ਕਸ਼ਮੀਰ ਦੀ ਸਭ ਤੋਂ ਵੱਡੀ ਅੱਤਵਾਦੀ ਜਥੇਬੰਦੀ, ਹਿਜ਼ਬੁਲ ਮੁਜ਼ਾਹਦੀਨ

hizbul mujahideen

ਕਸ਼ਮੀਰ ਵਿੱਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀ ਬੁਰਹਾਨ ਮੁਜੱਫਰ ਵਾਨੀ ਦੇ ਮਰਨ ਤੋਂ ਬਾਅਦ ਸ਼ੁਰੂ ਹੋਏ ਦੰਗਿਆਂ ਵਿੱਚ ਹੁਣ ਤੱਕ ਪੁਲਿਸ ਵਾਲਿਆਂ ਸਮੇਤ 34 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਥਾਣੇ, ਚੌਂਕੀਆਂ, ਅਤੇ ਸਰਕਾਰੀ ਦਫਤਰ ਅੱਗ ਲਗਾ ਕੇ ਫੂਕ ਦਿੱਤੇ ਗਏ ਹਨ। ਥਾਣਿਆਂ ਵਿੱਚੋਂ 50 ਦੇ ਕਰੀਬ ਅੱਤ ਆਧੁਨਿਕ ਹਥਿਆਰ ਅਤੇ ਗੋਲੀ ਸਿੱਕਾ ਭੀੜ ਨੇ ਲੁੱਟ ਲਿਆ ਹੈ। ਕਸ਼ਮੀਰ ਦੇ ਅਨੇਕਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸ ਸਾਰੀ ਗੜਬੜ ਨੂੰ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜ਼ਾਹਦੀਨ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਹਵਾ ਦੇ ਰਹੀ ਹੈ।
ਹਿਜ਼ਬੁਲ ਮੁਜ਼ਾਹਦੀਨ ਦੀ ਸਥਾਪਨਾ ਸਤੰਬਰ 1989 ਵਿੱਚ ਇੱਕ ਸਰਕਾਰੀ ਮਾਸਟਰ ਮੁਹੰਮਦ ਅਹਿਸਾਨ ਡਾਰ ਨੇ ਕੀਤੀ ਸੀ। ਇਸ ਨੂੰ ਭਾਰਤ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਅੱਤਵਾਦੀ ਜਥੇਬੰਦੀ ਘੋਸ਼ਿਤ ਕਰਕੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਪ੍ਰਮੁੱਖ ਨੇਤਾਵਾਂ ਵਿੱਚ ਸ਼ੇਖ ਅਬਦੁਲ ਵਾਹੀਦ, ਅਸ਼ਰਫ ਡਾਰ, ਅਬਦੁਲ ਮਜ਼ੀਦ ਡਾਰ, ਗੁਲਾਮ ਰਸੂਲ ਡਾਰ, ਅਲੀ ਮੁਹੰਮਦ ਡਾਰ ਅਤੇ ਮੁਹੰਮਦ ਯੂਸਫ ਸ਼ਾਹ ਸ਼ਾਮਲ ਹਨ। ਮਾਸਟਰ ਮੁਹੰਮਦ ਡਾਰ ਨੂੰ 1993 ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਦੀ ਵਾਗਡੋਰ ਸਈਅਦ ਸਲਾਹੁਦੀਨ ਦੇ ਹੱਥ ਹੈ। ਇਸ ਦਾ ਹੈੱਡਕਵਾਟਰ ਮੁਜੱਫਰਾਬਾਦ, ਮਕਬੂਜ਼ਾ ਕਸ਼ਮੀਰ ਵਿੱਚ ਹੈ। ਇਸ ਗਰੁੱਪ ਦਾ ਮੁੱਖ ਮਕਸਦ ਕਸ਼ਮੀਰ ਨੂੰ ਹਿੰਸਾ ਰਾਹੀਂ ਪਾਕਿਸਤਾਨ ਵਿੱਚ ਸ਼ਾਮਲ ਕਰਨਾ ਹੈ। ਇਸ ਦੀ ਸਥਾਪਨਾ ਆਈ.ਐਸ.ਆਈ. ਨੇ ਅੱਤਵਾਦੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐਲ.ਐਫ) ਨੂੰ ਖਤਮ ਕਰ ਲਈ ਕਰਵਾਈ ਸੀ। ਜੇ.ਕੇ.ਐਲ.ਐਫ ਨੇ ਕਸ਼ਮੀਰ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਾਉਣ ਲਈ ਲੜਾਈ ਕਰਨ ਦੀ ਬਜਾਏ ਅਜ਼ਾਦ ਕਰਾਉਣ ਦਾ ਐਲਾਨ ਕਰ ਦਿੱਤਾ ਸੀ।
ਇਹ ਇਸ ਵੇਲੇ ਕਸ਼ਮੀਰ ਦੀ ਸਭ ਤੋਂ ਵੱਡੀ ਅੱਤਵਾਦੀ ਜਥੇਬੰਦੀ ਹੈ। 1991 ਵਿੱਚ ਇਸ ਵਿੱਚ 10000 ਅੱਤਵਾਦੀ ਸ਼ਾਮਲ ਸਨ। 2000 ਵਿੱਚ ਹਿਜ਼ਬੁਲ ਮੁਜਾਹਦੀਨ ਦੇ ਉਪਰੇਸ਼ਨਲ ਕਮਾਂਡਰ ਅਬਦੁਲ ਮਜ਼ੀਦ ਡਾਰ ਨੇ ਸ੍ਰੀਨਗਰ ਵਿੱਚ ਇਕ ਤਰਫਾ ਜੰਗਬੰਦੀ ਦਾ ਐਲਾਨ ਕਰ ਦਿੱਤਾ। ਇਸ ਦੀ ਪਾਕਿਸਤਾਨੀ ਮੀਡੀਆ ਅਤੇ ਆਈ.ਐਸ.ਆਈ. ਨੇ ਸਖਤ ਅਲੋਚਨਾ ਕੀਤੀ। ਡਾਰ ਅਤੇ ਉਸ ਦੇ ਚਾਰ ਸਾਥੀ ਕਮਾਂਡਰਾਂ ਨੂੰ ਰਾਅ ਦੇ ਏਜੰਟ ਘੋਸ਼ਿਤ ਕਰਕੇ ਸਈਅਦ ਸਲਾਹੁਦੀਨ ਨੂੰ ਜਥੇਬੰਦੀ ਦਾ ਚੀਫ ਨਿਯੁਕਤ ਕਰ ਦਿੱਤਾ ਗਿਆ। ਇਸ ਦੇ ਅਧੀਨ ਜਥੇਬੰਦੀ ਨੇ ਬਹੁਤ ਖੂੰਖਾਰ ਰੂਪ ਧਾਰਨ ਕਰ ਲਿਆ ਹੈ। ਹੁਣ ਤਕ ਇਸ ਦੇ ਹਮਲਿਆਂ ਵਿੱਚ ਸੈਂਕੜੇ ਸੁਰੱਖਿਆਂ ਦਸਤੇ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਵਿੱਚ ਇਸ ਵੇਲੇ 2000 ਦੇ ਕਰੀਬ ਅੱਤਵਾਦੀ ਸ਼ਾਮਲ ਹਨ। ਕਸ਼ਮੀਰ ਵਿੱਚ ਇਸ ਦਾ ਉਪਰੇਸ਼ਨਲ ਕਮਾਂਡਰ ਗਾਜ਼ੀ ਨਸੀਰੁਦੀਨ ਹੈ। ਕਸ਼ਮੀਰ ਵਿੱਚ ਹਿਜ਼ਬ ਦੀਆਂ ਪੰਜ ਡਵੀਜਨਾਂ ਕੰਮ ਕਰ ਰਹੀਆਂ ਹਨ। ਹਿਜ਼ਬ ਨੂੰ ਜਮਾਤੇ ਇਸਲਾਮੀ, ਕਸ਼ਮੀਰ ਅਮਰੀਕਨ ਕੌਂਸਲ ਯੂ.ਐਸ.ਏ., ਵਰਲਡ ਕਸ਼ਮੀਰ ਫਰੀਡਮ ਮੂਵਮੈਂਟ ਯੂ.ਐਸ.ਏ., ਆਈ.ਐਸ.ਆਈ. ਅਤੇ ਅਫਗਾਨ ਤਾਲਿਬਾਨ ਤੋਂ ਆਰਥਿਕ ਸਹਾਇਤਾ ਅਤੇ ਟਰੇਨਿੰਗ ਮਿਲਦੀ ਹੈ।
ਹਿਜ਼ਬੁਲ ਮੁਜਾਹਦੀਨ ਦੇ ਮੌਜੂਦਾ ਮੁੱਖੀ ਸਈਅਦ ਮੁਹੰਮਦ ਯੂਸਫ ਸ਼ਾਹ ਉਰਫ ਸਈਅਦ ਸਲਾਹੁਦੀਨ ਦਾ ਜਨਮ 18 ਫਰਵਰੀ 1946 ਨੂੰ ਬਦਗਾਮ, ਜੰਮੂ ਕਸ਼ਮੀਰ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਬਾਪ ਡਾਕ ਵਿਭਾਗ ਵਿੱਚ ਕੰਮ ਕਰਦਾ ਸੀ। ਪੜ੍ਹਾਈ ਦੇ ਦੌਰਾਨ ਹੀ ਉਹ ਜਮਾਤੇ ਇਸਲਾਮੀ ਵਿੱਚ ਸ਼ਾਮਲ ਹੋ ਗਿਆ ਤੇ ਬਾਅਦ ਇੱਕ ਮਦਰੱਸੇ ਵਿੱਚ ਟੀਚਰ ਬਣ ਗਿਆ। ਉਸ ਦੇ ਪੰਜ ਲੜਕੇ ਤੇ ਦੋ ਲੜਕੀਆਂ ਹਨ। ਇਹ ਬਹੁਤ ਹੈਰਾਨੀਜਨਕ ਹੈ ਕਿ ਭਾਰਤ ਦੇ ਖਿਲਾਫ ਜੰਗ ਛੇੜ ਕੇ ਸੈਂਕੜੇ ਭਾਰਤੀਆਂ ਨੂੰ ਕਤਲ ਕਰਨ ਵਾਲੇ ਇਸ ਬੇਰਹਿਮ ਅੱਤਵਾਦੀ ਦੇ ਚਾਰ ਲੜਕੇ ਜੰਮੂ ਕਸ਼ਮੀਰ ਵਿੱਚ ਉੱਚ ਸਰਕਾਰੀ ਅਫਸਰ ਹਨ ਤੇ ਦੋਵੇਂ ਲੜਕੀਆਂ ਸਰਕਾਰੀ ਟੀਚਰ ਹਨ। 1987 ਵਿੱਚ ਉਸ ਨੇ ਬਦਗਾਮ ਤੋਂ ਐਮ.ਐਲ.ਏ. ਦੀ ਚੋਣ ਲੜੀ ਪਰ ਹਾਰ ਗਿਆ। ਦੰਗਾ ਕਰਨ ‘ਤੇ ਉਸ ਨੂੰ ਜੇਲ੍ਹ ਵਿੱਚ ਠੂਸ ਦਿੱਤਾ ਗਿਆ। 1989 ਵਿੱਚ ਰਿਹਾ ਹੋਣ ਤੋਂ ਬਾਅਦ ਉਹ ਹਿਜ਼ਬੁਲ ਮੁਜਾਹਦੀਨ ਵਿੱਚ ਸ਼ਾਮਲ ਹੋ ਗਿਆ। ਉਹ ਅੱਜ ਕਲ੍ਹ ਮਕਬੂਜਾ ਕਸ਼ਮੀਰ ਵਿੱਚ ਰਹਿ ਕੇ ਭਾਰਤ ਦੇ ਖਿਲਾਫ ਕਾਰਵਾਈਆਂ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਕਸ਼ਮੀਰੀ ਅੱਤਵਾਦੀ ਗਰੋਹਾਂ ਦੀ ਯੂਨੀਅਨ ਮੁੱਤਹਿਦਾ ਜੇਹਾਦ ਕੌਂਸਲ ਦਾ ਚੇਅਰਮੈਨ ਹੈ। ਜੂਨ 2012 ਵਿੱਚ ਉਸ ਨੇ ਇੱਕ ਇੰਟਰਵਿਊ ਵਿੱਚ ਮੰਨਿਆ ਸੀ ਕਿ ਉਹ ਕਸ਼ਮੀਰ ਵਿੱਚ ਪਾਕਿਸਤਾਨ ਦੀ ਸਿੱਧੀ ਮਦਦ ਨਾਲ ਭਾਰਤ ਦੇ ਖਿਲਾਫ ਲੜਾਈ ਕਰ ਰਿਹਾ ਹੈ। ਉਸ ਨੇ ਧਮਕੀ ਵੀ ਦਿੱਤੀ ਕਿ ਜੇ ਪਾਕਿਸਤਾਨ ਨੇ ਜੇਹਾਦੀਆਂ ਦੀ ਮਦਦ ਬੰਦ ਕਰ ਦਿੱਤੀ ਤਾਂ ਉਹ ਪਾਕਿਸਤਾਨ ਦੇ ਖਿਲਾਫ ਵੀ ਲੜਾਈ ਛੇੜ ਦੇਵੇਗਾ।
ਇਸ ਵੇਲੇ ਕਸ਼ਮੀਰ ਵਿੱਚ ਚੱਲ ਰਹੀ ਗੜਬੜ ਦੇ ਕਾਰਨ ਬਣੇ 10 ਲੱਖ ਦੇ ਇਨਾਮੀ ਅੱਤਵਾਦੀ ਬੁਰਹਾਨ ਮੁਜ਼ੱਫਰ ਵਾਨੀ ਦਾ ਜਨਮ 19 ਸਤੰਬਰ 1994 ਨੂੰ ਜਿਲ੍ਹਾ ਪੁਲਵਾਮਾ ਦੇ ਪਿੰਡ ਦਦਸਾਰਾ ਵਿੱਚ ਹੋਇਆ ਸੀ। ਉਸ ਦਾ ਪਿਤਾ ਮੁਜ਼ੱਫਰ ਅਹਿਮਦ ਵਾਨੀ ਸਕੂਲ ਪ੍ਰਿਸੀਪਲ ਹੈ। ਉਹ 15 ਸਾਲ ਦੀ ਉਮਰ ਵਿੱਚ ਹੀ ਘਰੋਂ ਭੱਜ ਕੇ ਹਿਜ਼ਬੁਲ ਮੁਜਾਹਦੀਨ ਵਿੱਚ ਸ਼ਾਮਲ ਹੋ ਗਿਆ। 