ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੇ ਹੋਏ ਕਤਲ ਦੇ ਸਬੰਧ ਵਿਚ ਫੜੇ ਗਏ ਦੋ ਵਿਅਕਤੀਆਂ ਦੀ ਪੇਸ਼ੀ ਕੱਲ੍ਹ ਸਵੇਰੇ 9 ਵਜੇ ਹਾਈਕੋਰਟ ਦੇ ਵਿਚ

ਬੀਤੀ 7 ਅਗਸਤ ਨੂੰ ਜਿਸ 35 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਗੰਗਾਨਗਰ ਦਾ ਪਾਪਾਟੋਏਟੋਏ ਵਿਖੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜਾਂਚ ਪੜ੍ਹਤਾਲ ਚਲਦਿਆਂ ਪੁਲਿਸ ਨੇ ਦੋ ਵਿਅਕਤੀਆਂ ਇਕ 31 ਸਾਲਾ ਔਰਤ (ਨਜ਼ਦੀਕੀ ਰਿਸ਼ਤੇ ਚੋਂ ) ਅਤੇ ਇਕ 28 ਸਾਲਾ ਹੋਰ ਪੁਰਸ਼ ਨੂੰ ਫੜ੍ਹਿਆ ਹੋਇਆ ਹੈ। ਇਸ ਕਤਲ ਕੇਸ ਦੇ ਸਬੰਧ ਵਿਚ ਉਪਰੋਕਤ ਦੋਵਾਂ ਵਿਅਕਤੀਆਂ ਦੀ ਔਕਲੈਂਡ ਹਾਈਕੋਰਟ ਦੇ ਵਿਚ ਪਹਿਲੀ ਪੇਸ਼ੀ ਕੱਲ 9 ਵਜੇ ਹੋ ਰਹੀ ਹੈ ਜਦ ਕਿ ਇਸ ਤੋਂ ਪਹਿਲਾਂ ਮੈਨੁਕਾਓ ਜ਼ਿਲ੍ਹਾ ਅਦਾਲਤ ਦੇ ਵਿਚ ਇਨ੍ਹਾਂ ਉਤੇ ਚਾਰਜ਼ ਲਗਾਏ ਗਏ ਸਨ।  ਹਾਈਕੋਰਟ ਦੀ ਇਹ ਪੇਸ਼ੀ ਬਹੁਤ ਘੱਟ ਸਮੇਂ ਵਾਸਤੇ ਵੀ ਹੋ ਸਕਦੀ ਹੈ ਜਿਸ ਨੂੰ ਨਿਆਂ ਵਿਭਾਗ ਵਿਚ ‘ਕਾਲਓਵਰ’ ਦਾ ਨਾਂਅ ਦਿੱਤਾ ਜਾਂਦਾ ਹੈ। ਇਸ ਪੇਸ਼ੀ ਦੌਰਾਨ ਮੁਲਜ਼ਮ ਆਪਣਾ ਵਕੀਲ ਅਤੇ ਵਕਾਲਤ ਨਾਮਾ ਪੇਸ਼ ਕਰ ਸਕਦੇ ਹਨ ਅਤੇ ਪੁਲਿਸ ਇਸ ਕੇਸ ਦੇ ਸਬੰਧ ਵਿਚ ਹੋਰ ਰਿਮਾਂਡ ਆਦਿ ਮੰਗ ਸਕਦੀ ਹੈ। ਇਸ ਕੇਸ ਦੇ ਵਿਚ ਅਦਾਲਤ ਨੰਬਰ ਬਾਰੇ ਵੈਬਸਾਈਟ ਉਤੇ ਨਹੀਂ ਦਰਸਾਇਆ ਗਿਆ ਜਿਸ ਕਰਕੇ ਇਸਦਾ ਵੇਰਵਾ ਉਥੇ ਜਾ ਕੇ ਲਿਆ ਜਾ ਸਕਦਾ ਹੈ।
ਪਤਾ ਲੱਗਾ ਹੈ ਕਿ ਇਸ ਵੇਲੇ ਫੜੀ ਗਈ ਔਰਤ ਨੂੰ ਵੀਰੀ ਜ਼ੇਲ੍ਹ ਅਤੇ ਪੁਰਸ਼ ਨੂੰ ਮਾਊਂਡ ਈਡਨ ਜ਼ੇਲ੍ਹ ਦੀ ਹਿਰਾਸਤ ਵਿਚ ਰੱਖਿਆ ਗਿਆ ਹੈ। ਇਸ ਕੇਸ ਦੇ ਵਿਚ ਪੁਲਿਸ ਨੇ ਬਹੁਤ ਹੀ ਤੇਜ਼ੀ ਅਤੇ ਗਹਿਰੀ ਜਾਂਚ ਪੜ੍ਹਤਾਲ ਕਰਕੇ ਦੋ ਵਿਅਕਤੀਆਂ ਉਤੇ ਦੋਸ਼ ਲਾਏ ਹਨ ਜਦ ਕਿ ਪਹਿਲਾਂ ਇਹ ਮਾਮਲਾ ਲੁੱਟ-ਖੋਹ ਦਾ ਮੰਨਿਆ ਜਾ ਰਿਹਾ ਸੀ।