ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ …? 

  • ਉਹ ਕਦੋਂ ਤੇ ਕਿਵੇਂ ਆਏ ?
  • ਪਹਿਲੇ ਕੰਮ ?

tarandeep bilaspur 190624 ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ auzi 1

ਆਸਟਰੇਲੀਆ ਦੇ ਪੁਰਾਤਤਵ ਵਿਭਾਗ ਕੋਲ ਪਹਿਲੇ ਪੰਜਾਬੀ ਕਦੋਂ ਆਸਟਰੇਲੀਆ ਪੁੱਜੇ ਬਾਬਤ ਸਹੀ ਜਾਣਕਾਰੀ ਨਹੀਂ ਹੈ | ਪਰ ਕੁਝ ਸਰੋਤ ਅਤੇ ਇਤਿਹਾਸ ਦੇ ਜਾਣਕਾਰ ਦੱਸਦੇ ਹਨ ਕਿ ਅੰਦਾਜੇ ਅਨੁਸਾਰ , ਸਭ ਤੋਂ ਪਹਿਲੇ ਪੰਜਾਬੀ ਮਲਾਇਆ [ਮਲੇਸ਼ੀਆ] ਅਤੇ ਫਿਜ਼ੀ ਤੋਂ ਆਸਟਰੇਲੀਆ ਪੁੱਜੇ ਸਨ ,ਜੋ 1830 ਦੇ ਕਰੀਬ ਪਰਥ ਦੀ ਬੰਦਰਗਾਹ ਤੇ ਉੱਤਰੇ ਸਨ | ਇਸਤੋਂ ਇਲਾਵਾ ਕੁਝ ਲਿਖਤਾਂ ਵੀ ਬੋਲਦੀਆਂ ਹਨ ਕਿ ਪਹਿਲੇ ਪੰਜਾਬੀ ਵੇਸਟਰਨ ਆਸਟਰੇਲੀਆ ਜਿਥੋਂ ਦਾ ਵੱਡਾ ਸ਼ਹਿਰ ਪਰਥ ਹੈ,ਉਸਦੇ ਪੇਂਡੂ ਖੇਤਰਾਂ ਵਿਚ ਪੁੱਜੇ ਸਨ ਕਿਓਂਕਿ ਇਹ ਪ੍ਰਾਂਤ ਇੰਡੋਨੇਸ਼ੀਆ ਦੇ ਨਜ਼ਦੀਕ ਪੈ ਜਾਂਦਾ ਹੈ ਇਲਾਕਾ ਰੀਮੋਟ ਤੇ ਸਖਤ ਜਲਵਾਯੁ ਵਾਲਾ ਹੋਣ ਕਰਕੇ ਪੰਜਾਬੀਆਂ ਦੇ ਸਖਤ ਪਿੰਡੇ ਨੂੰ ਰਾਸ ਆਇਆ ਹੋਣ ਕਰਕੇ ਇਥੇ ਪਲੇਠੇ ਪੈਰਾਂ ਦੀ ਦਸਤਕ ਦੀ ਤਸਦੀਕ ਕੁਝ ਇਤਿਹਾਸਕ ਤਸਵੀਰਾਂ ਵੀ ਕਰਦੀਆਂ ਹਨ | ਸਰੋਤਾਂ ਅਨੁਸਾਰ ਵੈਸਟਰਨ ਆਸਟ੍ਰੇਲੀਆ ਵਿਚ ਪੰਜਾਬੀਆਂ ਨੇ ਦੂਰ ਦੁਰਾਡੇ ਦੇ ਪਿੰਡਾਂ ਵਿਚ ਜਰੂਰਤ ਦੀਆਂ ਵਸਤਾਂ ਪਹੁੰਚਦੀਆਂ ਕਰਨ ਦਾ ਕੰਮ ਕੀਤਾ | ਇਹ ਵਸਤਾਂ ਦੀ ਢੋਆ ਢੁਆਈ ਕਰਨ ਵਾਲੇ ਪੰਜਾਬੀ ਹਾਕਰ ਵਜੋਂ ਜਾਣੇ ਜਾਂਦੇ ਸਨ |

tarandeep bilaspur 190624 ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ auzi 2

ਇਹਨਾਂ ਫੇਰੀ ਵਾਲੇ ਸਾਡੇ ਪੰਜਾਬੀਆਂ ਵਿਚੋਂ ਵੇਸਟਰਨ ਆਸਟਰੇਲੀਆ ਦੇ ਇੱਕ ਪਿੰਡ Manjimup (ਮੰਜ਼ਿਮਪ ) ਵਿਚ ਫੌਤ ਹੋਏ ਨਿਹਾਲ ਸਿੰਘ ਦੇ ਅੰਤਿਮ ਸੰਸਕਾਰ ਵਾਲੀ ਜਗਾ” ਦੀ ਤਸਵੀਰ ਵੀ ਸਾਂਝੀ ਕਰ ਰਿਹਾਂ ਹਾਂ | ਇਹ ਸਥਾਨ ਅਜੇ ਵੀ ਆਪਣੀ ਪੁਰਾਣੀ ਹਾਲਤ ਵਿਚ ਜਿਓਂ ਦਾ ਤਿਓਂ ਹੈ |  ਪ੍ਰਾਪਤ ਵੇਰਵਿਆਂ ਅਨੁਸਾਰ ਨਿਹਾਲ ਸਿੰਘ ਦਾ ਸੰਸਕਾਰ 1895 ਵਿਚ ਹੋਇਆ ਸੀ | ਉਸ ਸਮੇਂ ਮੁਲਕ ਦੇ ਕਾਨੂੰਨਾਂ ਅਨੁਸਾਰ ਕਿਸੇ ਵੀ ਗੈਰ ਮੁਲਕ ਦੇ ਨਾਗਰਿਕ ਨੂੰ ਜ਼ਮੀਨ ਦੀ ਮਾਲਕੀ ਦਿੱਤੀ ਨਹੀਂ ਜਾਂਦੀ ਸੀ | ਪਰ ਸਥਾਨਿਕ ਅੰਗਰੇਜ਼ ਜਿਹਨਾਂ ਦੀ ਨਿਹਾਲ ਸਿੰਘ ਨਾਲ ਦਹਾਕਿਆਂ ਦੀ ਸਾਂਝ ਸੀ | ਕਿਓਂਕਿ ਨਿਹਾਲ ਸਿੰਘ ਨੇ ਉਹਨਾਂ ਨੂੰ ਪਿੰਡ ਵਿਚ ਹਰ ਸਹੂਲਤ ਪੁੱਜਦੀ ਕਰਨ ਵਿਚ ਭੂਮਿਕਾ ਨਿਭਾਈ ਸੀ | ਜਿਸਦੇ ਚੱਲਦੇ ਸਥਾਨਿਕ ਭਾਈਚਾਰੇ ਨੇ ਸਾਂਝੇ ਰੂਪ ਵਿਚ ਜ਼ਮੀਨ ਦਾ ਇੱਕ ਹਿੱਸਾ ਨਿਹਾਲ ਸਿੰਘ ਦੇ ਅੰਤਿਮ ਸੰਸਕਾਰ ਲਈ ਦਿੱਤਾ|

tarandeep bilaspur 190624 ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ auzi 3

ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ 1845 ਵਿਚ ਮੈਲਬਰਨ ਬੰਦਰਗਾਹ ਤੇ ਪੁੱਜੇ ਪੰਜਾਬੀਆਂ ਦੀ ਕੁਝ ਜਾਣਕਾਰੀ ਵੀ ਆਸਟਰੇਲੀਆ ਦੇ ਪੁਰਾਤਤਵ ਵਿਭਾਗ ਦੀ ਵੇਬਸਾਈਟ ਤੋਂ ਮਿਲਦੀ ਹੈ | ਵੈਬਸਾਈਟ ਅਨੁਸਾਰ ਇਹ ਇੱਕ ਭਾਰਤੀ ਮੂਲ ਦੇ ਕੁਝ ਲੋਕਾਂ ਦਾ ਜਥਾ ਦਰਜ਼ ਕੀਤਾ ਗਿਆ ਹੈ  | ਇਸਤੋਂ ਬਾਦ 1857 ਵਿਚ ਆਸਟਰੇਲੀਆ ਦੀ ਜਨਗਣਨਾਂ ਹੋਈ ਜਿਸ ਵਿਚ ਵਿਕਟੋਰੀਆ ਸੂਬੇ ਵਿਚ 277 ਹਿੰਦੂ ਸਿੱਖ ਉਸ ਜਨਗਣਨਾ ਵਿਚ ਦਰਜ਼ ਕੀਤੇ ਗਏ , ਜੋ ਸਾਰੇ ਪਗੜੀਧਾਰੀ ਸਨ ਤੇ ਐਨਾ ਹੀ ਨਹੀਂ  ਓਹਨਾਂ ਦੀ ਬੋਲੀ ਪੰਜਾਬੀ ਸੀ | ਇਹਨਾਂ ਵਿਚੋ ਬਹੁਤੇ ਖੇਤੀ ਦੇ ਕੰਮ ਜਾਂ ਫਿਰ ਪਿੰਡਾ ਵਿਚ ਜਾਕੇ ਸਮਾਨ ਵੇਚਣ ਦਾ ਕੰਮ ਕਰਦੇ ਸਨ,ਜਿਹਨਾਂ ਬਾਬਤ ਆਪਾਂ ਪਹਿਲਾ ਦਰਜ਼ ਕਰ ਚੁੱਕੇ ਹਨ ਕਿ ਉਹ ਸਥਾਨਿਕ ਲੋਕਾਂ ਵਿਚ ਹਾਕਰ ਵਜੋਂ ਜਾਣੇ ਜਾਂਦੇ ਸਨ  | ਇਹਨਾਂ ਵਿਚੋ ਫਿਰ ਕਾਫੀ ਜਾਣੇ ਅੱਗੇ ਨਿਊ ਸਾਊਥ ਵੇਲਜ਼ ਸੂਬੇ ਦੇ ਸ਼ਹਿਰਾ ਸਿਡਨੀ , ਵੂਲਗੂਗ਼ਲਾ ਦੇ ਨੇੜਲੇ ਪਿੰਡਾ ਵਿਚ ਜਾਕੇ ਵੱਸ ਗਏ | ਵੂਲਗੂਗਲਾ ਦੇ ਕੇਲਾ ਫਾਰਮਾਂ ਵਿਚ ਕੰਮ ਕਰਨ ਲੱਗੇ ਅਤੇ ਕੁਝ ਕਾਰੋਬਾਰੀ ਮੱਸ ਰਖਣ ਵਾਲੇ ਪੰਜਾਬੀ ਗੋਲ੍ਡ ਕੋਸਟ , ਬ੍ਰਿਸਬੇਨ , ਕੇਨਜ਼ ਵੱਲ ਨੂੰ ਵੀ ਹੌਲੇ ਹੌਲੇ ਮੁਹਾਣ ਕਰ ਗਏ, 1881 ਦੀ ਜਨਗਣਨਾ ਮੁਤਾਬਿਕ ਇਹਨਾਂ ਲੋਕਾਂ ਦੀ ਗਿਣਤੀ  998 ਸੀ | ਜੋ 1891 ਦੀ ਜਨਗਣਨਾਂ ਅਨੁਸਾਰ  1700 ਹੋ ਗਈ ਸੀ | ਅੱਗੇ 1901 ਦੀ ਜਨਗਣਨਾਂ ਅਨੁਸਾਰ ਇਹ ਭਾਰਤੀ ਮੂਲ ਦੇ ਹਿੰਦੂ ਸਿੱਖ  4700 ਹੋ ਗਏ ਸਨ | ਪਰ 1901 ਤੋਂ 1973 ਤੱਕ ਚੱਲੀ ”ਵਾਈਟ ਆਸਟਰੇਲੀਆ ਪਾਲਸੀ ” ਤਹਿਤ ਪੰਜਾਬੀ ਪੱਕੇ ਤੌਰ ਤੇ ਆਸਟਰੇਲੀਆ ਆਓਣੇ ਬੰਦ ਹੋ ਗਏ | ਓਹ ਅਸਥਾਈ ਤੌਰ ਤੇ ਖੇਤਾਂ ਵਿਚ ਕੰਮ ਕਰਨ ਲਈ ਫਿਜ਼ੀ ਤੋਂ ਆਓਣ ਲੱਗੇ ਤੇ  ਜਿਆਦਾ ਤਰ ਅੱਗੇ ਜਾਕੇ ਮਲਾਇਆ ਵੱਸਦੇ ਹਨ |

tarandeep bilaspur 190624 ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ auzi 4

