ਦੇਸ਼ ਦੇ ਸਰਵਉੱਚ ਅਹੁਦੇ ਤੇ ਬਿਰਾਜਮਾਨ ਰਾਸਟਰਪਤੀ ਸ੍ਰੀਮਤੀ ਦਰੋਪਦੀ ਮਰਮੂ ਨੇ ਬੀਤੇ ਦਿਨੀਂ ‘ਅੰਮ੍ਰਿਤ ਉਦਿਆਨ ਉਤਸਵ 2023’ ਦਾ ਉਦਘਾਟਨ ਕੀਤਾ ਹੈ। ਇਹ ਖ਼ਬਰ ਦੇਸ਼ ਦੇ ਅਖ਼ਬਾਰਾਂ ਵਿੱਚ ਬੜੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਵਾਈ ਗਈ ਹੈ। ਭਾਰਤ ਵਾਸੀ ਸੋਚਣ ਲਈ ਮਜਬੂਰ ਹੋਏ ਕਿ ਕੀ ਹੈ ਅੰਮ੍ਰਿਤ ਉਦਿਆਨ? ਇਹ ਰਾਸਟਰਪਤੀ ਭਵਨ ਵਿੱਚ ਕਰੀਬ 106 ਸਾਲ ਪਹਿਲਾਂ ਸਥਾਪਤ ਕੀਤਾ ‘ਮੁਗ਼ਲ ਗਾਰਡਨ’ ਹੈ, ਜਿਸਦਾ ਨਾਂ ਹੁਣ ਬਦਲ ਕੇ ‘ਅੰਮ੍ਰਿਤ ਉਦਿਆਨ’ ਕਰ ਦਿੱਤਾ ਹੈ। ਨਾਂ ਬਦਲਣ ਪਿੱਛੇ ਕੇਂਦਰ ਤੇ ਰਾਜ ਕਰਦੀ ਪਾਰਟੀ ਭਾਜਪਾ ਦੀ ਫਿਰਕੂ ਤੇ ਸੌੜੀ ਸੋਚ ਕੰਮ ਕਰਦੀ ਹੈ, ਜੋ ਹਿੰਦੂਵਾਦੀ ਸੋਚ ਅਨੁਸਾਰ ਹੋਰ ਕਿਸੇ ਧਰਮ ਦੇ ਨਾਂ ਤੇ ਕੋਈ ਸਥਾਨ ਨਹੀਂ ਵੇਖ ਸਕਦੀ। ਆਰ ਐੱਸ ਐੱਸ ਦੇ ਏਜੰਡੇ ਤਹਿਤ ਕੀਤੀ ਕੇਂਦਰ ਸਰਕਾਰ ਦੀ ਇਸ ਕਾਰਵਾਈ ਚੋਂ ਫਿਰਕਾਪ੍ਰਸਤੀ ਦੀ ਬੋਅ ਆਉਂਦੀ ਹੈ।
ਮੁਗ਼ਲ ਗਾਰਡਨ ਕਿਸੇ ਮੁਗ਼ਲ ਸਾਸਕ ਨੇ ਨਹੀਂ ਸੀ ਬਣਾਇਆ, ਬਲਕਿ ਅੰਗਰੇਜਾਂ ਨੇ ਬਣਾਇਆ ਸੀ। ਸੰਨ 1911 ਵਿੱਚ ਜਦ ਅੰਗਰੇਜਾਂ ਨੇ ਕਲਕੱਤਾ ਤੋਂ ਬਦਲ ਕੇ ਰਾਜਧਾਨੀ ਦਿੱਲੀ ਲਿਆਂਦੀ ਤਾਂ ਰਾਏਸੀਨਾ ਪਹਾੜੀ ਨੂੰ ਪੱਧਰ ਕਰਕੇ ਉੱਥੇ ਵਾਇਸਰਾਏ ਹਾਊਸ ਬਣਾਉਣਾ ਸੁਰੂ ਕੀਤਾ, ਜਿਸਨੂੰ ਅੱਜ ਰਾਸਟਰਪਤੀ ਭਵਨ ਕਿਹਾ ਜਾਂਦਾ ਹੈ। ਇਸ ਹਾਉਸ ਲਈ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਆਏ ਇਮਾਰਤ ਡਿਜਾਇਨਕਾਰ ਸਰ ਲੁਟਿਸ ਨੇ ਨਕਸ਼ਾ ਤਿਆਰ ਕੀਤਾ। ਇਸਦੀ ਸੁੰਦਰਤਾ ਲਈ ਇੱਕ ਬਾਗ ਸਥਾਪਤ ਕੀਤਾ ਗਿਆ, ਜਿਸ ਵਿੱਚ ਅਨੇਕਾਂ ਕਿਸਮ ਦੇ ਦਰਖ਼ਤ ਤੇ ਫੁੱਲਦਾਰ ਪੌਦੇ ਲਗਾਏ ਗਏ। ਦਿੱਲੀ ਤੇ ਇਸਤੋਂ ਪਹਿਲਾਂ ਮੁਗ਼ਲ ਕਾਲ ਦੌਰਾਨ ਬਾਦਸ਼ਾਹਾਂ ਹੰਮਾਯੂ, ਅਕਬਰ, ਸਾਹਜਹਾਂ, ਔਰੰਗਜੇਬ ਆਦਿ ਨੇ ਰਾਜ ਕੀਤਾ ਸੀ, ਜਿਹਨਾਂ 12 ਸੌ ਬਾਗ ਬਣਵਾਏ ਸਨ। ਸੰਨ 1928 ‘ਚ ਇਹ ਬਾਗ ਤਿਆਰ ਹੋਣ ਉਪਰੰਤ, ਮੁਗ਼ਲਾਂ ਦੀ ਇਸ ਚੰਗੀ ਪਰੰਪਰਾ ਦੀ ਕਦਰ ਕਰਦਿਆਂ ਅੰਗਰੇਜਾਂ ਇਸ ਬਾਗ ਦਾ ਨਾਂ ”ਮੁਗ਼ਲ ਗਾਰਡਨ” ਰੱਖਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1950 ਵਿੱਚ ਵਾਇਸਰਾਏ ਹਾਊਸ ਦਾ ਨਾਂ ਬਦਲ ਕੇ ਰਾਸਟਰਪਤੀ ਭਵਨ ਕੀਤਾ ਗਿਆ ਅਤੇ ਇਸ ਮੌਕੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸ਼ਾਦਿ ਨੇ ਮੁਗ਼ਲ ਗਾਰਡਨ ਵੇਖਣ ਦੀ ਲੋਕਾਂ ਨੂੰ ਪ੍ਰਵਾਨਗੀ ਦਿੱਤੀ।
ਹੁਣ ਕਰੀਬ ਇੱਕ ਸਦੀ ਤੋਂ ਬਾਅਦ ਇਸਦਾ ਨਾਂ ਬਦਲ ਕੇ ਅੰਮ੍ਰਿਤ ਉਦਿਆਨ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਸਪਸ਼ਟ ਹੁੰਦਾ ਹੈ ਕਿ ਅੰਗਰੇਜਾਂ ਦੀ ਸੋਚ ਕਿੱਡੀ ਧਰਮ ਨਿਰਪੱਖ ਤੇ ਉੱਚੀ ਸੀ ਜਿਹਨਾਂ ਖ਼ੁਦ ਬਾਗ ਤਿਆਰ ਕਰਵਾ ਕੇ ਨਾਂ ਮੁਗ਼ਲ ਗਾਰਡਨ ਰੱਖਿਆ ਅਤੇ ਭਾਜਪਾ ਦੀ ਸੋਚ ਕਿੱਡੀ ਫਿਰਕੂ ਤੇ ਨਫ਼ਰਤ ਭਰੀ ਹੈ ਜੋ ਹੋਰ ਧਰਮ ਦਾ ਨਾਂ ਬਰਦਾਸ਼ਤ ਨਹੀਂ ਕਰ ਸਕੀ। ਇਹ ਕੋਈ ਪਹਿਲੀ ਕਾਰਵਾਈ ਨਹੀਂ, ਇਸਤੋਂ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਕਈ ਸ਼ਹਿਰਾਂ ਅਸਥਾਨਾਂ ਦੇ ਨਾਂ ਬਦਲ ਕੇ ਫਿਰਕੂ ਸੋਚ ਦਾ ਪ੍ਰਗਟਾਵਾ ਕੀਤਾ ਹੈ, ਜਿਵੇਂ ਉਰਦੂ ਬਜ਼ਾਰ ਦਾ ਨਾਂ ਹਿੰਦੂ ਬਜ਼ਾਰ, ਅਲੀ ਨਗਰ ਦਾ ਨਾਂ ਆਰੀਆ ਨਗਰ, ਹੰਮਾਯੂਪੁਰ ਦਾ ਨਾਂ ਹਨੂੰਮਾਨ ਨਗਰ, ਮੁਗ਼ਲ ਸਹਾਏ ਸਟੇਸ਼ਨ ਦਾ ਨਾਂ ਪੰਡਿਤ ਦੀਨ ਦਿਆਲ ਉਪਾਧਿਆਏ ਸਟੇਸ਼ਨ, ਮੀਆਂ ਬਜ਼ਾਰ ਦਾ ਨਾਂ ਮਾਇਆ ਬਜ਼ਾਰ ਕਰ ਦਿੱਤਾ। ਇਹਨਾਂ ਬਦਲੇ ਨਾਵਾਂ ਵਿੱਚੋ ਫਿਰਕਾਪ੍ਰਸਤੀ ਦੀ ਸਰੇਆਮ ਸੜਿਆਂਦ ਮਾਰਦੀ ਹੈ। ਇਸੇ ਤਰ੍ਹਾਂ ਫੈਜਾਬਾਦ ਦਾ ਨਾਂ ਅਯੁੱਧਿਆ, ਇਲਾਹਾਬਾਦ ਦਾ ਨਾਂ ਪ੍ਰਯਾਗਰਾਜ, ਹੋਸੰਗਾਵਾਦ ਦਾ ਨਾਂ ਨਰਮਦਾ ਪੁਰਮ ਕਰ ਦਿੱਤਾ ਗਿਆ ਹੈ।
ਭਾਜਪਾ ਵੱਲੋਂ ਇਹ ਕਾਰਵਾਈ ਅਜੇ ਰੋਕੀ ਨਹੀਂ ਗਈ, ਬਹੁਤ ਸਾਰੇ ਥਾਵਾਂ ਦੇ ਨਾਂ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਹਨਾਂ ਵਿੱਚ ਅਲੀਗੜ੍ਹ ਦਾ ਨਾਂ ਆਰੀਆਗੜ੍ਹ ਜਾਂ ਹਰੀਗੜ੍ਹ, ਸੰਭਲ ਦਾ ਪ੍ਰਿਥਵੀ ਰਾਜ ਨਗਰ, ਫਰੂਖਾਬਾਦ ਦਾ ਪਾਂਚਾਲ ਨਗਰ, ਸੁਲਤਾਨਪੁਰ ਦਾ ਕੁਸ਼ਭਵਨਪੁਰ, ਫਿਰੋਜਾਬਾਦ ਦਾ ਚੰਦਰਨਗਰ, ਆਗਰਾ ਦਾ ਅਮਰਵਨ, ਮੈਨਪੁਰੀ ਦਾ ਗਿਆਨਪੁਰੀ, ਸ਼ਾਹਜਹਾਂਪੁਰ ਦਾ ਸ਼ਾਜੀਪੁਰ, ਗਾਜ਼ੀਪੁਰ ਦਾ ਗੜ੍ਹੀਪੁਰੀ, ਦੇਵਬੰਦ ਦਾ ਦੇਵਵਿੰਦਪੁਰ, ਰਸੂਲਾਬਾਦ ਦਾ ਦੇਵਗੜ੍ਹ, ਸਿਕੰਦਰਾ ਦਾ ਨਾਂ ਆਦਰਸ਼ ਨਗਰ ਕੀਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਕੀ ਸ਼ਹਿਰਾਂ ਜਾਂ ਸਥਾਨਾਂ ਦੇ ਨਾਂ ਬਦਲਣ ਨਾਲ ਹਿੰਦੂ ਰਾਜ ਸਥਾਪਤ ਹੋ ਜਾਵੇਗਾ? ਕੀ ਦੂਜੇ ਧਰਮਾਂ ਦਾ ਭਾਰਤ ਵਿੱਚੋਂ ਖਾਤਮਾ ਹੋ ਜਾਵੇਗਾ? ਕੀ ਇਹ ਭਾਜਪਾ ਦਾ ਕੋਈ ਅਗਾਂਹਵਧੂ ਤੇ ਬਹਾਦਰੀ ਵਾਲਾ ਕਾਰਨਾਮਾ ਹੈ? ਇਹ ਸੁਆਲ ਅੱਜ ਚੰਗੀ ਤੇ ਨਿਰਪੱਖ ਸੋਚ ਵਾਲੇ ਹਰ ਬੁੱਧੀਜੀਵੀ ਦੇ ਦਿਮਾਗ ਵਿੱਚ ਉੱਠਦੇ ਹਨ। ਇੱਕ ਪੇਂਡੂ ਕਹਾਵਤ ਹੈ ”ਵਾੜ ‘ਚ ਮੂਤ ਕਰਨ ਨਾਲ ਦੁਸਮਣੀ ਨਹੀਂ ਨਿਕਲਦੀ” ਕਿਸੇ ਸ਼ਹਿਰ ਜਾਂ ਸਥਾਨ ਦਾ ਨਾਂ ਬਦਲੀ ਕਰ ਦੇਣ ਨਾਲ ਲੋਕਾਂ ਦੀ ਦਿਮਾਗੀ ਸੋਚ ਨਹੀਂ ਬਦਲੀ ਜਾ ਸਕਦੀ, ਸਗੋਂ ਗੁੱਸੇ ਦੀ ਭਾਵਨਾ ਉਤਪਨ ਹੁੰਦੀ ਹੈ। ਨਫ਼ਰਤ ਪੈਦਾ ਹੁੰਦੀ ਹੈ। ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋ ਦੂਜਿਆਂ ਨੂੰ ਨਫ਼ਰਤ ਕਰਦਾ ਹੈ ਉਹ ਖ਼ੁਦ ਪਤਿੱਤ ਹੋਏ ਬਿਨ੍ਹਾਂ ਨਹੀਂ ਰਹਿ ਸਕਦਾ। ਫਿਰਕੂਪੁਣੇ ਵਿੱਚ ਰਹਿਣਾ ਮੌਤ ਦੇ ਘੇਰੇ ਵਿੱਚ ਰਹਿਣ ਦੇ ਬਰਾਬਰ ਹੁੰਦਾ ਹੈ ਅਤੇ ਬਦਨਾਮੀ ਦੇ ਧੱਬੇ ਨੂੰ ਕੋਈ ਸਾਬਣ ਨਾਲ ਸਾਫ਼ ਨਹੀਂ ਕਰ ਸਕਦਾ।
ਭਾਜਪਾ ਦਾ ਰਾਜ ਸਦਾ ਨਹੀਂ ਰਹਿਣਾ, ਕਿਸੇ ਵੀ ਹਾਲਤ ਵਿੱਚ ਤਾਕਤ ਤੇ ਘੁੰਮਡ ਨਹੀਂ ਕਰਨਾ ਚਾਹੀਦਾ, ਇਹ ਪਲ ਪਲ ਰੰਗ ਬਦਲਣ ਵਾਲੀ ਚੀਜ਼ ਹੈ। ਕੱਲ੍ਹ ਨੂੰ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਗਈ ਤਾਂ ਉਹ ਇਸ ਵੱਲੋਂ ਰੱਖੇ ਨਾਵਾਂ ਨੂੰ ਬਦਲ ਕੇ ਹੋਰ ਰੱਖ ਦੇਵੇਗੀ। ਇਹ ਇੱਕ ਨਵੀਂ ਪਿਰਤ ਪਾਈ ਜਾ ਰਹੀ ਹੈ, ਜੋ ਨਿੰਦਣਯੋਗ ਹੈ ਅਤੇ ਦੇਸ਼ ਦੇ ਹਿਤ ਵਿੱਚ ਨਹੀਂ ਹੈ। ਇਹ ਵੀ ਸੱਚਾਈ ਹੈ ਕਿ ਕਿਸੇ ਇੱਕ ਵਿਅਕਤੀ, ਇੱਕ ਦੇਸ਼, ਇੱਕ ਕੌਮ ਜਾਂ ਇੱਕ ਧਰਮ ਵੱਲੋਂ ਦੂਜਿਆਂ ਵਿਰੁੱਧ ਕੀਤੀ ਨਫ਼ਰਤ ਭਰੀ ਕਾਰਵਾਈ ਵਿਰੋਧੀਆਂ ਨੂੰ ਇੱਕਮੁੱਠ ਕਰਨ ਵਿੱਚ ਸਹਾਈ ਹੋ ਜਾਂਦੀ ਹੈ। ਅਜਿਹੀ ਏਕਤਾ ਸ਼ਕਤੀ ਦਾ ਹੰਕਾਰ ਤੋੜ ਕੇ ਨਵਾਂ ਰਾਹ ਬਣਾਉਣ ਦਾ ਬੀਜ ਦਿੰਦੀ ਹੈ।
ਭਾਜਪਾ ਦੀਆਂ ਇਹਨਾਂ ਕਾਰਵਾਈਆਂ ਨਾਲ ਇਤਿਹਾਸ ਕਲੰਕਿਤ ਹੋ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਸ਼ ਦੇ ਇਤਿਹਾਸ ਵਿੱਚ ਬੇਲੋੜੀ ਦਖ਼ਲ ਅੰਦਾਜ਼ੀ ਖਿਲਾਫ ਵਿਰੋਧੀ ਪਾਰਟੀਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕਾਂਗਰਸ ਪਾਰਟੀ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੇ ਕੰਨਿਆਂਕੁਮਾਰੀ ਤੋਂ ਸੁਰੂ ਕੀਤੀ ਭਾਰਤ ਜੋੜੋ ਯਾਤਰਾ ਹੀ ਮੁਹੱਬਤ ਦਾ ਸੁਨੇਹਾ ਦੇਣ ਲਈ ਸੁਰੂ ਕੀਤੀ ਸੀ ਅਤੇ ਅੰਤਿਮ ਪੜਾਅ ਤੇ ਸ੍ਰੀ ਨਗਰ ਵਿਖੇ ਲਾਲ ਚੌਂਕ ਵਿੱਚ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਦੇਸ਼ ਦੀ ਧਰਮ ਨਿਰਪੱਖਤਾ ਦੇ ਹੱਕ ਵਿੱਚ ਨਾਅਰਾ ਲਾਉਂਦਿਆਂ ਕਿਹਾ ਹੈ ਨਫ਼ਰਤ ਦੀ ਹਾਰ ਹੋਵੇਗੀ ਅਤੇ ਮੁਹੱਬਤ ਦੀ ਜਿੱਤ ਹੋਵੇਗੀ।
ਕੇਂਦਰ ਸਰਕਾਰ ਨੂੰ ਅਜਿਹੀਆਂ ਗਲਤ ਕਾਰਵਾਈਆਂ ਨੂੰ ਰੋਕਣਾ ਚਾਹੀਦਾ ਹੈ ਅਤੇ ਨਫ਼ਰਤ ਦੀ ਭਾਵਨਾ ਦਾ ਤਿਆਗ ਕਰਕੇ ਭਾਰਤੀ ਸੱਭਿਆਚਾਰ ਅਨੁਸਾਰ ਪਿਆਰ ਮੁਹੱਬਤ ਤੇ ਧਰਮ ਨਿਰਪੱਖਤਾ ਤੇ ਪਹਿਰਾ ਦੇਣਾ ਚਾਹੀਦਾ ਹੈ।