ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਦਾ ਇਤਿਹਾਸ ਵਾਇਆ ਪੰਜਾਬ  

nz punjabi 1

ਬਾਬੇ ਨਾਨਕ ਦੇ ਉੱਜੜ ਜਾਓ ਦੇ ਸ਼ਬਦ ਹੀ ਸਨ । ਜਿਹਨਾਂ ਪੰਜਾਬੀਆਂ ਦੇ ਪੱਲੇ ਪਰਵਾਸ ਪਾਇਆ ,ਅੱਜ ਸੰਸਾਰ ਦੇ ਹਰ ਕੋਨੇ ਵਿਚ ਪੰਜਾਬੀ ਦਿਖਦੇ ਹੀ ਨਹੀਂ ਸਗੋਂ ਮੂਹਰਲੀਆਂ ਸਫਾਂ ਵਿਚ ਸ਼ੁਮਾਰ ਨੇ । ਇਤਿਹਾਸ ਬੰਦੇ ਨੂੰ ਆਪਣੇ ਵੱਲ ਖਿਚਦਾ ਹੈ | ਇਹ ਉਦੋਂ ਹੋਰ ਵੀ ਆਕਰਸ਼ਿਤ ਹੋ ਜਾਂਦਾ ਹੈ ,ਜਦੋਂ ਇਤਿਹਾਸ ਆਪਣੇ ਲੋਕਾਂ ਦਾ ਹੋਵੇ । ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਲੋਕਾਂ ਤੇ ਉਹਨਾਂ ਵਿਚ ਵੀ ਖਾਸ਼ ਤੌਰ ਤੇ ਪੰਜਾਬੀਆਂ ਦੇ ਆਗਮਨ ਬਾਰੇ ਇੰਟਰਨੈੱਟ ਅਤੇ ਸਥਾਨਿਕ ਲਾਇਬ੍ਰੇਰੀ ਵਿਚ ਦਸਤਾਵੇਜ਼ਾਂ ਦੀ ਫਿਰੋਲਾ ਫਰਾਲੀ ਕਰ ਰਿਹਾ ਹਾਂ । ਇਹਨਾਂ ਸਾਰੇ ਦਸਤਾਵੇਜ਼ਾਂ ਦੇ ਅਧਾਰ ਤੇ ਕੁਝ ਨੋਟਿਸ ਤਿਆਰ ਕੀਤੇ | ਉਹ ਨੋਟਿਸ ਆਪਣੇ ਸ਼ਬਦਾਂ ਰਾਹੀਂ ਆਪ ਦੇ ਨਾਲ ਸਾਂਝੇ ਕਰ ਰਿਹਾ ਹਾਂ |   ਨਿਊਜ਼ੀਲੈਂਡ ਵਿਚ ਭਾਰਤੀਆਂ ਦੇ ਆਉਣ ਦਾ ਸਮਾਂ ਤਕਰੀਬਨ 1810 ਦੇ ਇਰਦ ਗਿਰਦ ਮੰਨਿਆ ਜਾਂਦਾ ਹੈ । ਜਦੋਂ ਈਸਟ ਇੰਡੀਆਂ ਕੰਪਨੀ ਦੇ ਸਮੁੰਦਰੀ ਬੇੜੇ ਬੰਗਾਲ ਦੇ ਖਾੜੀ ਤੋਂ ਆਸਟਰੇਲੀਆ ਮਹਾਦੀਪ ਵੱਲ ਤੁਰੇ ਸਨ ਤੇ ਇਹਨਾਂ ਦੀ ਆਖਰੀ ਮੰਜ਼ਿਲ ਫਿਜ਼ੀ ਸੀ | ਉਸ ਮੌਕੇ ਓਹਨਾਂ ਸਮੁੰਦਰੀ ਬੇੜਿਆਂ ਵਿਚ ਸੈਨਿਕ, ਮਜਦੂਰ ,ਤੇ ਚਾਲਕ ਅਮਲੇ ਦੇ ਕਾਫੀ ਵੱਡੀ ਤਾਦਾਦ ਵਿਚ ਭਾਰਤੀ ਸ਼ੁਮਾਰ ਸਨ | ਮੰਨਿਆ ਇਹ ਜਾਂਦਾ ਹੈ ਇਹ ਸਾਰੇ ਬੰਗਾਲ ,ਬਿਹਾਰ ਦੇ ਖੇਤਰਾਂ ਵਿਚੋਂ ਆਏ ਸਨ | ਜਾਣਕਾਰੀ ਅਨੁਸਾਰ ਉਕਤ ਸਮੁੰਦਰੀ ਬੇੜੇ ਜਦੋਂ ਆਸਟਰੇਲੀਆ ਤੋਂ ਫਿਜ਼ੀ ਵੱਲ ਤੁਰੇ ਤਾਂ ਰਾਸਤੇ ਵਿਚ ਇਹਨਾਂ ਦਾ ਪੜਾਓ ਨਿਊਜ਼ੀਲੈਂਡ ਸੀ | ਜਿਥੇ ਇੱਕ ਬੰਗਾਲੀ ਮੂਲ ਦਾ ਤੇਜ਼ ਤਰਾਰ ਗੱਬਰੂ ਨਿਊਜ਼ੀਲੈਂਡ ਵਿਚ ਹੀ ਛਾਲ ਮਾਰ ਕੇ ਉੱਤਰ ਗਿਆ | ਉਸਨੇ ਬੇ ਆਫ ਆਈਲੈਂਡ ਦੇ ਖੇਤਰ ਵਿਚ ਇੱਕ ਮੌਰੀ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ 1814 ਤੋਂ ਪੱਕੇ ਰੂਪ ਵਿਚ ਸਟੀਵਰਟ ਆਈਲੈਂਡ ਵਿਚ ਆਪਣੀ ਪਤਨੀ ਨਾਲ ਰਹਿਣ ਲੱਗਾ |  ਇਸਤੋਂ ਬਾਅਦ ਇੱਕ ਹੋਰ ਭਾਰਤੀ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਦਰਜ਼ ਹੈ ਜਿਸਦਾ ਨਾਮ ਐਡਵਰਡ ਪੀਟਰ ਸੀ ਜੋ ਨਿਊਜ਼ੀਲੈਂਡ 1853 ਵਿਚ ਪਹੁੰਚਿਆ ਸੀ  ਤੇ ਸਾਰੇ ਉਸਨੂੰ ਬਲੈਕ ਪੀਟਰ ਸੱਦਦੇ ਸਨ | ਬਲੈਕ ਪੀਟਰ ਭਾਰਤੀ ਮੂਲ ਦਾ ਈਸਾਈ ਸੀ ਤੇ ਉਹ ਆਸਟ੍ਰੇਲੀਆ ਤੋਂ ਹੁੰਦਾ ਹੋਇਆ ਨਿਊਜ਼ੀਲੈਂਡ ਪਹੁੰਚਿਆ ਸੀ । ਮੰਨਿਆ ਇਹ ਜਾਂਦਾ ਹੈ ਬਲੈਕ ਪੀਟਰ ਨੇ ਓਟਾਗੋ ਦੇ ਨਜ਼ਦੀਕ ਟੂਆਪੀਕਾ ਨਾਮ ਦੀ ਸੋਨੇ ਦੀ ਖਾਣ ਆਸਟ੍ਰੇਲੀਅਨ ਗ਼ਬਰੀਅਲ ਰੀਡ ਨਾਲ ਮਿਲਕੇ ਲੱਭੀ ਸੀ |  ਮੰਨਿਆ ਇਹ ਜਾਂਦਾ ਹੈ ਕਿ ਬਲੈਕ ਪੀਟਰ ਨੇ ਇਸ ਦੁਰਾਨ ਇੱਕ ਗੋਰੀ ਨਾਲ ਵਿਆਹ ਕਰਵਾ ਲਿਆ ਪਰ ਅੱਗੇ ਉਸਦੇ ਪਰਿਵਾਰ ਬਾਬਤ ਕੋਈ ਜਾਣਕਾਰੀ ਨਹੀਂ ਮਿਲਦੀ ।1880 ਦੀ ਜਨਗਣਨਾ ਅਨੁਸਾਰ ਨਿਊਜ਼ੀਲੈਂਡ ਵਿਚ ਇੱਕ ਭਾਰਤੀ ਨੂੰ ਪਾਇਆ ਗਿਆ ,ਜੋ 1881 ਵਿਚ 6 ਦਰਜ਼ ਕੀਤੇ ਗਏ  ,1896 ਵਿਚ 46 ਹੋ ਗਏ ਤੇ ਇਹਨਾਂ ਵਿਚ ਅੱਧੇ ਪੰਜਾਬ ਤੋਂ ਆਏ ਹੋਏ ਸਨ | ਭਾਰਤੀਆਂ ਦੀ ਗਿਣਤੀ 1916 ਵਿਚ 181 ਹੋ ਗਈ  । ਜੋ ਉਸਤੋਂ ਪੂਰੇ ਸੌ ਸਾਲ ਬਾਅਦ 2016 ਦੇ ਅੰਕੜਿਆ ਅਨੁਸਾਰ 2 ਲੱਖ ਸੀ ਤੇ ਇਸ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ |

