ਆਸਟੇ੍ਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਐਨਜੈਕ ਦਿਵਸ ਮੌਕੇ ਪਹਿਲੀ-ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਯਾਦ ਕਰਦਿਆ ਆਯੋਜਿਤ ਸਮਾਗਮਾਂ ਵਿੱਚ ਸ਼ਰਧਾਂਜਲੀ ਦਿੱਤੀ ਗਈ। ਵੈਸਟਰਨ ਆਸਟੇ੍ਲੀਆ ਵਿੱਚ ਪਰਥ ਵਿਖੇ ਕਿੰਗਜ ਪਾਰਕ ਵਿੱਚ ਬਣੇ ਜੰਗ ਯਾਦਗਾਰੀ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਰਾਜਪਾਲ ਕੈਰੀ ਸੈਂਡਰਸਨ, ਸੂਬਾਮੁਖੀ ਪੀ੍ਮੀਅਰ ਬਾਰਨੇਟ, ਆਰਐਸਐਲ ਸਟੇਟ ਪ੍ਰਧਾਨ ਗ੍ਾਹਮ ਹੈਨਡਰਸਨ,ਸਾਬਕਾ ਫੌਜ ਅਧਿਕਾਰੀਆਂ ਤੇ ਜਵਾਨਾਂ ਸਮੇਤ 10000 ਦੇ ਕਰੀਬ ਲੋਕ ਹਾਜ਼ਰ ਹੋਏ। ਅੱਜ ਪਰਥ ਸ਼ਹਿਰ ਵਿੱਚ ਸੈਂਟ ਜਾਰਜ ਟੈਰਸ ਤੇ ਫੌਜ ਦੀਆ ਵੱਖ-ਵੱਖ ਟੁਕੜੀਆਂ ਵੱਲੋਂ ਬਹੁਤ ਦਿਲਕਸ ਪਰੇਡ ਦਾ ਮੁਜ਼ਾਹਰਾ ਕੀਤਾ। ਇਸ ਤੋਂ ਇਲਾਵਾ ਆਸਟੇ੍ਲੀਆ ‘ਚ ਵਸਦੇ ਭਾਈਚਾਰਿਆਂ ਵੱਲੋਂ ਅਪਣੇ ਰਵਾਇਤੀ ਪਹਿਰਾਵੇ ਪਹਿਨ ਕੇ ਬੈਂਡ ਤੇ ਬੈਨਰਜ ਸਮੇਤ ਹੱਥਾਂ ਵਿੱਚ ਆਸਟੇ੍ਲੀਅਨ ਝੰਡਾ ਲਹਿਰਾਉਂਦੇ ਹੋਏ ਸ਼ਮੂਲੀਅਤ ਕੀਤੀ। ਇਸ ਦਿਵਸ ਮੌਕੇ ਪੂਰੇ ਆਸਟਰੇਲੀਆ ਵਿੱਚ ਪਬਲਿਕ ਛੁੱਟੀ ਦਾ ਐਲਾਨ ਸੀ। ਭਾਰੀ ਬਾਰਸ਼ ਦੇ ਬਾਵਜੂਦ ਪਰਥ ਵਾਸੀ ਆਯੋਜਿਤ ਪਰੇਡ ਦੇ ਸਵਾਗਤ ਲਈ ਇਕੱਠੇ ਹੋਏ।