ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਦੁਖਾਂਤ

hiroshima-nagasaki-blastਸਤਵੰਤ ਕੌਰ ਕਲੋਟੀ  (ਸੰਪਰਕ: 95011-98881)

ਹੀਰੋਸ਼ੀਮਾ ਦਿਵਸ ਅਤੇ ਨਾਗਾਸਾਕੀ ਦਾ ਦੁਖਾਂਤ ਸਾਨੂੰ ਅਤੀਤ ਵਿੱਚ ਅਤਿ-ਭਿਆਨਕ, ਦਿਲ-ਕੰਬਾਊ ਅਤੇ ਤਬਾਹਕੁਨ ਪਰਮਾਣੂ ਹਾਦਸਿਆਂ ਨਾਲ ਸਹਿਕ ਰਹੀ ਜਪਾਨ ਦੀ ਧਰਤੀ ਉੱਤੇ ਲੈ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਸਮੇਂ ਜਪਾਨ ਉੱਤੇ ਕਈ ਮਹੀਨੇ ਭਾਰੀ ਬੰਬਾਰੀ ਕਰਨ ਪਿੱਛੋਂ ਸੰਯੁਕਤ ਰਾਜ ਅਮਰੀਕਾ ਨੇ 26 ਜੁਲਾਈ, 1945 ਨੂੰ ਜਪਾਨ ਨੂੰ ਆਤਮ-ਸਮਰਪਣ ਕਰਨ ਲਈ ਤਾੜਨਾ ਕੀਤੀ ਸੀ ਜਿਸ ਨੂੰ ਜਪਾਨ ਨੇ ਨਜ਼ਰਅੰਦਾਜ਼ ਕੀਤਾ ਸੀ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਕ੍ਰਮਵਾਰ 6 ਅਗਸਤ ਅਤੇ 9 ਅਗਸਤ ਨੂੰ ਐਟਮ ਬੰਬ ਸੁੱਟ ਦਿੱਤੇ ਸਨ।
ਅਮਰੀਕਾ ਵੱਲੋਂ ਐਟਮ ਬੰਬਾਂ ਦਾ ਨਿਸ਼ਾਨਾ ਬਣਾਉਣ ਲਈ ਜਪਾਨ ਦੇ ਚਾਰ ਸ਼ਹਿਰਾਂ ਹੀਰੋਸ਼ੀਮਾ, ਕੋਕੂਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਤਕ ਯੁੱਧ ਕਾਰਨ ਪਹੁੰਚ ਘੱਟ ਹੋ ਸਕੀ ਸੀ। ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਪਹਿਲੀ ਤਰਜੀਹ ‘ਹੀਰੋਸ਼ੀਮਾ’ ਸੀ। ਇਹ ਉਦਯੋਗਿਕ ਅਤੇ ਸੈਨਿਕ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਸ਼ਹਿਰ ਸੀ। 6 ਅਗਸਤ, 1945 ਨੂੰ ਹੀਰੋਸ਼ੀਮਾ ਦਾ ਮੌਸਮ ਸਾਫ਼ ਸੀ। ਸਵੇਰ ਦੇ 2 ਵੱਜ ਕੇ 40 ਮਿੰਟ ’ਤੇ ਬੰਬਾਰੀ ਕਰਨ ਵਾਲਾ ਅਮਰੀਕੀ ਜਹਾਜ਼ ਜਿਸ ਦਾ ਨਾਂ ‘ਇਨੋਲਾ ਗੇਅ’ ਸੀ, ਟਿਨੀਅਨ ਨਾਂ ਦੇ ਟਾਪੂ ਤੋਂ ਰਵਾਨਾ ਹੋਇਆ।

ਇਸ ਲੜਾਕੂ ਜਹਾਜ਼ ਵਿੱਚ ਚਾਲਕਾਂ ਦੀ 12 ਮੈਂਬਰੀ ਟੀਮ ਸੀ ਅਤੇ ‘ਲਿਟਲ ਬੁਆਏ’ ਨਾਂ ਦਾ ਐਟਮ ਬੰਬ ਸੀ। ਇਹ ਬੰਬ ਯੂਰੇਨੀਅਮ-235 ਤੋਂ ਬਣਿਆ ਸੀ। ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਮੌਸਮ ਦਾ ਜਾਇਜ਼ਾ ਲੈਣ ਲਈ ਤਿੰਨ ਹੋਰ ਜਹਾਜ਼ ਭੇਜੇ ਜਾ ਚੁੱਕੇ ਸਨ। ਦੋ ਹੋਰ ਜਹਾਜ਼ ਜੋ ਕਿ ਕੈਮਰਿਆਂ ਅਤੇ ਹੋਰ ਮਾਪਕ ਯੰਤਰਾਂ ਨਾਲ ਲੈਸ ਸਨ, ਇਸ ਜਹਾਜ਼ ਦੇ ਨਾਲ-ਨਾਲ ਜਾ ਰਹੇ ਸਨ।  ਹੀਰੋਸ਼ੀਮਾ ਸ਼ਹਿਰ ਉੱਤੇ ਸਵੇਰ ਦੇ 8 ਵੱਜ ਕੇ 50 ਮਿੰਟ ’ਤੇ ਐਟਮ ਬੰਬ ਸੁੱਟਿਆ ਗਿਆ। ਇਹ ਜ਼ਮੀਨ ਤੋਂ ਲਗਪਗ 600 ਮੀਟਰ ਦੀ ਉੱਚਾਈ ’ਤੇ ਫਟਿਆ। ਪੂਰਾ ਸ਼ਹਿਰ ਧੰੂਏਂ ਅਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਇਸ ਨਾਲ ਸ਼ਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। ਤਾਪਮਾਨ ਇੰਨਾ ਵਧ ਗਿਆ ਕਿ ਮਿੱਟੀ, ਪੱਥਰ, ਧਾਤਾਂ ਸਭ ਕੁਝ ਪਿਘਲ ਗਿਆ। ਪਲ ਭਰ ਵਿੱਚ  ਇਹ ਸ਼ਹਿਰ ਉੱਜੜ ਗਿਆ। ਸ਼ਹਿਰ ਦਾ 4 ਤੋਂ 5 ਵਰਗ ਮੀਲ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਸ ਸਮੇਂ ਹੀਰੋਸ਼ੀਮਾ ਦੀ ਅਬਾਦੀ ਕਰੀਬ ਸਾਢੇ ਤਿੰਨ ਲੱਖ ਸੀ, ਜਿਸ ਵਿੱਚੋਂ ਕਰੀਬ 70,000 ਲੋਕ ਮੌਕੇ ’ਤੇ ਮਾਰੇ ਗਏ ਅਤੇ ਇੰਨੇ ਹੀ ਬਾਅਦ ਵਿੱਚ ਰੇਡੀਏਸ਼ਨ ਦੇ ਦੁਰਪ੍ਰਭਾਵ ਨਾਲ ਮਾਰੇ ਜਾਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1,40,000 ਤੋਂ ਵੱਧ ਜਾਨਾਂ ਚਲੀਆਂ ਗਈਆਂ।
