ਨਿਊ ਸਾਊਥ ਵੇਲਜ਼ ਵਿੱਚ ਖੇਤੀਬਾੜੀ ਲਈ ਬਾਹਰੀ ਦੇਸ਼ਾਂ ਦੇ ਕਾਮਿਆਂ ਲਈ ਹੋਟਲ ਕੁਆਰਨਟੀਨ ਦੀ ਰਕਮ ਹੋਈ ਅੱਧੀ

ਖੇਤੀਬਾੜੀ ਵਿੱਚ ਫੌਰੀ ਤੌਰ ਤੇ ਜ਼ਰੂਰੀ ਕਾਮਿਆਂ ਦੀ ਲੋੜ ਦੇ ਮੱਦੇਨਜ਼ਰ ਨਿਊ ਸਾਊਥ ਵੇਲਜ਼ ਸਰਕਾਰ ਨੇ ਬਾਹਰ ਤੋਂ ਆਉਣ ਵਾਲੇ ਖੇਤੀਬਾੜੀ ਸਬੰਧਤ ਕਾਮਿਆਂ ਲਈ ਸਾਲ 2020-21 ਤਹਿਤ, ਹੋਟਲ ਕੁਆਰਨਟੀਨ ਲਈ ਅਦਾਇਗੀ ਯੋਗ ਰਕਮ ਨੂੰ 3000 ਡਾਲਰ ਤੋਂ ਘਟਾ ਕੇ 1500 ਡਾਲਰ ਕਰ ਦਿੱਤਾ ਹੈ।
ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤੀਬਾੜੀ ਇੱਕ ਅਜਿਹਾ ਧੰਦਾ ਹੈ ਜਿੱਥੇ ਕਿ ਇਸ ਸਮੇਂ ਸਭ ਤੋਂ ਜ਼ਿਆਦਾ ਕਾਮਿਆਂ ਦੀ ਲੋੜ ਹੈ ਅਤੇ ਇਸੇ ਖਲਾਅ ਨੂੰ ਪੂਰਨ ਲਈ ਸਰਕਾਰ ਨੇ ਪੈਸੀਫਿਕ ਲੇਬਰ ਸਕੀਮ (PLS) ਦੇ ਤਹਿਤ ਬਾਹਰਲੇ ਦੇਸ਼ ਤੋਂ ਇੱਥੇ ਆਉਣ ਵਾਲੇ ਕਾਮਿਆਂ ਲਈ ਇਹ ਕਦਮ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਉਦਯੋਗ ਹਰ ਸਾਲ, ਰਾਜ ਸਰਕਾਰ ਦੀ ਅਰਥ ਵਿਵਸਥਾ ਅੰਦਰ 16 ਬਿਲੀਅਨ ਡਾਲਰਾਂ ਦਾ ਯੋਗਦਾਨ ਪਾਉਂਦਾ ਹੈ ਅਤੇ ਇਸੇ ਵਾਸਤੇ ਇਸਦੀ ਮਦਦ ਵਿੱਚ ਅਜਿਹੇ ਕਈ ਕਦਮ ਸਰਕਾਰ ਵੱਲੋਂ ਪੁੱਟੇ ਜਾ ਰਹੇ ਹਨ ਜੋ ਕਿ ਮਦਦਗਾਰ ਸਾਬਿਤ ਵੀ ਹੋ ਰਹੇ ਹਨ। ਬੇਸ਼ੱਕ, ਜਿਹੜੇ ਆਸਟ੍ਰੇਲੀਆਈ ਲੋਕ ਕਰੋਨਾ ਕਾਰਨ ਬੀਤੇ ਸਾਲ ਤੋਂ ਹੀ ਬਾਹਰਲੇ ਦੇਸ਼ਾਂ ਵਿੱਚ ਫਸੇ ਹੋੲ ਹਨ ਅਤੇ ਹੁਣ ਆਪਣੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਦੀ ਵਾਪਸੀ ਵੀ ਬਹੁਤ ਜ਼ਰੂਰੀ ਹੈ ਪਰੰਤੂ ਇਸ ਦੇ ਨਾਲ ਹੀ ਰਾਜ ਦੀ ਖੇਤੀਬਾੜੀ ਅਤੇ ਅਰਥ ਵਿਵਸਥਾ ਨੂੰ ਬਚਾਉਣਾ ਵੀ ਅਤਿ ਜ਼ਰੂਰੀ ਹੈ ਅਤੇ ਸਰਕਾਰ ਅਜਿਹੇ ਪਲਾਨ ਬਣਾ ਰਹੀ ਹੈ ਕਿ ਹਰ ਕੰਮ ਲਈ ਬਰਾਬਰਤਾ ਬਣੀ ਰਹੇ ਅਤੇ ਕਿਤੇ ਵੀ ਕਿਸੇ ਕਿਸਮ ਦੀ ਅਣਗਹਿਲੀ ਨਾ ਹੋਵੇ।

Install Punjabi Akhbar App

Install
×