nz punjabi

ਹੁਣ ਰਹੀ ਗੱਲ ਪੰਜਾਬੀਆਂ ਦੀ ਤਾਂ ਸਹੀ ਦਸਤਾਵੇਜਾਂ ਅਨੁਸਾਰ ਨਿਊਜ਼ੀਲੈਂਡ ਵਿਚ ਪਰਵਾਸ ਕਰਨ ਵਾਲੇ ਦੋ ਪੰਜਾਬੀ ਭਰਾ ਹੀ ਸਨ । ਫੁੱਮਣ ਸਿੰਘ ਗਿੱਲ ਤੇ ਬੀਰ ਸਿੰਘ ਗਿੱਲ ਜੋ ਕਿ 1890 ਵਿਚ ਹਾਂਗ ਕਾਂਗ ਤੋਂ ਆਸਟਰੇਲੀਆ ਰਾਹੀ ਨਿਊਜ਼ੀਲੈਂਡ ਪਹੁੰਚੇ ਸਨ  । ਇਹਨਾਂ ਦੋਵਾਂ ਭਰਾਵਾਂ ਦਾ ਪਿਛੋਕੜ ਅਜੋਕੇ ਭਾਰਤੀ ਪੰਜਾਬ ਦੇ ਕੇਂਦਰੀ ਜਿਲੇ ਮੋਗਾ ਦੇ ਪਿੰਡ ਚੜਿੱਕ ਨਾਲ ਜੁੜਿਆ ਹੋਇਆ ਹੈ , ਫੁੱਮਣ ਸਿੰਘ ਗਿੱਲ ਦਾ ਜਨਮ ਚੜਿਕ ਵਿਖੇ ਹੀ ਬੇਲਾ ਸਿੰਘ ਗਿੱਲ ਦੇ ਘਰ 1869 ਵਿਚ ਹੋਇਆ , ਇਹ ਦੋਵੇਂ ਭਰਾ ਗਰੀਬ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਸਨ । ਚੰਗੇ ਭਵਿੱਖ ਲਈ 1880 ਵਿਚ ਬੀਰ ਸਿੰਘ ਘਰੋ ਤੁਰਿਆ ਤੇ 8 ਸਾਲ ਬਾਦ ਛੋਟਾ ਫੁੱਮਣ ਸਿੰਘ ਵੀ ਉਸੇ ਰਸਤੇ ਚੱਲ ਪਿਆ । ਹਾਂਗ ਕਾਂਗ ਵਿਚ ਦੋਵਾਂ ਭਰਾਵਾਂ ਦਾ ਮੇਲ ਹੋਇਆ ਤੇ ਜਿਥੋਂ ਇਹਨਾਂ ਅਗਲੇਰਾ ਰਾਹ ਫੜਿਆ ਜੋ ਨਿਊਜ਼ੀਲੈਂਡ ਪਹੁੰਚ ਮੁਕੰਮਲ ਹੋਇਆ । ਇਹ ਦੋਵੇਂ ਭਰਾ ਵਾਂਗਾਨੂਈ ਤੋਂ ਅਲੱਗ  ਹੋ ਗਏ ਕਿਓਂਕਿ ਇਥੇ ਬੀਰ ਸਿੰਘ ਨੇ ਇੱਕ ਮੌਰੀ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ ਤੇ ਉਹ ਓਥੇ ਹੀ ਵੱਸ ਗਿਆ । ਪਰ ਫੁੱਮਣ ਸਿੰਘ ਅੱਗੇ ਤੁਰਦਾ ਗਿਆ ਤੇ ਆਕਲੈਂਡ ਆ  ਇੱਕ ਮੁਸਲਿਮ ਹਲਵਾਈ ਦੇ ਨਾਲ ਕੰਮ ਕਰਨ ਲੱਗਾ ਤੇ ਨਾਲ ਦੀ ਨਾਲ ਖੁਦ ਵੀ ਕੰਮ ਸਿੱਖਣ ਲੱਗਾ | ਕੰਮ ਸਿਖਣ ਤੋਂ ਬਾਦ ਫੁੱਮਣ ਸਿੰਘ ਵਲਿੰਗਟਨ ਪਹੁੰਚਿਆ ਤੇ ਜਿਥੇ ਉਸਨੇ ਵਲਿੰਗਟਨ ਦੀਆਂ ਗਲੀਆਂ ਵਿਚ ਭਾਰਤੀ ਚਟਨੀਆਂ ਤੇ ਕੜੀਆਂ ਨੂੰ ਹੋਕਾ ਦੇ ਕੇ ਵੇਚਣਾ ਸ਼ੁਰੂ ਕੀਤਾ | ਇਹ ਉਹ ਦੌਰ ਸੀ ਜਦੋਂ ਕੀਵੀ ਲੋਕਾਂ ਦੇ ਮੂੰਹ ਨੂੰ ਭਾਰਤੀ ਪਕਵਾਨਾਂ ਦਾ ਸੁਆਦ ਲੱਗਣ ਲੱਗਾ | ਇਸ ਤਰਾਂ ਥੋੜੇ ਪੈਸੇ ਇਕਠੇ ਹੋਣ ਤੇ ਉਸਨੇ  ਮੁਸਲਿਮ ਦੋਸਤ ਨਾਲ ਰਲ ਕੇ ਆਪਣੀ ਦੁਕਾਨ ਵਲਿੰਗਟਨ ਵਿਚ ਸੁਰੂ ਕਰ ਲਈ ਜੋ ”ਇੰਡੀਅਨ ਲੋਲੀ ਮੈਨੂਫਿਕਚਰ ” ਦੇ ਨਾਮ ਨਾਲ ਜਾਣੀ ਗਈ । ਇਥੇ ਹੀ ਫੁੱਮਣ ਸਿੰਘ ਦਾ ਇੱਕ ਬਰਤਾਨਵੀ ਮੂਲ ਦੀ ਨਰਸ ਮਾਰਗ੍ਰੇਟ ਫੋਰਡ ਨਾਲ ਪਿਆਰ ਪ੍ਰਵਾਨ ਚੜਿਆ ਤੇ ਦੋਵਾਂ ਨੇ 1898 ਵਿਚ ਵਿਆਹ ਕਰਵਾਇਆ । ਜਿਸਤੋਂ ਫੁੱਮਣ ਸਿੰਘ ਦੇ ਘਰ ਤਿੰਨ ਬੱਚੇ ਪੈਦਾ ਹੋਏ |

