹੈ ਦੇ ਦਰਵਾਜ਼ੇ ਨੂੰ ਸੀ.ਸੀ.ਟੀ.ਵੀ. ਕੈਮਰੇ ਨਾਲ ਨਿਗਰਾਨੀ ਹੇਠਾਂ ਰੱਖਿਆ ਜਾਵੇ; ਸਟਾਫ ਮੈਂਬਰਾਂ ਲਈ ਹਦਾਇਤਾਂ ਹਨ ਕਿ ਹਰ ਇੱਕ ਮੈਂਬਰ ਕੋਲ ਆਪਣੀ ਸੈਨੇਟਾਇਜ਼ਿੰਗ ਕਿਟ ਹੋਵੇ ਅਤੇ ਉਹ ਲਗਾਤਾਰ ਅਤੇ ਵਾਰ ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਦਾ ਰਹੇ; ਹੋਟਲ ਦੇ ਸਾਰੇ ਦਰਵਾਜ਼ਿਆਂ ਦੀ ਸੀਲਿੰਗ ਪੂਰਨ ਤੌਰ ਤੇ ਹੋਵੇ, ਆਦਿ।