ਇਸ ਧਮਾਕੇ ਤੋਂ 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਨੇ ਵ੍ਹਾਈਟ ਹਾਊਸ ਤੋਂ ਜਨਤਕ ਤੌਰ ’ਤੇ ਘੋਸ਼ਣਾ ਕਰਦਿਆਂ ਦੱਸਿਆ, ‘‘16 ਘੰਟੇ ਪਹਿਲਾਂ ਅਮਰੀਕੀ ਜਹਾਜ਼ ਨੇ ਹੀਰੋਸ਼ੀਮਾ ਉੱਤੇ ਇੱਕ ਬੰਬ ਸੁੱਟਿਆ ਹੈ ਜੋ ਕਿ ਇੱਕ ਐਟਮ ਬੰਬ ਸੀ ਅਤੇ ਇਹ 20,000 ਟਨ ਟੀ.ਐੱਨ.ਟੀ. (ਟਰਾਈ ਨਾਈਟ੍ਰੋ ਟੌਲੂਈਨ) ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ।’’
ਹੀਰੋਸ਼ੀਮਾ ਦੀ ਪਰਮਾਣੂ ਦੁਰਘਟਨਾ ਤੋਂ ਤਿੰਨ ਦਿਨ ਬਾਅਦ 9 ਅਗਸਤ, 1945 ਨੂੰ ਜਦ ਜਪਾਨ ਅਜੇ ਵਿਨਾਸ਼ ਦੇ ਸਮੰੁਦਰ ਵਿੱਚ ਗੋਤੇ ਖਾ ਹੀ ਰਿਹਾ ਸੀ ਤਾਂ ਅਮਰੀਕਾ ਨੇ ਦੂਜਾ ਭਿਆਨਕ ਵਾਰ ਨਾਗਾਸਾਕੀ ਸ਼ਹਿਰ ਉੱਤੇ ਕੀਤਾ।  ਹੀਰੋਸ਼ੀਮਾ ਤੋਂ ਬਾਅਦ ਅਮਰੀਕਾ ਦਾ ਅਗਲਾ ਨਿਸ਼ਾਨਾ ਕੋਕੂਰਾ ਨਾਂ ਦਾ ਸ਼ਹਿਰ ਸੀ ਪਰ ਕੋਕੂਰਾ ਉੱਪਰ ਧੁੰਦ ਪਈ ਹੋਣ ਕਰਕੇ ਇਸ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਸੋ ਇਸ ਨੇ ਆਪਣਾ ਰੁਖ਼ ਨਾਗਾਸਾਕੀ ਸ਼ਹਿਰ ਵੱਲ ਕਰ ਲਿਆ ਜੋ ਕਿ ਅਗਲੀ ਤਰਜੀਹ ਸੀ। ਇਸ ਨੇ ਨਾਗਾਸਾਕੀ ਉੱਪਰ ਐਟਮ ਬੰਬ ‘ਫੈਟ ਮੈਨ’ ਸੁੱਟਿਆ ਜੋ ਕਿ ਸਵੇਰ ਦੇ 11 ਵੱਜ ਕੇ 2 ਮਿੰਟ ’ਤੇ ਫਟਿਆ ਸੀ। ਭਾਵੇਂ ਨਾਗਾਸਾਕੀ ਉੱਪਰ ਸੁੱਟਿਆ ਗਿਆ ਬੰਬ ਹੀਰੋਸ਼ੀਮਾ ਵਾਲੇ ਬੰਬ ਨਾਲੋਂ ਵਧੇਰੇ ਸ਼ਕਤੀਸ਼ਾਲੀ ਸੀ ਪਰ ਇਸ ਨਾਲ ਹੀਰੋਸ਼ੀਮਾ ਜਿੰਨਾ ਨੁਕਸਾਨ ਨਾ ਹੋਇਆ।
ਹੀਰੋਸ਼ੀਮਾ ਸ਼ਹਿਰ ਪੱਧਰੇ ਮੈਦਾਨ ’ਤੇ ਵਸਿਆ ਸੀ ਅਤੇ ਆਕਾਰ ਵਿੱਚ ਲਗਪਗ ਗੋਲ ਸੀ। ਐਟਮ ਬੰਬ ਸ਼ਹਿਰ ਦੇ ਮੱਧ ਵਿੱਚ ਸੁੱਟਿਆ ਗਿਆ ਸੀ। ਇਸ ਲਈ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ। ਦੂਜੇ ਪਾਸੇ ਨਾਗਾਸਾਕੀ ਸ਼ਹਿਰ ਪਹਾੜਾਂ ਅਤੇ ਨਦੀਆਂ ਦੁਆਰਾ ਵੰਡਿਆ ਹੋਣ ਕਰਕੇ ਆਕਾਰ ਵਿੱਚ ਉੱਘੜ-ਦੁੱਘੜ ਸੀ। ਇਸ ਦੇ ਅਜਿਹੇ ਆਕਾਰ ਨੇ ਜ਼ਿਆਦਾ ਤਬਾਹੀ ਹੋਣ ਤੋਂ ਕੁਝ ਬਚਾਅ ਕਰ ਦਿੱਤਾ। ਇਸ ਤੋਂ ਇਲਾਵਾ ਜਿੱਥੇ ਬੰਬ ਫਟਿਆ ਸੀ। ਉਸ ਦੇ ਥੱਲੇ ਕੋਈ ਇਮਾਰਤ ਵੀ ਨਹੀਂ ਸੀ। ਫਿਰ ਵੀ ਤਬਾਹੀ ਇੰਨੀ ਘੱਟ ਨਹੀਂ ਸੀ। ਸ਼ਹਿਰ ਦੀ ਕਰੀਬ ਢਾਈ ਲੱਖ ਦੀ ਅਬਾਦੀ ਵਿੱਚੋਂ ਕਰੀਬ 75,000 ਲੋਕ ਮਾਰੇ ਗਏ ਅਤੇ ਇੰਨੇ ਹੀ ਹੋਰ ਜ਼ਖ਼ਮੀ ਹੋ ਗਏ।
ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਪਰਮਾਣੂ ਧਮਾਕਿਆਂ ਦੇ ਸਰੀਰਕ ਦੁਰਪ੍ਰਭਾਵ ਬਹੁਤ ਮਾਰੂ ਰਹੇ। ਮਰਨ ਤੋਂ ਬਚਣ ਵਾਲਿਆਂ ਦੀ ਹਾਲਤ ਜ਼ਿਆਦਾ ਤਰਸਯੋਗ ਸੀ। ਕਿਸੇ ਦੇ ਨੱਕ, ਮੂੰਹ ਜਾਂ ਅੱਖਾਂ ਰਾਹੀਂ ਖ਼ੂਨ ਵਹਿ ਰਿਹਾ ਸੀ ਤੇ ਕਿਸੇ ਦੀ ਚਮੜੀ ਗਲ ਰਹੀ ਸੀ। ਕੁਝ ਲੋਕ ਦਿਨਾਂ ਵਿੱਚ ਤੇ ਕੁਝ ਮਹੀਨਿਆਂ ਵਿੱਚ ਤੜਫ-ਤੜਫ ਕੇ ਮਰ ਗਏ ਤੇ ਕਈ ਸਾਲਾਂਬੱਧੀ ਰੇਡੀਏਸ਼ਨਾਂ ਦੇ ਪ੍ਰਭਾਵ ਨਾਲ ਜੂਝਦੇ ਰਹੇ। ਕੈਂਸਰ ਅਤੇ ਲਿਊਕੈਮੀਆ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਗਿਆ। ਮਾਵਾਂ ਦੀਆਂ ਕੁੱਖਾਂ ਵਿੱਚ ਪਲ ਰਹੇ ਬੱਚੇ ਰੇਡੀਏਸ਼ਨਾਂ ਦੇ ਅਸਰ ਨਾਲ ਜਾਂ ਤਾਂ ਸਰੀਰਕ ਤੌਰ ’ਤੇ ਅਵਿਕਸਿਤ ਪੈਦਾ ਹੋਏ ਜਾਂ ਜਮਾਂਦਰੂ ਦੋਸ਼ਪੂਰਨ ਸਰੀਰਕ ਬਣਤਰ ਨਾਲ ਜਨਮੇ ਤੇ ਜਾਂ ਦਿਮਾਗੀ ਤੌਰ ’ਤੇ ਅਵਿਕਸਿਤ ਰਹਿ ਗਏ। ਨਾਗਾਸਾਕੀ ਦੀ ਪਰਮਾਣੂ ਦੁਰਘਟਨਾ ਤੋਂ ਛੇ ਦਿਨ ਬਾਅਦ 15 ਅਗਸਤ, 1945 ਨੂੰ ਜਪਾਨ ਨੇ ਜ਼ੁਬਾਨੀ-ਕਲਾਮੀ ਆਤਮ-ਸਮਰਪਣ ਦਾ ਐਲਾਨ ਕਰ ਦਿੱਤਾ ਅਤੇ 2 ਸਤੰਬਰ ਨੂੰ ਲਿਖਤੀ ਰੂਪ ਵਿੱਚ ਆਤਮ-ਸਮਰਪਣ ਕਰ ਲਿਆ। ਇਸ ਸਮੇਂ ‘ਬੌਕ’ਸ ਕਾਰ’ ਡੇਅਟੋਨ ਦੇ ਨੇੜੇ ਰਾਈਟ ਪੈਟਰਸਨ ਏਅਰ ਫੋਰਸ ਬੇਸ ਵਿੱਚ ਸਥਿਤ ਏਅਰ ਫੋਰਸ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਹੈ। ‘ਇਨੋਲਾ ਗੇਅ’ ਵਰਜੀਨੀਆ ਦੇ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਦੇ ਸਟੀਵਨ ਐੱਫ. ਅਡਵਰ ਹੇਜ਼ੀ ਸੈਂਟਰ ਵਿੱਚ ਪ੍ਰਦਰਸ਼ਿਤ ਹੈ।
ਉਸ ਵੇਲੇ ਦੇ ਰੇਡੀਏਸ਼ਨਾਂ ਨਾਲ ਉਤਪੰਨ ਹੋਏ ਸਰੀਰਕ ਵਿਕਾਰ ਅੱਜ ਵੀ ਜਪਾਨ ਦੀਆਂ ਮੌਜੂਦਾ ਪੀੜ੍ਹੀਆਂ ਵਿੱਚ ਪਾਏ ਜਾ ਰਹੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਮਾਪਿਆਂ ਤੋਂ ਸੰਤਾਨ ਵਿੱਚ ਪ੍ਰਵੇਸ਼ ਕਰਦੇ ਆ ਰਹੇ ਹਨ। ਰੇਡੀਓ ਐਕਟਿਵ ਪਦਾਰਥਾਂ ਵਿੱਚ ਲਗਾਤਾਰ ਪੈਦਾ ਹੋਣ ਵਾਲੀਆਂ ਰੇਡੀਓ ਐਕਟਿਵ ਕਿਰਨਾਂ ਅਤਿਅੰਤ ਘਾਤਕ ਅਤੇ ਵਿਨਾਸ਼ਕਾਰੀ ਹੁੰਦੀਆਂ ਹਨ। ਇਸ ਲਈ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨਾ ਤਾਂ ਦੂਰ, ਇਨ੍ਹਾਂ ਦੀ ਮੌਜੂਦਗੀ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦੀ। ਪਰਮਾਣੂ ਹਥਿਆਰ ਧਰਤੀ ਉੱਤੇ ਮੌਜੂਦ ਸਭ ਤੋਂ ਵੱਧ ਖ਼ਤਰਨਾਕ ਹਥਿਆਰ ਹਨ। ਇਨ੍ਹਾਂ ਦੀ ਵਰਤੋਂ ਕਰਨ ਨਾਲ ਜਿੱਥੇ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜਾਂਦੇ ਹਨ ਉੱਥੇ ਲੱਖਾਂ-ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਦਾ ਖ਼ਾਤਮਾ ਵੀ ਹੁੰਦਾ ਹੈ। ਇਨ੍ਹਾਂ ਨਾਲ ਪੈਦਾ ਹੋਏ ਸਰੀਰਕ ਵਿਕਾਰ ਕਈ ਪੀੜ੍ਹੀਆਂ ਤਕ ਸੰਚਾਰ ਕਰਦੇ ਹਨ।
