ਸਿਰ ਥੱਲੇ ਰੱਖੀ ਦਸਤਾਰ- ਦੁਨੀਆ ਦਿੱਤਾ ਬੇਅੰਤ ਸਤਿਕਾਰ

NZ PIC 17 May-2ਬੀਤੇ ਸ਼ੁੱਕਰਵਾਰ ਦੀ ਸਵੇਰ ਇਕ 22 ਸਾਲਾ ਅੰਮ੍ਰਿਤਧਾਰੀ ਨੌਜਵਾਨ ਹਰਮਨਪ੍ਰੀਤ ਸਿੰਘ ਸਪੁੱਤਰ ਬਲਦੇਵ ਸਿੰਘ-ਜਸਵਿੰਦਰ ਕੌਰ ਪਿੰਡ ਚੌਂਕੀ ਮਾਨ ਤਹਿਸੀਲ ਜਗਰਾਉਂ (ਲੁਧਿਆਣਾ) ਨੇ ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਇਕ ਪਰਿਵਾਰ ਦੇ 5 ਸਾਲ ਦੇ ਬੱਚੇ ਨੂੰ ਜ਼ਖਮੀ ਹਾਲਤ ਦੇ ਵਿਚ ਵੇਖ ਕੇ ਆਪਣੀ ਦਸਤਾਰ ਦਾ ਸਹਾਰਾ ਉਸਦੇ ਖੂਨ ਵਗਦੇ ਸਿਰ ਥੱਲੇ ਰੱਖਿਆ ਸੀ। ਇਸ ਕੀਤੇ ਪਰਉਪਕਾਰੀ ਕੰਮ ਦੇ ਲਈ ਇਸ ਸਿੱਖ ਨੌਜਵਾਨ ਦੀ ਪੂਰੀ ਦੁਨੀਆ ਦੇ ਵਿਚ ਐਨੀ ਤਾਰੀਫ ਹੋਈ ਕਿ ਹਰ ਕੌਮ ਦੇ ਲੋਕਾਂ ਨੇ ਫੇਸ ਬੁੱਕ ਉਤੇ ‘ਗ੍ਰੇਟ ਸਿੱਖ’ ਆਖਿਆ। ਫੇਸ ਬੁੱਕ ਉਤੇ ਇਥੇ ਦੀ ਰਾਸ਼ਟਰੀ ਅਖਬਾਰ ਵੱਲੋਂ ਪਾਈ ਗਈ ਪਹਿਲੀ ਪੋਸਟ ਦੇ ਹੁਣ ਤੱਕ 38000 ਲਾਇਕ ਅਤੇ 2334 ਸ਼ੇਅਰ ਹੋ ਚੁੱਕੇ ਹਨ। ਦੂਜੀ ਪੋਸਟ ਦੇ ਵਿਚ ਵੀ 9000 ਲਾਇਕ ਅਤੇ 395 ਸ਼ੇਅਰ ਹੋ ਚੁੱਕੇ ਹਨ। ਇਸ ਨੌਜਵਾਨ ਦੇ ਇਸ ਕਾਰਜ ਨੂੰ ਪੂਰੀ ਦੁਨੀਆ ਦੇ ਵਿਚ ਪਹੁੰਚਾਉਣ ਦੇ ਲਈ ਉਸ ਵੇਲੇ ਮੌਕੇ ਦੇ ਗਵਾਹ ਬਣੇ ਪੰਜਾਬੀ ਨੌਜਵਾਨ ਗਗਨ (ਰੀਅਲ ਇਸਟੇਟ) ਦਾ ਵਿਸ਼ੇਸ਼ ਯੌਗਦਾਨ ਰਿਹਾ ਜਿਸ ਨੇ ਆਪਣੇ ਕੈਮਰੇ ਨਾਲ ਇਹ ਫੋਟੋ ਖਿਚ ਕੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸ. ਦਲਜੀਤ ਸਿੰਘ ਨੂੰ ਭੇਜ ਦਿੱਤੀ। ਉਨ੍ਹਾਂ ਰਾਸ਼ਟਰੀ ਮੀਡੀਏ ਨਾਲ ਇਹ ਗੱਲ ਜਦੋਂ ਸ਼ੇਅਰ ਕੀਤੀ ਤਾਂ ਉਨ੍ਹਾਂ ਇਸ ਨੂੰ ਪਹਿਲੇ ਸਫੇ ਦੀ ਖਬਰ ਬਣਾ ਦਿੱਤਾ। ਇਹ ਜ਼ਖਮੀ ਬੱਚਾ ਇਸ ਵੇਲੇ ਸਟਾਰਸ਼ਿੱਪ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ ਅਤੇ ਬਚਾਅ ਹੋ ਗਿਆ ਹੈ।
ਇਸ ਸਿੱਖ ਨੌਜਵਾਨ ਜੋ ਕਿ ਮਈ 2013 ਤੋਂ ਐਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਬਿਜ਼ਨਸ ਲੈਵਲ-6 ਦੀ ਪੜ੍ਹਾਈ ਕਰਦਾ ਹੈ ਨੂੰ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਖਾਸ ਤੌਰ ‘ਤੇ ਸੰਗਤ ਦੇ ਵਿਚ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾ ਜਦ ਕਿ ਵੈਸਟਨ ਯੂਨੀਅਨ ਦੇ ਨਿਊਜ਼ੀਲੈਂਡ ਇੰਚਾਰਜ ਕ੍ਰਿਸਵਿਲਬੇ ਨੇ 200 ਡਾਲਰ ਦਾ ਇਨਾਮ ਵੀ ਦਿੱਤਾ। ਇਸ ਨੌਜਵਾਨ ਨੇ ਇਹ ਰਕਮ ਗੋਲਕ ਵਿਚ ਪਾ ਕੇ ਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਸਕੂਲ ਜ਼ੋਨ ਦੇ ਵਿਚ ਕਾਰਾਂ ਦੀ ਸਪੀਡ ਨੂੰ 40 ਤੱਕ ਹੀ ਸੀਮਿਤ ਰੱਖਿਆ ਜਾਵੇ।

Install Punjabi Akhbar App

Install
×