ਪੱਛਮੀ ਆਸਟ੍ਰੇਲੀਆ ਅੰਦਰ ਸੈਰੋਜਾ ਚੱਕਰਵਾਤ ਨੇ ਮਚਾਈ ਤਬਾਹੀ -ਕਈ ਘਰ ਨੁਕਸਾਨੇ, ਬਿਜਲੀ ਗੁੱਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਚੱਕਰਵਾਤੀ ਤੂਫਾਨ, ‘ਸੈਰੋਜਾ’ ਨੇ ਪੱਛਮੀ ਆਸਟ੍ਰੇਲੀਆ ਅੰਦਰ ਬੀਤੀ ਰਾਤ ਤੋਂ ਕਾਫੀ ਤਬਾਹੀ ਮਚਾਈ ਹੈ ਅਤੇ ਇਸ ਨਾਲ ਬਹੁਤ ਸਾਰੇ ਰਿਹਾਇਸ਼ੀ ਘਰ ਨੁਕਸਾਨੇ ਗਏ ਹਨ ਅਤੇ ਕਈ ਖੇਤਰਾਂ ਅੰਦਰ ਬਿਜਲੀ ਗੁੱਲ ਹੋ ਗਈ ਹੈ।
ਬੀਤੀ ਰਾਤ ਦੇ 8 ਵਜੇ ਕੇ ਕਰੀਬ, ਸੈਰੋਜਾ ਚੱਕਰਵਾਤੀ ਤੂਫਾਨ ਨੇ ਕਾਲਾਬਾਰੀ ਖੇਤਰ ਵਿੱਚ ਦਸਤਕ ਦਿੱਤੀ ਅਤੇ ਤੀਸਰੀ ਸ਼੍ਰੇਣੀ ਦੇ ਤੂਫਾਨ ਨੇ 170 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੂਫਾਨੀ ਹਵਾਵਾਂ ਨਾਲ, ਪੂਰੀ ਤਬਾਹੀ ਨਾਲ ਹਮਲਾ ਕਰ ਦਿੱਤਾ ਅਤੇ ਤਬਾਹੀ ਮਚਾਉਂਦਾ ਉਕਤ ਤੂਫਾਨ ਹੁਣ ਪੂਰਬੀ ਵ੍ਹੀਟ ਬੈਲਟ, ਦੱਖਣੀ ਗੋਲਡ ਫੀਲਡਜ਼ ਅਤੇ ਦੱਖਣ-ਪੂਰਬੀ ਸਮੁੰਦਰੀ ਖੇਤਰਾਂ ਵੱਲ ਨੂੰ ਵੱਧ ਗਿਆ ਹੈ ਅਤੇ ਇਸ ਸਮੇਂ ਇਸ ਦੀ ਰਫ਼ਤਾਰ 100 ਕਿਲੋ ਮੀਟਰ ਪ੍ਰਤੀ ਘੰਟਾ ਦੀ ਹੈ।
ਪ੍ਰਭਾਵਿਤ ਖੇਤਰਾਂ ਆਦਿ ਵਿੱਚ ਪ੍ਰਸ਼ਾਸਨ ਅਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਬਚਾਉ ਅਭਿਆਨ ਜਾਰੀ ਹਨ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਨੂੰ ਕਿਹਾ ਜਾ ਰਿਹਾ ਹੈ।
ਕਾਲਾਬਾਰੀ ਅਤੇ ਗੈਰਾਲਡਟਨ ਖੇਤਰ ਵਿੱਚ ਇਸ ਤੂਫਾਨ ਦਾ ਸਭ ਤੋਂ ਵੱਧ ਅਸਰ ਦੇਖਣ ਨੰ ਮਿਲਿਆ ਹੈ ਅਤੇ ਲੋਕਾਂ ਨੂੰ ਮੋਮਬੱਤੀ ਆਦਿ ਦੇ ਸਹਾਰੇ ਨਾਲ ਰਾਤ ਗੁਜ਼ਾਰਨੀ ਪਈ ਸੀ। ਹਰ ਪਾਸੇ ਦਰਖ਼ਤ ਗਿਰੇ ਹੋਏ ਦੇਖੇ ਜਾ ਸਕਦੇ ਹਨ, ਘਰਾਂ ਦੀ ਤਬਾਹੀ ਦਾ ਮੰਜ਼ਰ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ।
ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬੀਤੀ ਕੱਲ੍ਹ ਰਾਤ ਤੋਂ 150 ਤੋਂ ਵੀ ਜ਼ਿਆਦਾ ਮਦਦ ਦੀਆਂ ਕਾਲਾਂ ਕਾਲਾਬਾਰੀ ਖੇਤਰ ਵਿੱਚੋਂ ਆਈਆਂ ਅਤੇ ਵੈਸਟਰਨ ਪਾਵਰ ਦਾ ਕਹਿਣਾ ਹੈ ਕਿ 15,000 ਤੋਂ ਵੀ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ।
ਵੈਸੇ ਬੀਤੇ ਸ਼ੁਕਰਵਾਰ ਤੋਂ ਹੀ ਇਸ ਤੂਫਾਨ ਦੀ ਆਮਦ ਦੀਆਂ ਚਿਤਾਵਨੀਆਂ ਜਨਤਕ ਤੌਰ ਤੇ ਦਿੱਤੀਆਂ ਜਾ ਰਹੀਆਂ ਸਨ ਅਤੇ ਹੁਣ ਟੁੱਟੀਆਂ ਸੜਕਾਂ ਅਤੇ ਗਿਰੇ ਹੋਏ ਦਰਖ਼ਤਾਂ ਕਾਰਨ ਮਦਦ ਪਹੁੰਚਾਉਣ ਵਿੱਚ ਪ੍ਰਸ਼ਾਸਨ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਰੈਡ-ਅਲਰਟ ਖ਼ਤਮ ਕੀਤਾ ਜਾਂਦਾ ਹੈ, ਤਾਂ ਤੁਰੰਤ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਤੂਫਾਨ ਤਾਂ ਉਨ੍ਹਾਂ ਨੇ ਬੀਤੇ ਕਈ ਦਸ਼ਕਾਂ ਦੌਰਾਨ ਨਹੀਂ ਦੇਖਿਆ ਅਤੇ ਉਨ੍ਹਾਂ ਕਿਹਾ ਕਿ ਕਾਰਨਾਰਵਨ ਤੋਂ ਲੈਂਸਲਿਨ ਖੇਤਰਾਂ ਦੇ ਨਾਲ ਨਾਲ ਕੂਰੋਅ, ਕਾਰਨਾਮਾਹ, ਡਲਵਾਲਿਨੋ, ਡੈਨਹੈਮ, ਜੂਰੀਅਨ ਬੇਅ, ਲੈਂਸਲਿਨ, ਮੂਰਾ, ਪੇਅਨਜ਼ ਫਾਈਂਡ ਅਤੇ ਵੋਨਗਾਨ ਹਿਲਜ਼ ਆਦਿ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਹਿਤਿਆਦ ਵਰਤਣ ਨੂੰ ਕਿਹਾ ਗਿਆ ਹੈ। ਹੋਰ ਖੇਤਰਾਂ ਤੋਂ ਇਲਾਵਾ, ਗੈਰਾਲਡਟਨ, ਮਾਰਨਾਮਾਹ ਸ਼ਾਇਰ, ਕੂਰੋ, ਚੈਂਪਮੈਨ ਵੈਲੀ, ਇਰਵਿਨ, ਮਿੰਗੈਨੀਊ, ਮੋਰਾਵਾ, ਨਾਰਥੈਂਪਟਨ, ਪੈਰਨਜੋਰੀ, ਸ਼ਾਰਕ ਬੇਅ ਅਤੇ ਥਰੀ ਸਪ੍ਰਿੰਗਜ਼ ਦੇ ਖੇਤਰ ਵੀ ਅਲਰਟ ਵਾਲੇ ਖੇਤਰਾਂ ਵਿੱਚ ਸ਼ਾਮਿਲ ਹਨ।
ਪੋਰਟ ਡੈਨੀਸਨ, ਕਾਰਨਾਰਵਨ ਅਤੇ ਡੈਨਹੈਮ ਵਿਖੇ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ।

Install Punjabi Akhbar App

Install
×