ਸੰਤ ਰਾਮਪਾਲ ਦੇ ਆਸ਼ਰਮ ਦੇ ਬਾਹਰ ਸਥਿਤੀ ਤਣਾਅਪੂਰਨ

rampal

ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਆਲੇ-ਦੁਆਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੇ ਉਨ੍ਹਾਂ ਦੇ ਸਮਰਥਕਾਂ ਨਾਲ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਟਾਲਣ ਲਈ ਪ੍ਰਸ਼ਾਸਨ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਅਦਾਲਤ ਦੀ ਮਾਣਹਾਨੀ ਦੇ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ। ਸੂਤਰਾਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀਆਂ 15 ਬਟਾਲੀਅਨ, ਆਰ.ਏ.ਐਫ. ਦੀਆਂ 5 ਕੰਪਨੀਆਂ ਤੇ ਹਰਿਆਣਾ ਪੁਲਿਸ ਦੇ ਕਰੀਬ 10 ਹਜ਼ਾਰ ਜਵਾਨ ਬਰਵਾਲਾ ਕਸਬੇ ਕੋਲ ਸਥਿਤ ਆਸ਼ਰਮ ਦੇ ਬਾਹਰ ਤਾਇਨਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੇਸ਼ੀ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੋਮਵਾਰ ਦੀ ਤਰੀਕ ਨਿਰਧਾਰਿਤ ਕੀਤੇ ਜਾਣ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਸਾਹਮਣੇ ਸਖ਼ਤ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਅਰਧ ਸੈਨਿਕ ਬਲਾਂ ਤੇ ਪੁਲਿਸ ਨੇ ਆਸ਼ਰਮ ਨੂੰ ਸੀਲ ਕੀਤਾ ਹੋਇਆ ਤੇ ਇਸ ਵੱਲ ਜਾਂਦੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਰਾਮਪਾਲ ਦੇ ਕਈ ਸ਼ਰਧਾਲੂ ਅਜੇ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਰੋਕਣ ਲਈ ਆਸ਼ਰਮ ‘ਚ ਮੌਜੂਦ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਪਾਲ ਨੂੰ ਲਿਆਉਣ ਲਈ ਇਸ ਸ਼ਹਿਰ ‘ਚ ਵਾਧੂ ਪੁਲਿਸ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। ਰਾਮਪਾਲ ਦੀ ਸੁਰੱਖਿਆ ਲਈ ਮਹਿਲਾਵਾਂ ਸਮੇਤ ਉਨ੍ਹਾਂ ਦੇ ਸ਼ਰਧਾਲੂਆਂ ਨੇ ਇਕ ਸੁਰੱਖਿਆ ਚੇਨ ਬਣਾਈ ਹੋਈ ਹੈ, ਜਿਨ੍ਹਾਂ ਕੋਲ ਕਈ ਮਾਰੂ ਹਥਿਆਰ ਹੋਣ ਦਾ ਖਦਸ਼ਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਰਾਮਪਾਲ ਖੁਦ ਹੀ ਆਤਮ ਸਮਰਪਣ ਕਰ ਦੇਣ, ਕਿਉਂਕਿ ਜੇਕਰ ਉਹ ਆਪਣੀ ਇੱਛਾ ਨਾਲ ਅਜਿਹਾ ਕਰਦੇ ਹਨ ਤਾਂ ਕਿਸੇ ਤਰ੍ਹਾਂ ਦੀ ਸੰਭਾਵਿਤ ਹਿੰਸਕ ਘਟਨਾ ਟਲ ਜਾਵੇਗੀ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਦਾਲਤੀ ਹੁਕਮਾਂ ਦੀ ਤਾਮੀਲ ਲਈ ਆਸ਼ਰਮ ‘ਚ ਦਾਖਲ ਹੋਣ ਅਤੇ ਸਖਤੀ ਕਰਨ ਦੀ ਯੋਜਨਾ ਤਿਆਰ ਹੈ। ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਾਉਣ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਹਿਸਾਰ, ਭਿਵਾਨੀ, ਸਿਰਸਾ, ਜੀਂਦ ਤੇ ਫਤਿਆਬਾਦ ਦੇ ਪੰਜ ਪੁਲਿਸ ਕਪਤਾਨ ਇਥੇ ਮੌਜੂਦ ਹਨ।

Install Punjabi Akhbar App

Install
×