ਇਥੇ ਹੀ ਗੰਡਾ ਸਿੰਘ ਨਾਮਕ ਇੱਕ ਪੰਜਾਬੀ ਨੌਜਵਾਨ ਫੁੱਮਣ ਸਿੰਘ ਕੋਲ ਕੰਮ ਕਰਨ ਲੱਗਿਆ | ਜਿਸਦੀ ਮੁਹਾਰਤ ਨਾਲ ਫੁੱਮਣ ਸਿੰਘ ਦਾ ਕੰਮ ਕਾਫੀ ਬੁਲੰਦੀਆਂ ਤੇ ਪਹੁੰਚ ਗਿਆ ਤੇ ਓਹ ਪਹਿਲਾ ਭਾਰਤੀ ਤੇ ਪੰਜਾਬੀ ਬਣਿਆ ਜਿਸਨੇ ਵਾਂਗਾਨੂਈ  ਦੀ ਬਰੁਸ਼ਵਿਕ ਵੈਲੀ ਵਿਚ ਆਪਣਾ ਕਾਫੀ ਵੱਡਾ ਓਰਚਿਡ ਯਾਰਡ ਜਾਣੀ ਖੇਤ ਮੁੱਲ ਲਿਆ । ਇਸਤੋਂ ਬਾਦ ਫੁੱਮਣ ਸਿੰਘ ਦੇ ਪਰਵਾਰ ਨੇ ਪਲਮਰਸਟੋਨ ਨਾਰਥ ਵਿਚ ਆਪਣਾ ਬੰਗਲਾ ਨੁਮਾਂ ਘਰ ਵੀ ਖਰੀਦਿਆ ਤੇ ਇਥੇ ਹੀ 27 ਮਈ 1935 ਵਿਚ 65 ਸਾਲ ਦੀ ਉਮਰ ਵਿਚ ਫੁੱਮਣ ਸਿੰਘ ਨੇ ਆਪਣੇ ਸਵਾਸ ਤਿਆਗੇ । ਫੁੱਮਣ  ਸਿੰਘ ਦਾ ਅੰਤਿਮ ਸੰਸਕਾਰ ਵਲਿੰਗਟਨ ਵਿਚ 29 ਮਈ ਨੂੰ ਕੀਤਾ ਗਿਆ ।

