ਹੋਰਨਜ਼ਬਾਇ ਹਸਪਤਾਲ ਦੀ ਫਾਰਮੇਸੀ ਹੋਈ ਰੋਬੋਟਿਕ

ਨਿਊ ਸਾਊਥ ਵੇਲਜ਼ ਵਿਚਲਾ ਹੋਰਨਜ਼ਬਾਇ ਦਾ ਕੁ-ਰਿੰਗ-ਗਾਇ ਹਸਪਤਾਲ ਰਾਜ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿੱਥੇ ਕਿ ਫਾਰਮੇਸੀ ਵਿੱਚ ਰੋਬੋਟਿਕਸ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ 265 ਮਿਲੀਅਨ ਡਾਲਰਾਂ ਦੇ ਨਿਵਸ਼ ਨਾਲ ਦੂਸਰੇ ਪੜਾਅ ਉਪਰ ਕੰਮ ਚਲ ਰਿਹਾ ਹੈ ਅਤੇ ਇਸ ਦੇ ਅਗਲੇ ਸਾਲ ਤੱਕ ਪੂਰਾ ਹੋ ਜਾਣ ਦੀ ਸੰਭਾਵਨਾ ਹੈ। ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਹੋਰਨਜ਼ਬਾਇ ਦੇ ਐਮ.ਪੀ. ਮੈਟ ਕੀਨ ਨਾਲ ਫਾਰਮੇਸੀ ਦਾ ਦੌਰਾ ਕੀਤਾ ਅਤੇ ਰੋਬੋਟਿਕ ਕਿਰਿਆਵਾਂ ਦੁਆਰਾ ਸਟਾਕ ਦੇ ਲੈਣ ਦੇਣ ਦਾ ਕੰਮ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਨਵੇਂ ਬਣੇ 12 ਬਿਸਤਰਿਆਂ ਦੇ ਆਈ.ਸੀ.ਯੂ. ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਉਕਤ ਹਸਪਤਾਲ ਅੰਦਰ ਹੁਣ ਪਹਿਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਥਾਂ ਮਰੀਜ਼ਾਂ ਲਈ, ਦੇਖਭਾਲ ਕਰਨ ਵਾਲਿਆਂ ਲਈ, ਸਟਾਫ ਅਤੇ ਆਉਣ ਜਾਉਣ ਵਾਲਿਆਂ ਲਈ ਬਣ ਗਈ ਹੈ ਅਤੇ ਇਸ ਨਾਲ ਸਾਰਿਆਂ ਨੂੰ ਹੀ ਫਾਇਦਾ ਹੋ ਰਿਹਾ ਹੈ। ਨਵੀਂ ਅਤੇ ਆਧੁਨਿਕ ਤਕਨੀਕ ਨਾਲ ਬਣਨ ਵਾਲੀ ਫਾਰਮੇਸੀ ਵੀ ਹੁਣ ਪਹਿਲਾਂ ਨਾਲੋਂ ਦੁਗਣੀ ਥਾਂ ਵਿੱਚ ਹੈ ਅਤੇ ਇਸ ਵਿੱਚ ਰੋਬੋਟਿਕਸ ਤਕਨੀਕ ਨੇ ਕਮਾਲ ਦਾ ਯੋਗਦਾਨ ਪਾਇਆ ਹੈ ਅਤੇ ਇਸ ਨਾਲ ਗਲਤੀਆਂ ਜਾਂ ਸਾਮਾਨ ਦੀ ਵੇਸਟੇਜ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੀ ਰਹਿ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵਾਂ ਬਣਿਆ ਆਈ.ਸੀ.ਯੂ. ਤਾਂ ਮਹਿਜ਼ ਇੱਕ ਮਹੀਨੇ ਪਹਿਲਾਂ ਹੀ ਮੁੜ ਤੋਂ ਚਾਲੂ ਹੋਇਆ ਹੈ ਅਤੇ ਇਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ ਅਤੇ ਇਸ ਵਿੱਚ ਇਕੱਲੇ ਇਕੱਲੇ ਮਰੀਜ਼ ਵਾਸਤੇ ਵੱਖਰੇ ਵੱਖਰੇ ਕਰਮੇ ਵੀ ਹਨ ਅਤੇ ਸਟਾਫ ਦੇ ਆਰਾਮ ਕਰਨ ਲਈ ਵੀ ਵੱਖਰੇ ਅਤੇ ਉਚਿਤ ਮਾਤਰਾ ਵਿੱਚ ਕਮਰੇ ਆਦਿ ਬਣਾਏ ਗਏ ਹਨ। ਮਰੀਜ਼ਾ ਵਾਸਤੇ ਕੁਦਰਤੀ ਹਵਾ ਅਤੇ ਰੌਸ਼ਨੀ ਦਾ ਆਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਅਤੇ ਇਸ ਗੱਲ ਦਾ ਹਰ ਤਰਫੋਂ ਖ਼ਾਸ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ -ਇੱਕ ਹਾਈ ਡਿਪੈਂਡੇਂਸੀ ਯੂਨਿਟ ਅਤੇ ਆਈ.ਸੀ.ਯੂ. ਮਿਲਾ ਕੇ ਬਣਾਇਆ ਗਿਆ ਹੈ; ਸਾਹ ਦੀਆਂ ਜਾਂ ਦਿਲ ਦੀਆਂ ਬਿਮਾਰੀਆਂ ਆਦਿ ਦੇ ਨਾਲ ਨਾਲ ਕੋਰੋਨਰੀ ਕੇਅਰ ਬੈਡਜ਼ ਵੀ ਉਪਲੱਭਧ ਹਨ ਅਤੇ ਉਹ ਵੀ ਕਾਰਡਿਅਕ ਇਨਵੈਸਟੀਗੇਸ਼ਨ ਯੂਨਿਟਾਂ ਦੇ ਨਾਲ; ਐਂਬੁਲੇਟਰੀ ਕੇਅਰ ਸੈਂਟਰ; ਬੱਚਿਆਂ ਲਈ ਇਲਾਜ; ਮੈਡੀਕਲ ਅਸੈਸਮੈਂਟ ਯੂਨਿਟ; ਜਨਲਰ ਮੈਡੀਸਨ, ਰਿਹੈਬਲੀਟੈਸ਼ਨ ਸੈਂਟਰ, ਸਟਰੋਕ ਜਾਂ ਡਿਮੈਂਸ਼ੀਆ ਦੀ ਹਾਲਤ ਵਿੱਚ ਵੱਖਰੇ ਬੈਡ; ਯੂਨੀਵਰਸਿਟੀ ਆਫ ਸਿਡਨੀ ਨਾਲ ਐਜੂਕੇਸ਼ਨ ਦਾ ਪੂਰਾ ਪ੍ਰਬੰਧ ਅਤੇ ਇੱਕ ਹੈਲੀਪੈਡ ਵੀ ਬਣਾਏ ਗਏ ਹਨ।

Install Punjabi Akhbar App

Install
×