ਦੇਸ਼ਾਂ ਵਿੱਚ ਪਰਮਾਣੂ ਸ਼ਕਤੀ ਬਣਨ ਦੀ ਦੌੜ, ਅੱਜ ਸੰਸਾਰ ਭਰ ਲਈ ਖ਼ਤਰਾ ਬਣ ਚੁੱਕੀ ਹੈ। ਅੱਜ ਦੇ ਪਰਮਾਣੂ ਹਥਿਆਰ ਜਪਾਨ ਉੱਤੇ ਸੁੱਟੇ ਗਏ ਪਰਮਾਣੂ ਬੰਬਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਵੀ ਮਾਤ ਪਾਉਂਦੇ ਹਨ। ਸੰਨ 2009 ਵਿੱਚ ਜਦ ਉੱਤਰੀ ਕੋਰੀਆ ਨੇ ਇੱਕ ਭੂਮੀਗਤ ਪਰਮਾਣੂ ਪਰੀਖਣ ਕੀਤਾ ਤਾਂ ਧਮਾਕਾ ਇੰਨਾ ਜ਼ਬਰਦਸਤ ਸੀ ਕਿ 4.5 ਤੀਬਰਤਾ ਵਾਲਾ ਭੂਚਾਲ ਰਿਕਾਰਡ ਕੀਤਾ ਗਿਆ। ਉੱਤਰੀ ਕੋਰੀਆ ਨੇ ਅਜਿਹਾ ਹੀ ਇੱਕ ਹੋਰ ਟੈਸਟ ਮਈ, 2014 ਵਿੱਚ ਵੀ ਕੀਤਾ ਹੈ। ਵਰਣਨਯੋਗ ਹੈ ਕਿ ਅੱਜ ਤਕ ਕੁੱਲ ਮਿਲਾ ਕੇ 2000 ਤੋਂ ਵੀ ਵੱਧ ਪਰਮਾਣੂ ਟੈਸਟ ਹੋ ਚੁੱਕੇ ਹਨ। ਇਸ ਸਮੇਂ ਸੰਸਾਰ ਦੇ ਨੌਂ ਦੇਸ਼ਾਂ ਚੀਨ, ਫਰਾਂਸ, ਭਾਰਤ, ਪਾਕਿਸਤਾਨ, ਰੂਸ, ਇੰਗਲੈਂਡ, ਅਮਰੀਕਾ, ਉੱਤਰੀ ਕੋਰੀਆ ਅਤੇ ਇਸਰਾਈਲ ਕੋਲ ਪਰਮਾਣੂ ਹਥਿਆਰ ਹਨ। ਇਸਰਾਈਲ ਇਹ ਗੱਲ ਸ਼ਰ੍ਹੇਆਮ ਨਹੀਂ ਕਬੂਲਦਾ ਕਿ ਉਸ ਕੋਲ ਕੋਈ ਪਰਮਾਣੂ ਹਥਿਆਰ ਹਨ। ਅਮਰੀਕਾ ਅਤੇ ਰੂਸ ਕੋਲ ਵੱਡੀ ਮਾਤਰਾ ਵਿੱਚ ਪਰਮਾਣੂ ਹਥਿਆਰਾਂ ਦੇ ਭੰਡਾਰ ਹਨ। ਪਰਮਾਣੂ ਹਥਿਆਰਾਂ ਦੇ ਖ਼ਤਰਿਆਂ ਤੋਂ ਨਿਜ਼ਾਤ ਪਾਉਣ ਲਈ ਸਭ ਤੋਂ ਉੱਚਿਤ ਢੰਗ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਹੈ ਪਰ ਇਸ ਉਦੇਸ਼ ਦੀ ਪੂਰਤੀ ਚੁਣੌਤੀਭਰਪੂਰ ਹੈ।
ਪਰਮਾਣੂ ਹਥਿਆਰਾਂ ਦਾ ਹੋਰ ਪਸਾਰ ਹੋਣ ਤੋਂ ਰੋਕਣ, ਇਨ੍ਹਾਂ ਦਾ ਖ਼ਾਤਮਾ ਕਰਨ ਅਤੇ ਵਿਸ਼ਵ ਸ਼ਾਂਤੀ ਨੂੰ ਕਾਇਮ ਰੱਖਣ ਲਈ ਵਿਸ਼ਵ ਪੱਧਰ ’ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਯੂਨਾਈਟਿਡ ਨੇਸ਼ਨਜ਼ ਇਨ੍ਹਾਂ ਹਥਿਆਰਾਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੈ। ਯੂ.ਐੱਨ.  