ਹੋਦ ਚਿੱਲੜ ਸਿੱਖ ਕਤਲੇਆਮ ਦੇ ਕੇਸਾਂ ਦੀ ਅਹਿਮ ਸੁਣਵਾਈ (ਭਲਕੇ) – 15 ਜਨਵਰੀ ਨੂੰ

ਹਰਿਆਣੇ ਦੀ ਬੀ.ਜੇ.ਪੀ. ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਦਾ ਬਚਾਅ ਕਰਕੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕਣ ਤੋਂ ਗੁਰੇਜ਼ ਕਰੇ :- ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

ਨਵੰਬਰ 1984 ਨੂੰ ਹਰਿਆਣੇ ਦੇ ਰੇਵਾੜੀ ਜਿਲੇ ਦੇ ਪਿੰਡ ‘ਹੋਦ ਚਿੱਲੜ’ ਵਿੱਚ ਕਤਲ ਕੀਤੇ ੩੨ ਸਿੱਖਾਂ ਦੇ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 15 ਜਨਵਰੀ ਨੂੰ ਅਹਿਮ ਸੁਣਵਾਈ ਹੋਵੇਗੀ । ਜਿਸ ਵਿੱਚ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਲਈ ਜਸਟਿਸ ਟੀ.ਪੀ. ਗਰਗ ਕਮਿਸ਼ਨ ਵਲੋਂ ਦੋਸ਼ੀ ਠਹਿਰਾਏ ਉੱਚ ਪੁਲਿਸ ਅਧਿਕਾਰੀਆਂ ਐਸ.ਪੀ. ‘ਸਤਿੰਦਰ ਕੁਮਾਰ’, ਡੀ.ਐਸ.ਪੀ. ‘ਰਾਮ ਭੱਜ’, ਐਸ.ਆਈ ‘ਰਾਮ ਕਿਸ਼ੋਰ’ ਅਤੇ ਇੰਨਵੈਸਟੀਗੇਸ਼ਨ ਆਫੀਸਰ ‘ਰਾਮ ਕੁਮਾਰ’ ਖਿਲਾਫ ਹਰਿਆਣਾ ਸਰਕਾਰ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਜੋ ਕਾਰਵਾਈ ਹੋਈ ਉਸ ਸਬੰਧੀ ਮਾਨਯੋਗ ਅਦਾਲਤ ਨੂੰ ਦੱਸਣਾ ਪਵੇਗਾ । ਚੇਤੇ ਰਹੇ ਇਹ ਮਾਮਲਾ 2011 ਵਿੱਚ ਪ੍ਰਕਾਸ ਵਿੱਚ ਆਇਆ ਸੀ ਅਤੇ ਇਸ ਦੀ ਇੰਨਕੁਆਇਰੀ ਲਈ ਜਸਟਿਸ ਟੀ.ਪੀ. ਗਰਗ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ  ਜਸਟਿਸ ਟੀ.ਪੀ. ਗਰਗ ਕਮਿਸ਼ਨ ਵਲੋਂ ਛੇ ਸਾਲ ਲੰਬੀ ਪੜਤਾਲ਼ ਮਗਰੋ ਉਪਰੋਕਤ ਚਾਰ ਅਫਸਰਾਂ ਨੂੰ ਡਿਉਟੀ ਤੋਂ ਕੁਤਾਹੀ ਦਾ ਦੋਸ਼ ਲਗਾਇਆਂ ਸੀ ਪਰ ਹਰਿਆਣੇ ਦੀ ਭਾਜਪਾ ਸਰਕਾਰ ਇਹਨਾਂ ਅਧਿਕਾਰੀਆਂ ਨੂੰ ਲਗਾਤਾਰ ਬਚਾ ਰਹੀ ਹੈ । ਇਸ ਕਮਿਸ਼ਨ ਦੇ ਫੈਸਲੇ ਦੇ ਅਧਾਰ ਤੇ ਇਹਨਾਂ ਅਫਸਰਾਂ ਖਿਲਾਫ ‘ਹੋਦ ਚਿੱਲੜ ਤਾਲਮੇਲ ਕਮੇਟੀ’ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਵਲੋਂ 2017 ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸਨ ਨੰ : 17337 ਦਾਇਰ ਕੀਤੀ ਗਈ ਸੀ । ਪਿਛਲੀ ਤਰੀਕ ਤੇ ਹਰਿਆਣਾ ਸਰਕਾਰ ਵਲੋਂ ਇਹ ਕਿਹਾ ਗਿਆ ਸੀ ਕਿ ਮਾਮਲਾ ਪੁਰਾਣਾ ਹੈ ਅਤੇ ਇਸ ਕਤਲੇਆਮ ਦੀ ਕਲੋਜਿੰਗ ਰਿਪੋਰਟ ਪਾਈ ਜਾ ਚੁੱਕੀ ਹੈ ਇਸ ਲਈ ਇਹ ਮਾਮਲਾ ਬਣਦਾ ਨਹੀਂ ਪਰ ਮਾਨਯੋਗ ਹਾਈ ਕੋਰਟ ਨੇ ਇਹ ਕਹਿੰਦਿਆਂ ਕਿ ਇਹ ਕੋਈ ਸਧਾਰਨ ਮਾਮਲਾ ਨਹੀ 32 ਲੋਕਾਂ ਦੇ ਕਤਲ ਦੀ ਗੱਲ ਹੈ ਕੋਰਟ ਨੂੰ ਦੱਸਿਆ ਜਾਵੇ ਕਿ ਅੇਨੇ ਸਾਲਾਂ ਵਿੱਚਸਰਕਾਰ ਨੇ ਕੀ ਕੀਤਾ ।ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਸਕੱਤਰ ਗਿਆਨ ਸਿੰਘ ਨੇ ਕਿਹਾ ਕਿ ਉਪਰੋਕਤ ਪੁਲਿਸ ਅਧਿਕਾਰੀਆਂ ਸਬੰਧੀ ਜਦੋਂ ਉਹ ਤੱਥਾਂ ਦੀ ਜਾਂਚ ਕਰ ਰਹੇ ਸਨ ਤਾਂ ਉਹ ਦੇਖਕੇ ਹੈਰਾਨ ਰਹਿ ਗਏ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਸਿੱਖਾਂ ਦੇ ਕਤਲੇਆਮ ਦੇ ਇਨਾਮ ਵਜੋਂ ਉਦੋਂ ਦੀ ਕਾਗਰਸ ਦੀ ਭਜਨ ਲਾਲ ਦੀ ਸਰਕਾਰ ਨੇ ਬੇਨਿਯਮੀਆਂ ਤਰੱਕੀਆਂ ਵੀ ਦਿੱਤੀਆਂ । ਇਹਨਾਂ ਤਰੱਕੀਆਂ ਨੂੰ ਉਹਨਾਂ ਮਾਨਯੋਗ ਜਸਟਿਸ ਟੀ.ਪੀ. ਗਰਗ ਦੇ ਧਿਆਨ ਹਿੱਤ ਲਿਆਂਦਾ ਸੀ, ਉਸੇ ਨੂੰ ਅਧਾਰ ਬਣਾ ਕੇ ਉਹਨਾਂ ਆਪਣੀ ਹਰਿਆਣਾ ਸਰਕਾਰ ਨੂੰ 200 ਸਫਿਆਂ ਦੀ ਸੌਪੀ ਰਿਪੋਰਟ ਵਿੱਚ ਇਹਨਾਂ ਅਫਸਰਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ । ਤਾਲਮੇਲ ਕਮੇਟੀ ਦੇ ਆਗੂਆਂ ਕਿਹਾ ਅਦਾਲਤਾਂ ਦਾ ਫਰਜ਼ ਹੈ ਕਿ ਉਹ ਸਿੱਖਾਂ ਨਾਲ਼ ਨਿਆਂ ਕਰਨ ਅਤੇ ਸਖਤ ਕਾਰਵਾਈ ਕਰੇ। ਉਹਨਾਂ ਕਿਹਾ ਕਿ ਮਾਨਯੋਗ ਕੋਰਟ ਵਲੋਂ ਪਿਛਲੀ ਤਰੀਕ ਤੇ ਦਿਖਾਈ ਸਖਤੀ ਤੋਂ ਲੱਗਦਾ ਸੀ ਕਿ ਸਾਇਦ ਹਰਿਆਣਾ ਸਰਕਾਰ ਇਹਨਾਂ ਦੋਸ਼ੀਆਂ ਖਿਲਾਫ ਸਿੱਟ ਬਣਾਏਗੀ ਪਰ ਅਜਿਹਾ ਕੁੱਝ ਨਹੀਂ ਹੋਇਆਂ ਅਤੇ ਹਰਿਆਣੇ ਦੀ ਬੀ.ਜੇ.ਪੀ. ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਦਾ ਬਚਾਅ ਕਰਕੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕ ਰਹੀ ਹੈ ਜਿਸ ਨੂੰ ਸਿੱਖ ਕੌਮ ਕਦੇ ਬਰਦਾਸਤ ਨਹੀਂ ਕਰੇਗੀ ।ਉਹਨਾਂ ਦੀ ਲੜਾਈ ਇੰਨਸਾਫ ਮਿਲਣ ਤੱਕ ਜਾਰੀ ਰਹੇਗੀ ।

Install Punjabi Akhbar App

Install
×