phuman singh gill

ਫੁੱਮਣ ਸਿੰਘ ਦੇ ਦੇਹਾਂਤ ਦੁਆਬੇ ਖਾਸ਼ ਤੌਰ ਤੇ ਜਲੰਧਰ ਤੇ ਹੁਸ਼ਿਆਰਪੁਰ  ਤੋਂ ਕਾਫੀ ਤਾਦਾਦ ਵਿਚ ਪੰਜਾਬੀ ਨਿਊਜ਼ੀਲੈਂਡ ਪਹੁੰਚ ਗਏ |ਮੰਨਿਆ ਇਹ ਜਾਂਦਾ ਹੈ ਕਿ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਪਹੁੰਚੇ ਬਹੁਤੇ ਪੰਜਾਬੀ ਆਰਜ਼ੀ ਤੌਰ ਤੇ ਨਿਊਜ਼ੀਲੈਂਡ ਪੈਸੇ ਕਮਾਉਣ ਆਏ ਸਨ | ਇਹਨਾਂ ਵਿਚੋਂ ਬਹੁਤੇ ਪੰਜ ਸੱਤ ਸਾਲਾਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ | ਕੁਝ ਕੁ ਨੇ ਸਥਾਨਕ ਲੋਕਾਂ ਨਾਲ ਵਿਆਹ ਕੀਤੇ ਤੇ ਆਪਣੀ ਮੁਖ ਧਾਰਾਂ ਨਾਲੋਂ ਟੁੱਟਕੇ ਸਥਾਨਿਕ ਲੋਕਾਂ ਵਿਚ ਵਲੀਨ ਹੋ ਗਏ | ਪਹਿਲੀ ਵਿਸ਼ਵ ਜੰਗ ਤੋਂ ਬਾਅਦ ਕੁਝ ਪੰਜਾਬੀਆਂ ਨੇ ਉਸ ਸਮੇਂ ਮੋਟੇ ਟੈਕ੍ਸ ਉਤਾਰ ਕੇ ਆਪਣੇ ਪਰਿਵਾਰ ਨਿਊਜ਼ੀਲੈਂਡ ਬੁਲਾਏ | ਜਿਸ ਕਰਕੇ 1921 ਵਿਚ ਭਾਰਤੀ 700 ਦੇ ਕਰੀਬ ਹੋ ਗਏ ਇਹਨਾਂ ਵਿਚੋਂ 600 ਦੇ ਕਰੀਬ ਪੰਜਾਬੀ ਤੇ ਗੁਜਰਾਤੀ ਹੀ ਸਨ | ਨਿਊਜ਼ੀਲੈਂਡ ਸਰਕਾਰ ਦੀ ਅਰਕਾਈਵ ਅਨੁਸਾਰ 1921 ‘ਚ 15 ਪਰਿਵਾਰ ਪੰਜਾਬ ਤੋਂ ਨਿਊਜ਼ੀਲੈਂਡ ਪਹੁੰਚ ਚੁੱਕੇ ਸਨ | ਜਿਹਨਾਂ ਆਪਣਾ ਆਹਲਣਾ ਮੁਖ ਤੌਰ ਤੇ ਹਮਿੰਲਟਨ ਸ਼ਹਿਰ ਤੇ ਇਸਦੇ ਨੇੜਲੇ ਖੇਤਰਾਂ ਨੂੰ ਬਣਾਇਆ |

first sikh temple in NZ

ਇਸੇ ਸ਼ਹਿਰ ਵਿਚ ਹੀ 1964 ਵਿਚ ਪਹਿਲੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਹੋਂਦ ਵਿਚ ਆਈ ।ਜਿਸ ਸਭਿਆਚਾਰਿਕ ਤੇ ਧਾਰਮਿਕ ਸਰਗਰਮੀਆਂ ਦਾ ਮੁੱਢ ਬੰਨਿਆ ।  ਜੋ ਕਿ 1977 ਵਿਚ ਗੁਰੂਘਰ ਦੇ ਰੂਪ ਵਿਚ ਸਥੂਲ ਹੋਇਆ  , ਤੇ ਹਮਿੰਲਟਨ ਦਾ ਉਪਰੋਕਤ ਗੁਰੂ ਘਰ ਇਸ ਮੁਲਕ ਦਾ ਪਹਿਲਾ ਗੁਰੂ ਘਰ ਬਣਿਆ । ਇਸਤੋਂ ਬਾਦ ਦੂਸਰਾ ਗੁਰੂਘਰ 1986 ਵਿਚ ਓਟਾਹੂਹੂ ਆਕਲੈਂਡ ਵਿਖੇ ਵਿਖੇ ਹੋਂਦ ਵਿਚ ਆਇਆ | ਮੰਨਿਆ ਇਹ ਜਾਂਦਾ ਹੈ ਕਿ ਸਾਡੇ ਪਹਿਲੇ ਪ੍ਰਵਾਸੀਆਂ ਦਾ ਜੀਵਨ ਨਿਊਜ਼ੀਲੈਂਡ ਵਿਚ ਕਾਫ਼ੀ ਸਖਤ ਰਿਹਾ ਹੈ | ਨਿਊਜ਼ੀਲੈਂਡ ਵੱਸਦੀ ਪ੍ਰਵਾਸੀ ਪੰਜਾਬੀਆਂ ਦੀ ਤੀਸਰੀ ਪੀੜੀ ਵਿਚੋਂ ਸਰਦਾਰ ਅਜੀਤ ਸਿੰਘ ਰੰਧਾਵਾ ਦੱਸਦੇ ਹਨ ਕਿ ਹੈਮਿਲਟਨ ਦੇ ਨੇੜੇ ਉਹ ਕਿਹੜਾ ਖੇਤੀ ਯੋਗ ਇਲਾਕਾ ਜਾਂ ਗਾਵਾਂ ਦੇ ਫਾਰਮ ਨਹੀਂ ਹਨ , ਜੋ ਪੰਜਾਬੀਆਂ ਨੇ ਪੁਰਾਣੇ ਜੰਗਲ ਕੱਟਕੇ ਆਬਾਦ ਨਹੀਂ ਕੀਤੇ | ਇਹ ਉਹ ਦੌਰ ਸੀ ਜਿਸ ਵਿਚ 16 ਘੰਟੇ ਦੀ ਲੰਬੀ ਸਿਫਟ ਹੁੰਦੀ ਸੀ ਤੇ ਸਾਰਾ ਦਿਨ ਕੁਹਾੜੇ ਨੂੰ ਵਾਹੁਣਾ ਕੋਈ ਸੌਖਾ ਕਾਰਜ਼ ਨਹੀਂ ਸੀ | ਹਫ਼ਤੇ ਬਾਅਦ ਮਿਲਦੇ ਪੈਸੇ ਕਈ ਬਾਰ ਲੁੱਟੇ ਵੀ ਜਾਂਦੇ ਸਨ | ਪਰ ਉਸ ਮੌਕੇ ਦੇ ਬੁਜ਼ਰਗਾਂ ਵਲੋਂ ਦਿਖਾਏ ਏਕੇ ਨੇ ਦੂਹਰੀ ਲੜਾਈ ਲੜੀ ਇੱਕ ਜੰਗਲਾਂ ਨੂੰ ਆਬਾਦ ਕਰਨ ਦੀ ਤੇ ਟੋਲੀਆਂ ਵਿਚ ਇਕੱਠੇ ਹੋਕੇ ਸਥਾਨਿਕ ਧਾੜਵੀਆਂ ਨਾਲ ਵੀ ਦਸਤਪੰਜਾ ਲੈਕੇ ਆਪਣੇ ਸਰਮਾਏ ਨੂੰ ਸੁਰੱਖਿਅਤ ਕਰਨ ਦੀ, ਅੱਜ ਦਾ ਪ੍ਰਦੇਸ਼ ਸੁਖਾਲਾ ਹੋ ਗਿਆ ਹੈ | ਇਤਿਹਾਸ ਲੱਖੀ ਜੰਗਲ ਤੋਂ ਹੁੰਦਾ ਹੋਇਆ ਵਾਈਕਾਟੋ ਦੇ ਜੰਗਲਾਂ ਵਿਚ ਦੀ ਸਾਡੇ ਸਨਮੁਖ ਹੈ | ਇਹ ਇਤਿਹਾਸ ਪਹਿਚਾਣ ਦੀ ਲੜਾਈ ਦਾ ਹੈ , ਇਹ ਇਤਿਹਾਸ ਆਪਣੇ ਹੱਕ ਹਕੂਕ ਦਾ ਹੈ ਤੇ ਇਹ ਇਤਿਹਾਸ ਰਿਜਕ ਦਾ ਵੀ ਹੈ | ਇਸੇ ਇਤਿਹਾਸ ਵਿਚੋਂ ਲੱਗੇ ਬੂਟੇ ਅੱਜ ਬਿਰਖ ਹਨ ਤੇ ਜਿਹਨਾਂ ਦੀ ਛਾਂ ਅਸੀਂ ਸਭ ਮਾਣ ਰਹੇ ਹਾਂ |