ਇਸੇ ਕਰਕੇ 1911  ਦੀ ਜਨਗਣਨਾਂ ਅਨੁਸਾਰ ਇਹਨਾਂ ਪੰਜਾਬੀਆਂ ਦੀ ਗਿਣਤੀ 3698 ਰਹਿ ਜਾਂਦੀ ਹੈ , ਜੋ 1921 ਤੱਕ ਸਿਰਫ 2200 ਹੀ ਹੋ ਜਾਂਦੀ ਹੈ | 1914 ਤੋਂ 1919 ਵਿਚਕਾਰ ਹੋਏ ਪਹਿਲੇ ਵਿਸ਼ਵ ਯੁਧ ਦੁਰਾਨ ਇੱਕ ”ਸਿੱਖ ਰਜਮੈਂਟ ” ਦਾ ਗਠਨ ਅੰਗਰੇਜਾਂ ਵਲੋਂ ਕੀਤਾ ਗਿਆ ਸੀ |  ਇਸ ਵਿਚ ਸਾਰੇ ਭਾਰਤੀ ਹੋਏ ਸਿੱਖ  ਮਲਾਇਆ ,ਫਿਜ਼ੀ ,ਸਿੰਘਾਪੁਰ ,ਇੰਡੋਨੇਸੀਆ ਅਤੇ ਆਸਟਰੇਲੀਆ ਤੋਂ ਹੀ ਲਏ ਗਏ ਸਨ | ਇਸ ਕਰਕੇ 1901 ਤੋਂ ਲਾਗੂ ਹੋਈ ”ਵਾਈਟ ਆਸਟਰੇਲੀਆ ਪਾਲਸੀ ”ਦੇ ਪੀੜਤ ਮੁਲਕ ਛੱਡਣ ਵਾਲੇ ਬਹੁਤੇ ਪੰਜਾਬੀ ਇਸੇ ”ਸਿੱਖ ਰੈਜਮੈਂਟ ” ਵਿਚ ਭਰਤੀ ਹੋਕੇ ਪਹਿਲਾ ਵਿਸ਼ਵ ਯੁੱਧ ਲੜਦੇ ਹਨ | ਇਹਨਾਂ ਵਿਚੋਂ ਅੰਕੜਿਆਂ ਮੁਤਾਬਕ ਤੇਜ਼ ਹਿੱਸਾ ਸ਼ਹੀਦ ਹੋ ਗਏ ਤੇ ਬਾਕੀ ਬਚੇ ਮਲਾਇਆ , ਸਿੰਘਾਪੁਰ , ਰੰਗੂਨ , ਵਿਚ ਹੀ ਸਥਾਨਿਕ ਔਰਤਾਂ ਨਾਲ ਵਿਆਹ ਕਰਵਾਕੇ ਵੱਸ ਗਏ | ਇਸੇ ਸਮੇਂ ਦੁਰਾਨ ਹੀ ਭਾਰਤੀਆਂ ਨੂੰ 1925 ਤੋਂ 1929 ਦੇ ਵਿਚਕਾਰ ਆਸਟਰੇਲੀਆ ਸਰਕਾਰ ਵਲੋਂ ” ਲਿਮਟਿਡ ਪ੍ਰਾਪਰਟੀ ਅਧਿਕਾਰ ” ਦਿੱਤਾ ਗਿਆ ਜਿਸਦੇ ਤਹਿਤ ਓਹ ਵਖ-ਵਖ ਸੂਬਿਆਂ ਦੀ ਆਰਥਿਕਤਾ ਮੁਤਾਬਿਕ ਰਹਿਣ ਜੋਗੀ ਪ੍ਰਾਪਰਟੀ ਹੀ ਖਰੀਦ ਸਕਦੇ ਸਨ | ਕੰਮਾ ਦਾ ਪਸਾਰਾ ਕਰਨ ਲਈ ਓਹਨਾਂ ਨੂੰ ਅੰਗਰੇਜਾਂ ਦਾ ਸਹਾਰਾ ਲੈਣਾ ਪੈਂਦਾ ਸੀ , ਜਾਂ ਓਹਨਾਂ ਦੇ ਨਾਮ ਤੇ ਉਹ ਪ੍ਰਾਪਰਟੀ ਖ਼ਰੀਦਕੇ ਕੰਮ ਕਰਦੇ ਸਨ ਤੇ ਬਦਲੇ ਵਿਚ ਇੱਕ ਰਾਖਵਾਂ ਹਿੱਸਾ ਉਹਨਾਂ ਨੂੰ ਉਹਨਾਂ ਦੇ ਨਾਮ ਵਰਤਣ ਦਾ ਬਤੌਰ ਇਵਜ਼ਾਨਾ ਦਿੰਦੇ ਸਨ  | ਪਰ ਫਿਰ ਵੀ ਉਸ ਸਮੇਂ ਕੁਝ ਕਾਰੋਬਾਰੀ ਹੋਏ ਹਨ ਜਿਹਨਾ ਆਪਣਾਂ ਇੱਕ ਵਖਰਾ ਮੁਕਾਮ ਬਣਾਇਆ | ਓਹਨਾਂ ਵਿਚ ਬਾਬਾ ਰਾਮ ਸਿੰਘ ਤੇ ਉੱਤਮ ਸਿੰਘ ਨਾਮੀਂ ਦੋ ਮਿੱਤਰ ਸਨ|  ਜੋ ਮਲਾਇਆ ਰਾਹੀ 1890 ਵਿਚ ਆਸਟਰੇਲੀਆ ਆਏ ਸਨ | ਇਹਨਾਂ ਦਾ ਪਿਛੋਕੜ ਦੁਆਬੇ ਦੇ ਸ਼ਹਿਰ ਜਲੰਧਰ ਕੋਲ ਦੇ ਕਿਸੇ ਪਿੰਡ ਦਾ ਦੱਸਿਆ ਜਾਂਦਾ ਹੈ | ਇਹਨਾਂ ਵਿਚੋਂ ਬਾਬਾ ਰਾਮ ਸਿੰਘ ਜੋ 106 ਸਾਲ ਦੀ ਲਮੇਰੀ ਉਮਰ ਭੋਗ ਕੇ ਗਏ | ਉਹਨਾਂ ਨੇ 1907 ਵਿਚ ਇੱਕ ਹਾਕਰ ਤੋਂ ਅੱਗੇ ਵਧਦੇ ਹੋਏ ਪਹਿਲਾ ਕਾਰੋਬਾਰ ”ਪੀਪਲ ਸਟੋਰ ” ਨਾਮਕ ਪ੍ਰਚੂਨ ਦੀ  ਦੁਕਾਨ ਦੇ ਤੌਰ ਤੇ ‘ਉੱਤਰੀ ਨਿਊ ਸਾਊਥ ਵੇਲਜ਼ ” ਦੇ ਪੇਂਡੂ ਇਲਾਕਿਆਂ ਵਿਚ ਖੋਲਿਆ ਸੀ  [ਸ਼ਹਿਰ ਦੇ ਨਾਮ ਬਾਰੇ ਜਾਂ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ] |

