ਪਰਥ ਹਿੱਲਜ਼ ਵਿਚਲੀ ਬੁਸ਼ਫਾਇਰ; ਤਬਾਹ ਕੀਤੇ ਕਈ ਘਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਦੇ ਪਰਥ ਹਿੱਲਜ਼ ਵਿੱਚ ਫੈਲੀ ਜੰਗਲੀ ਅੱਗ ਨੇ ਇੱਥੋਂ ਦੇ ਘੱਟੋ ਘੱਟ 30 ਘਰਾਂ ਨੂੰ ਸਾੜ ਕੇ ਤਬਾਹ ਕਰ ਦਿੱਤਾ ਹੈ ਅਤੇ ਹੋਰਾਂ ਨੂੰ ਵੀ ਹੁਣ ਇਸ ਬੇਕਾਬੂ ਹੋ ਰਹੀ ਅੱਗ ਤੋਂ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਇਹ ਖ਼ਤਰਾ ਲਗਾਤਾਰ ਵੱਧਦਾ ਹੀ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਨੂੰ ਸਮਾਂ ਰਹਿੰਦਿਆਂ ਇੱਥੋਂ ਨਿਕਲ ਕੇ ਸੁਰੱਖਿਅਤ ਥਾਵਾਂ ਉਪਰ ਜਾਣ ਦੀ ਚਿਤਾਵਨੀ ਲਾਗਾਤਰ ਦਿੱਤੀ ਜਾ ਰਹੀ ਹੈ ਤਾਂ ਜੋ ਸਮਾਂ ਰਹਿੰਦਿਆਂ ਹੀ ਜਾਨ ਦੀ ਰਾਖੀ ਕੀਤੀ ਜਾ ਸਕੇ। ਬੀਤੀ ਰਾਤ ਵੂਰੋਲੂ ਦੇ ਇਸ ਕਸਬੇ ਅੰਦਰ ਤਕਰੀਬਨ 6000 ਹੈਕਟੇਅਰ ਵਿੱਚ ਇਹ ਅੱਗ ਅਚਾਨਕ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਮੂੰਡਾਰਿੰਗ ਸ਼ਾਇਰ, ਚਿਟਰਿੰਗ, ਨੋਰਦਾਮ, ਅਤੇ ਸਵੈਨ ਸਿਟੀ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਬ੍ਰਿਗਾਡੂਨ, ਐਵੈਲੇ, ਐਨਨਬਰੁਕ ਅਤੇ ਦ ਵਾਈਨਜ਼ ਖੇਤਰਾਂ ਵਿੱਚ ਤਾਂ ਲੋਕਾਂ ਨੂੰ ਫੌਰਨ ਇੱਥੋਂ ਆਪਣੀ ਜਾਨ ਬਚਾ ਕੇ ਭੱਜਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਅਤੇ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਚਿਤਾਵਨੀਆਂ ਅਜਿਹੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਮੌਸਮ ਦੇ ਗਰਮ ਹੋਣ ਕਾਰਨ ਇੱਥੇ ਗਰਮੀ ਕਾਫੀ ਹੈ ਅਤੇ ਅੱਗ ਕਿਸੇ ਤੱਕ ਸਿੱਧੇ ਤੌਰ ਤੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਦੇ ਸੇਕ ਨਾਲ ਹੀ ਜ਼ਿੰਦਗੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਬਹੁਤ ਵੱਡੀ ਗਿਣਤੀ ਵਿੱਚ ਅੱਗ ਬੁਝਾਊ ਕਰਮਚਾਰੀ ਇਸ ਅੱਗ ਉਪਰ ਕਾਬੂ ਪਾਉਣ ਵਿੱਚ ਲੱਗੇ ਹਨ ਪਰੰਤੂ ਹਾਲ ਦੀ ਘੜੀ ਤਾਂ ਅੱਗ ਵੱਧਦੀ ਹੀ ਜਾ ਰਹੀ ਹੈ। ਸਵੈਨ ਵਿਊ ਵਿਖੇ ਐਮਹਰੈਸਟ ਸੜਕ ਉਪਰ ਬਰਾਊਨ ਪਾਰਕ ਵਿਖੇ ਬਚਾਉ ਦਲ਼ ਦਾ ਸੈਂਟਰ ਖੋਲ੍ਹਿਆ ਗਿਆ ਹੈ ਅਤੇ ਅੱਗ ਤੋਂ ਬਚਾਉ ਲਈ ਸ਼ਰਣਗਾਹ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵੂਰੋਲੂ ਖੇਤਰ ਅਸਲ ਵਿੱਚ ਪਰਥ ਦੇ ਉਨ੍ਹਾਂ ਇਲਾਕਿਆਂ ਵਿੱਚ ਪੈਂਦਾ ਹੈ ਜਿੱਥੇ ਕਿ ਕੋਵਿਡ-19 ਕਾਰਨ 5 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਹੈ।

Install Punjabi Akhbar App

Install
×