takanini guru ghar

135 ਵਰ੍ਹਿਆਂ ਵਿਚ ਪੰਜਾਬੀਆਂ ਤੇ 200 ਵਰ੍ਹਿਆਂ ਵਿਚ ਭਾਰਤੀਆਂ ਇਸ ਮੁਲਕ ਨੂੰ ਆਪਣਾ ਤਨ ਮਨ ਦੇ ਕੇ ਆਪਣੀ ਪਹਿਚਾਣ ਇਸ ਖੂਬਸੂਰਤ ਮੁਲਕ ਵਿਚ ਬਣਾਈ ਹੈ | ਇਸੇ ਕਰਕੇ ਅਸੀਂ ਅੱਜ ਮਾਣ ਨਾਲ ਸਮੁਚੇ ਨਿਊਜ਼ੀਲੈਂਡ ਨੂੰ ਆਪਣੇ ਕਲਾਵੇ ਵਿਚ ਲੈ ਰਹੇ ਹਾਂ ਆਪਣਾ ਯੋਗਦਾਨ ਪਾ ਰਹੇ ਹਾਂ | ਅੱਜ ਪਾਰਲੀਮੈਂਟ ਵਿਚ ਸਾਡੇ ਤਿੰਨ ਚੇਹਰੇ ਦਗਦੇ ਮੱਘਦੇ ਹਨ | ਅੱਜ ਗੁਰੂਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਨਿਊਜ਼ੀਲੈਂਡ ਦਾ ਹੀ ਨਹੀਂ ਸਗੋਂ ਸੰਸਾਰ ਦਾ ਪਹਿਲਾ ਗੁਰੂ ਘਰ ਬਣ ਗਿਆ ਹੈ | ਜਿੱਥੇ ਇੱਕ ਸਥਾਨ ਤੇ ਗੁਰੂ ਘਰ ਦੀ ਇਮਾਰਤ ,ਬੱਚਿਆਂ ਦਾ ਸਕੂਲ ,ਸਿੱਖ ਹੈਰੀਟੇਜ਼ ਸਕੂਲ ,ਵਰਲਡ ਕਲਾਸ 8 ਕੌਮਾਂਤਰੀ ਖੇਡਾਂ ਦਾ ਓਲੰਪਿਕ ਪੱਧਰ ਦਾ ਖੇਡ ਗਰਾਂਊਂਡ ,ਗੁਰੂ ਘਰ ਦੀਆਂ ਜਰੂਰਤਾਂ ਲਈ ਵੈਜ਼ੀ ਗਾਰਡਨ  ਹੈ | ਇਹ ਇੱਕ ਦਹਾਕਿਆਂ ਵਿਚ ਅਣਗਿਣਤ ਲੋਕਾਂ ਦੀ ਮੇਹਨਤ ਦਾ ਨਤੀਜ਼ਾ ,ਜਿਸਦੀ ਸ਼ੁਰੂਆਤ ਕਰਨ ਵਾਲੇ ਇਸ ਮੁਕਾਮ ਬਾਬਤ ਕੋਈ ਅੰਦਾਜ਼ਾ ਵੀ ਨਹੀਂ ਸਨ ਲਗਾ ਸਕਦੇ |

ਤਰਨਦੀਪ ਬਿਲਾਸਪੁਰ (ਆਕਲੈਂਡ )
0064220491964

Install Punjabi Akhbar App

Install
×