ਮੈਲਬੋਰਨ ਵਿੱਚ ਭਿਆਨਕ ਬੱਸ-ਟਰੱਕ ਹਾਦਸਾ, 27 ਸਕੂਲੀ ਵਿਦਿਆਰਥੀਣਾਂ ਸਮੇਤ 33 ਜ਼ਖ਼ਮੀ

ਅੱਜ ਤੜਕੇ ਸਵੇਰੇ, ਮੈਲਬੋਰਨ ਦੇ ਉਤਰ-ਪੱਛਮੀ ਖੇਤਰ ਵਿਖੇ ਬਾਚੂਜ਼ ਮਾਰਸ਼ ਵਿਖੇ ਇੱਕ ਬੱਸ ਅਤੇ ਟਰੱਕ ਦਰਮਿਆਨ ਹੋਈ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ 33 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਕਿ ਬੈਲਾਰਾਟ ਹਾਈ ਸਕੂਲ ਦੀਆਂ 27 ਵਿਦਿਆਰਥਣਾਂ ਅਤੇ ਹੋਰ ਸਟਾਫ ਦੇ ਨਾਲ ਬੱਸ ਦਾ ਡ੍ਰਾਇਵਰ ਆਦਿ ਵੀ ਸ਼ਾਮਿਲ ਹਨ।
ਜ਼ਖ਼ਮੀਆਂ ਵਿੱਚ 9ਵੇਂ ਅਤੇ 11ਵੇਂ ਸਾਲ ਦੇ ਵਿਦਿਆਰਥੀ ਸ਼ਾਮਿਲ ਹਨ ਜੋ ਕਿ ਮੈਲਬੋਰਨ ਹਵਾਈ ਅੱਡੇ ਤੇ ਜਾ ਰਹੇ ਸਨ ਜਿੱਥੋਂ ਕਿ ਉਨ੍ਹਾਂ ਨੇ ਇੱਕ ਸਪੇਸ ਕੈਂਪ ਵਿੱਚ ਹਿੱਸਾ ਲੈਣ ਵਾਸਤੇ, ਅਮਰੀਕਾ ਰਵਾਨਾ ਹੋਣਾ ਸੀ।
ਲੋਰੈਟੋ ਕਾਲਜ ਬੈਲਾਰਾਟ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਇਸ ਦਰਘਟਨਾ ਲਈ ਬਹੁਤ ਜ਼ਿਆਦਾ ਦੁਖੀ ਹਨ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ।
ਉਨ੍ਹਾਂ ਉਚੇਚੇ ਤੌਰ ਤੇ ਸਥਾਨਕ ਲੋਕਾਂ ਦੇ ਨਾਲ ਨਾਲ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਅਤੇ ਵਿਭਾਗ ਦਾ ਧੰਨਵਾਦ ਕੀਤਾ ਜਿਨ੍ਹਾਂ ਮੋਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਬਿਨ੍ਹਾਂ ਦੇਰੀ ਤੋਂ ਹਸਪਤਾਲ ਵਿੱਚ ਪਹੁੰਚਾਇਆ।
ਹਾਈਵੇਅ ਉਪਰ ਕਈ ਘੰਟਿਆਂ ਤੱਕ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਿਆ। ਪੁਲਿਸ ਹਾਦਸੇ ਦੀ ਪੜਤਾਲ ਕਰ ਰਹੀ ਹੈ।