16 ਸਾਲ ਦੀ ਉਮਰ ਵਿੱਚ ਉਸ ਨੂੰ ਏਰੀਆ ਕਮਾਂਡਰ ਬਣਾ ਦਿੱਤਾ ਗਿਆ। ਉਹ ਸੋਸ਼ਲ ਮੀਡੀਆ ਦਾ ਬੇਹੱਦ ਸ਼ੌਕੀਨ ਸੀ। ਉਹ ਨੌਜਵਾਨਾਂ ਨੂੰ ਹਿਜ਼ਬੁਲ ਮੁਜਾਹਦੀਨ ਵਿੱਚ ਖਿੱਚਣ ਲਈ ਆਪਣੀਆਂ ਹਥਿਆਰਾਂ ਸਮੇਤ ਫੋਟੋਆਂ ਅਤੇ ਵੀਡੀਉ ਪਾਉਂਦਾ ਰਹਿੰਦਾ ਸੀ ਤੇ ਜੇਹਾਦ ਵਿੱਚ ਸ਼ਾਮਲ ਹੋਣ ਲਈ ਪ੍ਰੇਰਦਾ ਸੀ। ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਦਸਤਿਆਂ ਦਾ ਮਜ਼ਾਕ ਉਡਾਉਣ ਅਤੇ ਲਲਕਾਰਨ ਕਾਰਨ ਉਹ ਨੌਜਵਾਨਾਂ ਵਿੱਚ ਬੇਹੱਦ ਮਕਬੂਲ ਸੀ। 13 ਅਪਰੈਲ 2015 ਨੂੰ ਉਸ ਦਾ ਵੱਡਾ ਭਰਾ ਖਾਲਿਦ ਮੁਜ਼ੱਫਰ ਵਾਨੀ ਜਦੋਂ ਆਪਣੇ ਤਿੰਨ ਦੋਸਤਾਂ ਨਾਲ ਉਸ ਨੂੰ ਮਿਲਣ ਲਈ ਜੰਗਲਾਂ ਵਿੱਚ ਗਿਆ ਤਾਂ ਫੌਜ ਨਾਲ ਮੁਕਾਬਲਾ ਹੋ ਗਿਆ। ਖਾਲਿਦ ਮਾਰਿਆ ਗਿਆ ਤੇ ਤਿੰਨੇ ਦੋਸਤ ਗ੍ਰਿਫਤਾਰ ਕਰ ਲਏ ਗਏ। ਬੁਰਹਾਨ ਬਚ ਨਿਕਲਿਆ। ਆਖਰ 8 ਜੁਲਾਈ 2016 ਨੂੰ ਉਸ ਨੂੰ ਕੋਕਰਨਾਗ ਜਿਲ੍ਹੇ ਦੇ ਪਿੰਡ ਬੰਡੂਰਾ ਵਿੱਚ ਘੇਰ ਲਿਆ ਗਿਆ। ਭਾਰਤੀ ਫੌਜ ਅਤੇ ਕਸ਼ਮੀਰ ਪੁਲਿਸ ਨਾਲ ੩ ਘੰਟੇ ਚੱਲੇ ਮੁਕਾਬਲੇ ਵਿੱਚ ਉਹ ਆਪਣੇ ਦੋ ਸਾਥੀਆਂ, ਸਰਤਾਜ ਅਹਿਮਦ ਸ਼ੇਖ ਅਤੇ ਪਰਵੇਜ਼ ਅਹਿਮਦ ਲਸ਼ਕਰੀ ਸਮੇਤ ਮਾਰਿਆ ਗਿਆ। ਹਜਾਰਾਂ ਲੋਕ ਉਸ ਦੇ ਜਨਾਜੇ ਵਿੱਚ ਸ਼ਾਮਲ ਹੋਏ। ਉਸ ਦੀ ਮੌਤ ਕਾਰਨ ਸ਼ੁਰੂ ਹੋਏ ਦੰਗਿਆਂ ਨੇ ਸਾਰੀ ਕਸ਼ਮੀਰ ਘਾਟੀ ਨੂੰ ਲਪੇਟੇ ਵਿੱਚ ਲੈ ਲਿਆ ਹੈ। ਗੜਬੜ ਲਗਾਤਾਰ ਜਾਰੀ ਹੈ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9815124449

Install Punjabi Akhbar App

Install
×