tarandeep bilaspur 190624 ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ auzi 5

ਬਾਬਾ ਰਾਮ ਸਿੰਘ ਦੇ ਮਿੱਤਰ ਉੱਤਮ ਸਿੰਘ ਨੇ ਕੰਗਾਰੂ ਆਈਲੈੰਡ ਵਿਚ 10 ਹਜ਼ਾਰ ਡਾਲਰ ਲਾਕੇ thriving business ਚਾਲੂ ਕੀਤਾ | ਬਾਬਾ ਰਾਮ ਸਿੰਘ ਜੀ ਹੁਰਾਂ ਦੇ ਆਪਣੇ ਦੱਸਣ ਮੁਤਾਬਕ ਉਹਨਾਂ ਨੇ ਹੀ ਪਹਿਲੀ ਬਾਰ ਵਿਸ਼ੇਸ ਸਰਕਾਰੀ ਆਗਿਆ ਲੈਕੇ 1920 ਵਿਚ ” ਸ੍ਰੀ ਗੁਰੂ ਗਰੰਥ ਸਾਹਿਬ ” ਦੇ ਸਰੂਪ ਨੂੰ ਆਸਟਰੇਲੀਆ ਮੰਗਵਾਇਆ ਸੀ  | ਇਸ ਤੋਂ ਬਾਦ 1920 ਤੋਂ ਲੈਕੇ 1945 ਤੱਕ ਪੰਜਾਬੀਆਂ ਦਾ ਆਸਟਰੇਲੀਆ ਵਿਚ ਪਰਵਾਸ ਰੁਕਿਆ ਰਿਹਾ ਤੇ ਪੰਜਾਬੀ ਆਪਣੀ ਹੋਂਦ ਲਈ ਲਗਾਤਾਰ ਜੂੰਝਦੇ ਰਹੇ  | ਪਰ 1945 ਵਿਚ ਦੂਸਰੇ ਵਿਸ਼ਵ ਯੁਧ ਤੋਂ ਬਾਦ ਆਸਟਰੇਲੀਆ ਨੇ ਕਚੇ ਮਾਲ ਨੂੰ ਤਿਆਰ ਕਰਨ ਲਈ ਇੰਡਸਟਰੀ  ਦੇ ਪਸਾਰੇ ਬਾਰੇ ਤਰਮੀਮਾ ਬਣਾਉਣੀਆ ਸ਼ੁਰੂ ਕੀਤੀਆਂ | ਜਿਸ ਲਈ ਓਹਨਾਂ ਨੂੰ ਮਜਦੂਰਾਂ ਅਤੇ ਖੇਤੀ ਮਜਦੂਰਾਂ ਦੀ ਜਰੂਰਤ ਸੀ | ਓਹਨਾਂ ਇੱਕ ਬਾਰ ਫੇਰ ਮਲਾਇਆ , ਫਿਜ਼ੀ , ਇੰਡੋਨੇਨੇਸੀਆ ਦੇ ਵਸਨੀਕਾ ,ਖਾਸ਼ ਤੌਰ ਤੇ ਇਥੇ ਵੱਸਦੇ ਭਾਰਤੀਆਂ ਲਈ ਰਾਹ ਖੋਲੇ ਗਏ |  ਜਿਸਦੇ ਚੱਲਦਿਆਂ ਭਾਰਤੀ ਮੂਲ ਦੇ ਜਿਆਦਾ ਤਰ ਪੰਜਾਬੀਆਂ ਨੇ ਫਿਰ ਆਸਟਰੇਲੀਆ ਵੱਲ ਮੁਹਾਣ ਕੀਤਾ | ਪਰ ਅਜੇ ਵੀ ਓਹਨਾਂ ਨੂੰ ਆਪਣੇ ਪਰਿਵਾਰਾਂ ਨੂੰ ਆਸਟਰੇਲੀਆ ਬੁਲਾਉਣ ਦਾ ਅਧਿਕਾਰ ਨਹੀਂ ਸੀ | ਇਹ ਸਭ ਅਸਥਾਈ ਪਰਵਾਸ ਸੀ , ਸਥਾਈ ਪਰਵਾਸ ਦੀ ਪਿਰਤ 1961 ਵਿਚ ਜਾਕੇ ਸ਼ੁਰੂ  ਹੋਈ ਜਦੋਂ ਵਿਸੇਸ਼ ਟੈਕਸ ਅਦਾ ਕਰਨ ਤੋਂ ਬਾਦ ਵੂਲਗੂਲਗਾ  ਖੇਤਰ ਦੇ ਛੇ ਪੰਜਾਬੀਆਂ ਨੂੰ ਆਪਣੀਆ ਪਤਨੀਆਂ ਤੇ ਬੱਚਿਆਂ ਨੂੰ ਆਸਟਰੇਲੀਆ ਆਓਣ ਦੀ ਇਜਾਜਤ ਮਿਲੀ | ਜਿਸਦੇ ਸਿੱਟੇ ਅੱਗੇ ਜਾਕੇ ਵੂਲਗੂਗਲਾ ਵਿਖੇ ਹੀ 1968 ਵਿਚ ਪਹਿਲੇ ”ਗੁਰੂ ਘਰ ” ਨੂੰ ਹੋਂਦ ਵਿਚ ਲਿਆਂਦਾ ਗਿਆ ਤੇ ਇਹ ਇਲਾਕਾ ਪੰਜਾਬੀਆਂ ਦਾ ਪਹਿਲਾ ਗੜ ਬਣਨ ਲੱਗਾ |

