ਹੋਟਲ ਕੁਆਰਨਟੀਨ ਅੰਦਰੋਂ ਵਾਇਰਸ ਦਾ ਬਾਹਰ ਫੈਲਣ ਵਿੱਚ ਸਾਡਾ ਕੋਈ ਕਸੂਰ ਨਹੀਂ -ਯੂਨੀਫਾਈਡ ਸਕਿਉਰਿਟੀ ਮੁੱਖੀ

(ਦ ਏਜ ਮੁਤਾਬਿਕ) ਯੂਨੀਫਾਈਡ ਸਕਿਉਰਿਟੀ ਮੁੱਖੀ ਡਵਿਡ ਮਿਲਵਰਡ ਦਾ ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ, ਮੈਲਬੋਰਨ ਵਿਚਲੇ ਹੋਟਲ ਕੁਆਰਨਟੀਨ ਸਮੇਂ ਵਾਇਰਸ ਦਾ ਹਮਲਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਥਾਂ ਤੇ ਜੇਕਰ ਕੋਈ ਪੁਲਿਸ ਜਾਂ ਫੌਜ ਦੀ ਟੀਮ ਵੀ ਹੁੰਦੀ ਤਾਂ ਉਹ ਵੀ ਇਸ ਨੂੰ ਫੈਲਣ ਤੋਂ ਰੋਕ ਨਹੀਂ ਸਨ ਸਕਦੀਆਂ ਅਤੇ ਇਸ ਵਾਸਤੇ ਉਨ੍ਹਾਂ ਦੀ ਏਜੰਸੀ ਜਾਂ ਉਥੇ ਤਾਇਨਾਤ ਸੁਰੱਖਿਆ ਗਾਰਡਾਂ ਦਾ ਕੋਈ ਦੋਸ਼ ਨਹੀਂ ਸਗੋਂ ਉਨ੍ਹਾਂ ਨੇ ਤਾਂ ਕਰੋਨਾ ਵਾਰੀਅਰਜ਼ ਦੀ ਤਰ੍ਹਾਂ ਹੀ ਆਹਮੋ ਸਾਹਮਣੇ ਦੀ ਲੜਾਈ ਇਸ ਭਿਆਨਕ ਬਿਮਾਰੀ ਨਾਲ ਲੜੀ ਹੈ। ਜ਼ਿਕਰਯੋਗ ਹੈ ਕਿ ਉਕਤ ਸਕਿਉਰਿਟੀ ਏਜੰਸੀ ਹੀ ਮੈਲਬੋਰਨ ਦੇ ਉਨ੍ਹਾਂ 13 ਹੋਟਲਾਂ ਵਿੱਚ ਸੁਰੱਖਿਆ ਗਾਰਡ ਮੁਹੱਈਆ ਕਰਵਾਉਂਦੀ ਹੈ ਜਿੱਥੇ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਕੁਆਰਨਟੀਨ ਕਰਕੇ ਰੱਖਿਆ ਜਾ ਰਿਹਾ ਸੀ ਅਤੇ ਹੁਣ ਇਲਜ਼ਾਮ ਇਹ ਲਗਾਇਆ ਜਾ ਰਿਹਾ ਹੈ ਕਿ ਉਕਤ ਏਜੰਸੀ ਦੇ ਸੁਰੱਖਿਆ ਗਾਰਡਾਂ ਦੀਆਂ ਬਦਲਦੀਆਂ ਸ਼ਿਫਟਾਂ ਅਤੇ ਡਿਊਟੀਆਂ ਕਾਰਨ ਹੀ ਕਰੋਨਾ ਦਾ ਕਹਿਰ ਸਮੁੱਚੇ ਰਾਜ ਵਿੱਚ ਫੈਲਿਆ ਹੈ। ਆਸਟ੍ਰੇਲਆਈ ਪੁਲਿਸ ਅਤੇ ਡਿਫੈਂਸ ਫੋਰਸ ਦੀ ਜਾਦੀ ਪਹਿਚਾਣੀ ਸ਼ਖ਼ਸੀਅਤ, ਸ੍ਰੀ ਮਿਲਵਾਰਡ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਵੀ ਬਹੁਤ ਜ਼ਿਆਦਾ ਜੋਖਮ ਉਠਾਇਆ ਹੈ ਕਿਉਂਕਿ ਸਮਾਂ ਹੀ ਅਜਿਹਾ ਸੀ ਅਤੇ ਇਹ ਵੀ ਸੱਚ ਹੈ ਕਿ ਬਿਮਾਰੀ ਭਾਵੇਂ ਕੋਈ ਵੀ ਹੋਵੇ ਉਹ ਇਹ ਤਾਂ ਨਹੀਂ ਦੇਖਦੀ ਕਿ ਕਿਸੇ ਵਰਦੀਧਾਰੀ ਨੂੰ ਲੱਗਣਾ ਹੈ ਜਾਂ ਨਹੀਂ…..? ਅਤੇ ਦੇਖਣਾ ਤਾਂ ਰਾਜ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ ਨੂੰ ਇਹ ਚਾਹੀਦਾ ਸੀ ਉਸ ਸਮੇਂ ਜੋ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ ਉਸ ਦੀ ਵਿਉਂਤਬੰਦੀ ਦੀ ਪੂਰਨ ਸਮੀਖਿਆ ਕਰ ਲਈ ਗਈ ਹੈ ਜਾਂ ਨਹੀਂ….? ਉਸ ਵਿੱਚ ਕਿਸੇ ਕਿਸਮ ਦੀ ਕੋਈ ਖ਼ਾਮੀ ਤਾਂ ਨਹੀਂ…..? ਇਸ ਲਈ ਮਹਿਜ਼ ਅਜਿਹਾ ਕਹਿ ਕੇ ਪੱਲਾ ਝਾੜ ਲੈਣਾ ਕਿ ਦੋਸ਼ ਸਿਰਫ ਸੁਰੱਖਿਆ ਗਾਰਡਾਂ ਦਾ ਹੈ… ਇਹ ਮੁਨਾਸਿਬ ਨਹੀਂ।

Install Punjabi Akhbar App

Install
×