ਨਿਸ਼ਕਾਮ ਸਿੱਖ ਵੈੱਲਫੇਅਰ ਵੱਲੋਂ ਲੋੜਵੰਦ ਵਿਧਵਾ ਨੂੰ ਉਸਾਰੀ ਉਪਰੰਤ ਮਕਾਨ ਦੀਆਂ ਚਾਬੀਆਂ ਸੌਂਪੀਆਂ

ਪਿੰਡ ਵੀਰੇ ਵਾਲਾ ਕਲਾਂ ਦੇ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪਦੇ ਹੋਏ ਸ: ਹਰਜੀਤ ਸਿੰਘ ਸੰਧੂ ਡਾਇਰੈਕਟਰ ਜਨਰਲ ਭਾਰਤ ਸਰਕਾਰ ਅਤੇ ਹੋਰ ਪਤਵੰਤੇ….. (ਤਸਵੀਰ ਗੁਰਭੇਜ ਸਿੰਘ ਚੌਹਾਨ )

ਫਰੀਦਕੋਟ, 1 ਮਾਰਚ — ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਵਲੋਂ ਪਿੰਡ ਵੀਰੇ ਵਾਲਾ ਕਲਾਂ ਦੇ ਲੋੜਵੰਦ ਵਿਧਵਾ ਔਰਤ ਦੇ ਪਰਿਵਾਰ ਦੀ ਘਰ ਦੀ ਉਸਾਰੀ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਫਰੀਦਕੋਟ ਜੋਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਾਦਿਕ ਨੇੜਲੇ ਪਿੰਡ ਵੀਰੇ ਵਾਲਾ ਕਲਾਂ ਦਾ ਵਸਨੀਕ ਹਰਜੀਤ ਸਿੰਘ ਜੋ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ, ਬੱਚਿਆਂ ਦੇ ਸਿਰ ‘ਤੇ ਛੱਤ ਨਾ ਉਸਾਰ ਸਕਣ ਦੇ ਦੁੱਖ ਵਿੱਚ ਆਤਮ ਹੱਤਿਆ ਕਰ ਗਿਆ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਪਿੰਡ ਦੇ ਨੌਜਵਾਨ ਹਰਵਿੰਦਰ ਸਿੰਘ ਅਤੇ ਲੋਕ ਗਾਇਕ ਹਰਿੰਦਰ ਸੰਧੂ ਵੱਲੋਂ ਪਰਿਵਾਰ ਦੇ ਸਿਰ ‘ਤੇ ਛੱਤ ਉਸਾਰਨ ਦਾ ਉਪਰਾਲਾ ਕਰਦਿਆਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਾਲ ਸੰਪਰਕ ਕੀਤਾ ਗਿਆ। ਜਿਸ ‘ਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵਲੋਂ ਭਾਈ ਜੈਤਾ ਜੀ ਆਵਾਸ ਯੋਜਨਾ ਤਹਿਤ ਤਿੰਨ ਛੋਟੇ ਛੋਟੇ ਬੱਚਿਆਂ ਦੀ ਵਿਧਵਾ ਮਾਂ ਪਰਮਜੀਤ ਕੌਰ ਦਾ ਘਰ ਉਸਾਰਨ ਦਾ ਫੈਸਲਾ ਕੀਤਾ ਗਿਆ। ਘਰ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਪਰਿਵਾਰ ਨੂੰ ਘਰ ਦੀ ਚਾਬੀ ਸਪੁਰਦ ਕਰਨ ਲਈ ਫਰੀਦਕੋਟ ਦੇ ਜੰਮਪਲ ਅਤੇ ਜਹਾਜ਼ਰਾਨੀ ਵਿਭਾਗ, ਭਾਰਤ ਸਰਕਾਰ ਵਿੱਚ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਤੈਨਾਤ ਹਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਨਿਸ਼ਕਾਮ ਸਿੱਖ ਕੌਂਸਲ ਦੇ ਸੇਵਾਦਾਰਾਂ ਨਾਲ ਪਿੰਡ ਵੀਰੇ ਵਾਲਾ ਕਲਾਂ ਪੁੱਜੇ ਅਤੇ ਵਿਧਵਾਂ ਔਰਤ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ। ਉਨ੍ਹਾਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਘਰ ਦੀ ਉਸਾਰੀ ਵਿਚ ਲੋਕ ਗਾਇਕ ਹਰਿੰਦਰ ਸੰਧੂ ਵਲੋਂ ਵੀ 25000 ਰੁਪਏ ਦਾ ਯੋਗਦਾਨ ਪਾਇਆ ਗਿਆ ਅਤੇ ਡਾ: ਗੁਰਸੇਵਕ ਸਿੰਘ ਢਿੱਲੋਂ ਵਾਸੀ ਸਾਦਿਕ ਵਲੋਂ ਇਸ ਪਰਿਵਾਰ ਲਈ ਰਾਸ਼ਨ ਦੀ ਸੇਵਾ ਕੀਤੀ ਗਈ। ਇਸ ਮੌਕੇ ‘ਤੇ ਲੋਕ ਗਾਇਕ ਹਰਿੰਦਰ ਸੰਧੂ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ, ਡਾ. ਗੁਰਿੰਦਰ ਮੋਹਨ ਸਿੰਘ, ਡਾ. ਗੁਰਸੇਵਕ ਸਿੰਘ ਢਿੱਲੋਂ, ਪ੍ਰਭਜੋਤ ਸਿੰਘ ਗਗਨ ਅਤੇ ਮਨਦੀਪ ਸਿੰਘ ਵੀ ਹਾਜਰ ਸਨ।

Install Punjabi Akhbar App

Install
×