ਟਿਵੀ ਭਾਈਚਾਰੇ ਦੀ ਪਹਿਲੀ ਮਹਿਲਾ ਫੁਟਬਾਲ ਟੀਮ ਬਣੀ ਖਿੱਚ ਦਾ ਕੇਂਦਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਡਾਰਵਿਨ ਤੋਂ 80 ਕਿਲੋ ਮੀਟਰ ਦੂਰ ਸਥਿਤ ਟਿਵੀ ਦਾ ਟਾਪੂ ਜਿੱਥੇ ਕਿ ਅੱਜ ਕੱਲ੍ਹ ਫੁੱਟਬਾਲ ਦਾ ਬੁਖਾਰ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਖੇਡ ਪ੍ਰੇਮੀ ਵੀ ਪੂਰੇ ਦੇਸ਼ ਤੋਂ ਹੀ ਇਸ ਟਾਪੂ ਉਪਰ ਏ.ਐਫ.ਐਲ. ਗ੍ਰੈਂਡ ਫਾਈਨਲ ਦੇਖਣ ਨੂੰ ਉਮੜ ਰਹੇ ਹਨ, ਅੱਜ ਕੱਲ੍ਹ ਇੱਕ ਹੋਰ ਚਰਚਾ ਵਿੱਚ ਵੀ ਹੈ ਕਿ ਇੱਥੋਂ ਦੀ ਮਹਿਜ਼ 2500 ਦੀ ਵੱਸੋਂ ਵਾਲੇ ਟਿਵੀ ਕਮਿਊਨਿਟੀ -ਜਿੱਥੇ ਕਿ ਫੁੱਟਬਾਲ ਦੀ ਖੇਡ ਨੂੰ ਮਹਿਜ਼ ਇੱਕ ਖੇਡ ਹੀ ਨਹੀਂ ਸਗੋਂ ਆਪਣਾ ਧਰਮ ਵੀ ਸਮਝਿਆ ਜਾਂਦਾ ਹੈ ਅਤੇ ਛੋਟੇ ਛੋਟੇ ਬੱਚੇ ਦੇ ਹੱਥ ਵਿੱਚ ਫੁੱਟਬਾਲ ਥਮਾ ਦਿੱਤੀ ਜਾਂਦੀ ਹੈ, ਨੇ ਆਪਣੀ ਮਹਿਲਾਵਾਂ ਦੀ ਟੀਮ ਬਣਾ ਕੇ ਉਸਨੂੰ ਖੇਡ ਦੇ ਮੈਦਾਨ ਵਿੱਚ ਉਤਾਰਿਆ ਹੈ। ਵੂਰੂਮਿਆਂਗਾ, ਪਿਰਲਾਨਗਿੰਪੀ ਅਤੇ ਮਿਲਿਕਾਪਿਟੀ ਕਬੀਲਿਆਂ ਵਿਚੋਂ ਇਨ੍ਹਾਂ ਮਹਿਲਾ ਖਿਡਾਰੀਆਂ ਦੀ ਇਸ ਟੀਮ ਨਾਲ ਹਰ ਕੋਈ ਇਸ ਵੇਲੇ ਫੋਟੋ ਖਿਚਵਾ ਕੇ ਆਪਣੀ ਮੌਜੂਦਗੀ ਨੂੰ ਦਰਜ ਕਰਨਾ ਚਾਹੁੰਦਾ ਹੈ ਅਤੇ ਇਸ ਰਚੇ ਗਏ ਨਵੇਂ ਇਤਿਹਾਸ ਦਾ ਸ਼ਾਕਸੀ ਹੋਣ ਦੇ ਨਾਲ ਨਾਲ ਇਸਦਾ ਹਿੱਸਾ ਵੀ ਬਣਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ 51 ਸਾਲਾਂ ਤੋਂ ਇੱਥੇ ਟਿਵੀ ਆਈਲੈਂਡਜ਼ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ ਅਤੇ ਬੀਤੇ 11 ਸਾਲਾਂ ਤੋਂ ਟਿਵੀ ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ ਪਰੰਤੂ ਇਹ ਪਹਿਲੀ ਵਾਰੀ ਹੈ ਕਿ ਮਹਿਲਾਵਾਂ ਦੀ ਟੀਮ ਨੇ ਇਸ ਲੀਗ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਸਥਾਨਕ ਲੋਕਾਂ ਅਤੇ ਖਿਡਾਰੀਆਂ ਦਾ ਕਹਿਣਾ ਹੈ ਕਿ ‘ਫੂਟੀ’ ਤਾਂ ਉਨ੍ਹਾਂ ਦੇ ਖ਼ੂਨ ਵਿੱਚ ਹੀ ਦੌੜਦੀ ਹੈ ਅਤੇ ਉਹ ਕਦੇ ਵੀ ਇਸਤੋਂ ਅਲੱਗ ਨਹੀਂ ਹੋ ਸਕਦੇ। ਇਸ ਖੇਡ ਨੂੰ ਜਿੱਤਣਾ ਹੀ ਇੱਕੋ ਇੱਕ ਮਕਸਦ ਨਹੀਂ ਹੈ ਸਗੋਂ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਇਸ ਖੇਡ ਵਿੱਚੋਂ ਪੂਰਨ ਆਨੰਦ ਲੱਭਦੇ ਹਨ ਅਤੇ ਮਾਣਦੇ ਵੀ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਸਾਲ ਕਰੋਨਾ ਕਾਰਨ ਇਸ ਟਾਪੂ ਉਪਰ ਲੋਕਾਂ ਦੀ ਸ਼ਿਰਕਤ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ ਜਦੋਂ ਕਿ ਦੇਸ਼ ਅੰਦਰ ਕਰੋਨਾ ਵੈਕਸੀਨ ਦਾ ਵਿਤਰਣ ਸ਼ੁਰੂ ਹੋ ਚੁਕਿਆ ਹੈ ਤਾਂ ਇਹ ਪਾਬੰਧੀ ਹਟਾ ਲਈ ਗਈ ਹੈ ਅਤੇ ਪੂਰੇ ਉਤਸਾਹ ਨਾਲ ਸੈਲਾਨੀ ਇਸ ਟਾਪੂ ਉਪਰ ਮੁੜ ਤੋਂ ਆਪਣੀ ਹਾਜ਼ਰੀ ਭਰ ਰਹੇ ਹਨ।

Install Punjabi Akhbar App

Install
×