ਇਸ ਸਮੇਂ ਤੱਕ ਭਾਰਤੀ ਜਿਹਨਾਂ ਵਿਚ 80 ਫ਼ੀਸਦੀ ਪੰਜਾਬੀ ਸਨ ਤਕਰੀਬਨ 12 ਹਜ਼ਾਰ ਹੋ ਚੁੱਕੇ ਸਨ | ਅੱਗੇ 1973 ਵਿਚ ਆਸਟਰੇਲੀਆ ਸਰਕਾਰ ਨੇ ” ਵਾਈਟ ਆਸਟਰੇਲੀਆ ਪਾਲਸੀ ” ਦਾ ਤਿਆਗ ਕੀਤਾ ਤੇ ਸੰਸਾਰ ਭਰ ਦੇ ਪਰਵਾਸੀਆਂ ਲਈ ਹੋਰ ਰਾਹ ਖੁੱਲੇ | ( 1921 ਤੱਕ ਦੀ ਜਨਗਣਨਾਂ ਵਿਚ ਪੰਜਾਬੀਆਂ ਨੂੰ ਭਾਰਤੀ ਕੌਮ ਦੇ ਤੌਰ ਤੇ ਹੀ ਦਰਸਾਇਆ ਜਾਂਦਾ ਸੀ, ਉਸ ਵਿਚ ਬੋਲੀ ਦਾ ਕਾਲਮ ਜਰੂਰ ਸੀ , ਜੋ ਆਮ ਤੌਰ ਤੇ ਪੰਜਾਬੀ ਹੀ ਸਨ  ਅਤੇ ਓਹਨਾਂ ਨੂੰ ਹਿੰਦੂ ਸਿੱਖ ਇੱਕਠਾ ਹੀ ਲਿਖਿਆ ਜਾਂਦਾ ਸੀ , ਪਰ ਜਾਣਕਾਰੀ ਮੁਤਾਬਿਕ ਜਿਆਦਾਤਰ ਭਾਰਤੀ ਪੰਜਾਬ ਦੇ ਜੱਟ ਸਿਖ ਸਨ ,ਜਿਹਨਾਂ ਰੁਜਗਾਰ ਦੀ ਤਲਾਸ਼ ਵਿਚ ਮਲਾਇਆ ,ਸਿੰਘਾਪੁਰ ,ਫਿਜ਼ੀ ਅਤੇ ਇੰਡੋਨੇਸੀਆ ਤੋਂ ਅੱਗੇ ਪ੍ਰਵਾਸ ਕੀਤਾ ਸੀ ,, ਭਾਰਤ ਦੇ ਦੂਸਰੇ ਹਿੱਸੇ ਉੱਤਰ ਪ੍ਰਦੇਸ਼ ਦੇ ਓਹ ਪ੍ਰਵਾਸੀ ਸਨ ,, ਜਿਹੜੇ ਅੰਗਰੇਜਾਂ ਨੇ ਫਿਜ਼ੀ ਮਜਦੂਰੀ ਲਈ ਲਿਆਂਦੇ ਸਨ ਇਸ ਕਰਕੇ ਡਾਟੇ ਵਿਚ ਕੁਛ ਹੱਦ ਤੱਕ ਫਰਕ ਦੀ ਸੰਭਾਵਨਾਂ ਹੈ ) ਜਿਸ ਸਦਕਾ ਅੱਜ ਆਸਟ੍ਰੇਲੀਆ ਵਿਚ ਪੰਜਾਬੀਆਂ ਦਾ ਆਪਣਾ ਇੱਕ ਮੁਕਾਮ ਹੈ ,2016 ਦੀ ਜਨਗਣਨਾ ਅਨੁਸਾਰ ਭਾਰਤੀਆਂ ਦੀ ਗਿਣਤੀ 455,389 ਹੋ ਚੁੱਕੀ ਹੈ ਜਿਸ ਵਿਚ ਅੱਧ ਪੰਜਾਬੀਆਂ ਦਾ ਹੈ | ਇਹ ਕਾਫ਼ਿਲਾ ਇਸੇ ਤਰੀਕੇ ਨਾਲ ਸ਼ਾਨਾਮੱਤਾ ਸਫ਼ਰ ਤਹਿ ਕਰ ਰਿਹਾ ਹੈ | ਜਿਸਦਾ ਇਤਿਹਾਸ ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ | ਕਿਓਂਕਿ ਜੜਾ ਲਾਉਣ ਵਾਲਿਆਂ ਦੀ ਘਾਲਣਾ ਸਾਡੀਆਂ ਗਲਤੀਆਂ ਨੂੰ ਸੁਧਾਰਨ ਵੱਲ ਤੋਰ ਸਕਦੀ ਹੈ | ਅਗਲੀ ਕਿਸ਼ਤ ਵਿਚ ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਦੇ ਇਤਿਹਾਸ ਉੱਪਰ ਝਾਤ ਪਾਉਣ ਦਾ ਯਤਨ ਕਰਾਂਗੇ …….

ਆਮੀਨ – ਤਰਨਦੀਪ ਬਿਲਾਸਪੁਰ (ਆਕਲੈਂਡ )
0064220491964

Install Punjabi Akhbar App

Install
×