ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ ਕਰਤਾਰ ਸਿੰਘ ਯਾਦਗਾਰੀ ਸਨਮਾਨ ਸਮਾਗਮ

ਉੱਘੇ ਸਾਹਿਤਕਾਰ ਮਿੱਤਰ ਸੈਨ ਮੀਤ ਅਤੇ ਹੁਸ਼ਿਆਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਫਰੀਦਕੋਟ, 23 ਫਰਵਰੀ:- ਕਰਤਾਰ ਸਿੰਘ ਯਾਦਗਾਰੀ ਮੰਚ ਵੱਲੋਂ ਸਥਾਨਕ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਹਿਤਕ ਤੇ ਵਿੱਦਿਅਕ ਸਨਮਾਨ ਸਮਾਗਮ ਕਰਵਾਇਆ ਗਿਆ। ਕਾਲਜ ਦੇ ਬੀ.ਐੱਡ, ਐਮ.ਐੱਡ ਕੋਰਸਾਂ ਦੇ ਵਿਦਿਆਰਥੀਆਂ ਵੱਲੋਂ ਮਾਤਭਾਸ਼ਾ ਦੇ ਸਤਿਕਾਰ ‘ਚ ਪ੍ਰਭਾਵਸ਼ਾਲੀ ਤਕਰੀਰਾਂ, ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਪ੍ਰੋਗਰਾਮ ਦੇ ਸ਼ੁਰੂ ‘ਚ ਮੁਖੀ ਪ੍ਰੋ. ਕੰਵਲਦੀਪ ਸਿੰਘ ਅਤੇ ਮੰਚ ਸੰਚਾਲਕ ਪ੍ਰੋ. ਬੀਰਇੰਦਰ ਸਿੰਘ ਸਰਾਂ ਨੇ ਯਾਦਗਾਰੀ ਮੰਚ ਦੇ ਵਿੱਦਿਅਕ ਉਦੇਸ਼ਾਂ ਦੀ ਸਲਾਹੁਤਾ ਕਰਦਿਆਂ ਇਸ ਨਾਲ ਜੁੜੇ ਮੈਂਬਰਾਂ, ਮਹਿਮਾਨਾਂ ਅਤੇ ਪ੍ਰਮੁੱਖ ਵਕਤਾ ਲਈ ਸਵਾਗਤੀ ਸ਼ਬਦ ਬੋਲੇ। ਡਾ. ਦੇਵਿੰਦਰ ਸੈਫ਼ੀ ਨੇ ਆਪਣੇ ਪਿਤਾ ਦੀ ਯਾਦ ‘ਚ ਹਰ ਸਾਲ ਦਿੱਤੇ ਜਾਂਦੇ ਸਾਹਿਤਕ ਸਨਮਾਨ ਅਤੇ ਵਿੱਦਿਅਕ ਸਨਮਾਨਾਂ ਬਾਰੇ ਜਾਣਕਾਰੀ ਦੇਣ ਉਪਰੰਤ ਮਾਤਭਾਸ਼ਾ ਬਾਰੇ ਸਾਹਿਤਕ ਅਤੇ ਮਨੋਵਿਗਿਆਨਿਕ ਨੁਕਤੇ ਤੋਂ ਵਿਸ਼ੇਸ਼ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਵਜੋਂ ਪੁੱਜੇ ਮਿੱਤਰ ਸੈਨ ਮੀਤ ਨੇ ਕਾਨੂੰਨੀ, ਵਿੱਦਿਅਕ, ਵਿਹਾਰਕ ਅਤੇ ਆਰਥਿਕ ਪੱਖਾਂ ਤੋਂ ਮਾਤਭਾਸ਼ਾ ਦੇ ਸਤਿਕਾਰ ਸਨਮਾਨ ਲਈ ਵਿਸ਼ੇਸ਼ ਉੱਤਮ ਕੀਤੇ ਜਾਣ ਬਾਰੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਪਾਸਾਰ ਭਾਈਚਾਰੇ ਦੀ ਫਰੀਦਕੋਟ ਇਕਾਈ ਦੇ ਨਿਰੰਤਰ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਉਪਰੰਤ ਡਾ. ਸੈਫ਼ੀ, ਗੁਰਮੀਤ ਸਿੰਘ ਬੱਧਣ, ਗੁਰਪ੍ਰੀਤ ਸਿੰਘ ਚੰਦਬਾਜਾ, ਪ੍ਰੋ. ਤਰਸੇਮ ਨਰੂਲਾ, ਡਾ. ਨਰਿੰਦਰਜੀਤ ਸਿੰਘ, ਪ੍ਰੇਮ ਕਾਮਰੇਡ, ਜਗਤਾਰ ਗਿੱਲ, ਰਾਜਪਾਲ ਸੰਧੂ ਅਤੇ ਕਾਲਜ ਸਟਾਫ਼ ਨੇ ਮਿੱਤਰ ਸੈਨ ਮੀਤ ਨੂੰ ਕਰਤਾਰ ਸਿੰਘ ਯਾਦਗਾਰੀ ਸਾਹਿਤ ਸਨਮਾਨ ਪੇਸ਼ ਕਰਨ ਦੇ ਨਾਲ-ਨਾਲ ਹੁਸ਼ਿਆਰ ਵਿਦਿਆਰਥੀਆਂ ਨੂੰ ਵਿਸ਼ੇਸ਼ ਵਿੱਦਿਅਕ ਸਨਮਾਨ ਦਿੱਤੇ ਗਏ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਪ੍ਰੋ. ਇੰਦਰਪਾਲ ਸਿੰਘ ਰਾੜਾ ਸਾਹਿਬ ਅਤੇ ਹਰਬਖ਼ਸ਼ ਸਿੰਘ ਨੇ ਮੀਤ ਦੇ ਨਾਵਲਾਂ ਤਫ਼ਤੀਸ਼, ਕਟਹਿਰਾ, ਸੁਧਾਰ ਘਰ, ਕੌਰਵ ਸਭਾ ਦੀ ਵਿਲੱਖਣਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੁਖਵੰਤ ਕੌਰ ਸਰਾਂ ਇੰਗਲੈਂਡ ਅਤੇ ਅੰਗਰੇਜ ਸਿੰਘ ਬਰਾੜ ਸਰੀ (ਕੈਨੇਡਾ) ਵੱਲੋਂ ਇਸ ਉੱਚਪਾਇ ਦੇ ਵਿੱਦਿਅਕ ਸਾਹਿਤਕ ਸਮਾਗਮਾਂ ਲਈ ਵਿਸ਼ੇਸ਼ ਵਧਾਈ ਦਿੱਤੀ ਗਈ। ਪ੍ਰਸਿੱਧ ਪੱਤਰਕਾਰ ਤੇ ਸਮਾਜਸੇਵੀ ਗੁਰਿੰਦਰ ਸਿੰਘ ਕੋਟਕਪੂਰਾ ਨੇ ਮੰਚ ਦੇ ਕਾਰਜਾਂ ਨੂੰ ਨੈਤਿਕ ਪੱਖੋਂ ਉੱਤਮ ਦੱਸਦਿਆਂ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ, ਵਿੱਦਿਅਕ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਸਮਰਪਿਤ ਚਾਬੀ-ਛੱਲੇ ਅਤੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਵਾਲੀਆਂ ਕਾਪੀਆਂ ਵਿਦਿਆਰਥੀਆਂ ਤੇ ਅਧਿਆਪਕਾਂ ‘ਚ ਤਕਸੀਮ ਕੀਤੀਆਂ ਗਈਆਂ। ਸਮਾਗਮ ਦੇ ਅੰਤ ‘ਚ ਕਾਲਜ ਦੇ ਪ੍ਰਬੰਧਕਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਹ ਸਮਾਗਮ ਹਰ ਸਾਲ ਇਸੇ ਕਾਲਜ ਦੇ ਮੰਚ ਉੱਪਰ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਸਬੰਧਤ ਤਸਵੀਰ ਵੀ।

Install Punjabi Akhbar App

Install
×