ਜਨਰਲ ਅਸੈਂਬਲੀ ਵੱਲੋਂ 1946 ਵਿੱਚ ਰੱਖੇ ਪਹਿਲੇ ਪ੍ਰਸਤਾਵ ਅਨੁਸਾਰ ਪਰਮਾਣੂ ਊਰਜਾ ਨਾਲ ਸਬੰਧਤ ਖੋਜ ਕਾਰਜਾਂ ਲਈ ਇੱਕ ਕਮਿਸ਼ਨ ਸਥਾਪਤ ਕੀਤਾ ਗਿਆ। ਇਸ ਕਮਿਸ਼ਨ ਦਾ ਮੁੱਖ ਕੰਮ ਪਰਮਾਣੂ ਊਰਜਾ ਦੀ ਕੇਵਲ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਪਰਮਾਣੂ ਹਥਿਆਰਾਂ ਸਮੇਤ ਹੋਰ ਵੱਡੇ ਪੱਧਰ ’ਤੇ ਵਿਨਾਸ਼ ਕਰਨ ਵਾਲੇ ਹਥਿਆਰਾਂ ਦਾ ਖ਼ਾਤਮਾ ਕਰਨ ਲਈ ਤਜਵੀਜ਼ਾਂ ਪੇਸ਼ ਕਰਨਾ ਸੀ। ਵਿਸ਼ਵ ਭਰ ਵਿੱਚ ਐਂਟੀ-ਨਿਊਕਲੀਅਰ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ।
ਹੁਣ ਲਗਪਗ ਹਰ ਦੇਸ਼ ਵਿੱਚ ਐਂਟੀ ਨਿਊਕਲੀਅਰ ਪਾਵਰ ਗਰੁੱਪ ਵੀ ਉੱਭਰ ਆਏ ਹਨ ਅਤੇ ਵਿਸ਼ਵ ਭਰ ਦੇ ਬੁੱਧੀਜੀਵੀ ਪਰਮਾਣੂ ਹਥਿਆਰ ਖ਼ਤਮ ਕਰਨ ਲਈ ਆਵਾਜ਼ ਉਠਾ ਰਹੇ ਹਨ। ਪਰਮਾਣੂ ਨਿਸ਼ਸਤਰੀਕਰਨ, ਪਰਮਾਣੂ ਹਥਿਆਰਾਂ ਦੇ ਪਸਾਰੇ ਨੂੰ ਕੰਟਰੋਲ ਕਰਨ ਅਤੇ ਇਨ੍ਹਾਂ ਦੀ ਟੈਸਟਿੰਗ ਨੂੰ ਰੋਕਣ ਦੇ ਉਦੇਸ਼ ਨਾਲ ਕੌਮਾਂਤਰੀ ਪੱਧਰ ’ਤੇ ਕਈ ਬਹੁ-ਮੰਤਵੀ ਸਮਝੌਤੇ ਕੀਤੇ ਗਏ ਹਨ। ਇਨ੍ਹਾਂ ਹਥਿਆਰਾਂ ਦੀ ਰੋਕਥਾਮ ਵਿੱਚ ਅਮਰੀਕਾ ਅਤੇ ਰੂਸ ਵੱਡਾ ਰੋੜਾ ਹਨ। ਇਹ ਨਿਸ਼ਸਤਰੀਕਰਨ ਦੀ ਆੜ ਵਿੱਚ ਦੂਜੇ ਮੁਲਕਾਂ ਨੂੰ ਹਥਿਆਰ ਰਹਿਤ ਕਰਕੇ ਆਪਣਾ ਦਾਬਾ ਕਾਇਮ ਰੱਖਣਾ ਚਾਹੁੰਦੇ ਹਨ।
ਨਿਊਕਲੀਅਰ ਪ੍ਰਤੀਕਿਰਿਆਵਾਂ ਅਥਾਹ ਊਰਜਾ ਦਾ ਭੰਡਾਰ ਹਨ। ਥੋੜ੍ਹੀ ਜਿਹੀ ਮਾਤਰਾ ਵਿੱਚ ਰੇਡੀਓ ਐਕਟਿਵ ਪਦਾਰਥ ਹੀ ਬਹੁਤ ਵੱਡੀ ਮਾਤਰਾ ਵਿੱਚ ਊਰਜਾ ਪੈਦਾ ਕਰ ਸਕਦੇ ਹਨ। ਸਾਵਧਾਨੀ ਨਾਲ ਇਨ੍ਹਾਂ ਦੀ ਉੱਚਿਤ ਵਰਤੋਂ ਊਰਜਾ ਦੀ ਘਾਟ ਨੂੰ ਪੂਰਾ ਕਰ ਸਕਦੀ ਹੈ। ਚੰਗਾ ਹੋਵੇ ਜੇ ਵਿਸ਼ਵ ਸ਼ਕਤੀਆਂ ਨਿਊਕਲੀਅਰ ਪ੍ਰਤੀਕਿਰਿਆਵਾਂ ਦਾ ਪ੍ਰਯੋਗ ਸ਼ਾਂਤੀਪੂਰਨ ਉਦੇਸ਼ਾਂ ਵਾਸਤੇ  ਕਰਨ ਨਾ ਕਿ ਜੰਗੀ ਹਥਿਆਰ ਬਣਾਉਣ ਲਈ।