ਲੋਹੜੀ ਦੇ ਗਾਣਿਆਂ ਵਾਲਾ ਲੋਕ ਨਾਇਕ, ਦੁੱਲਾ ਭੱਟੀ

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸ਼ਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਮ ਲੱਧੀ ਅਤੇ ਬਾਪ ਦਾ ਨਾਮ ਰਾਏ ਫਰੀਦ ਖਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫਰੀਦ ਖਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲਹਿੰਦੇ ਪੰਜਾਬ ਦੇ ਮੌਜੂਦਾ ਜਿਲ੍ਹੇ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ। ਪਿੰਡੀ ਭੱਟੀਆਂ ਦਾ ਇਲਾਕਾ ਅੱਜ ਕਲ੍ਹ ਪਾਕਿਸਤਾਨ ਦੇ ਜਿਲ੍ਹਾ ਫੈਸਲਾਬਾਦ ਦੇ ਆਸ ਪਾਸ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚੱਲਦੀ ਸੀ। ਪਰ ਅਕਬਰ ਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜਿੰਮੀਦਾਰ ਆਪਣਾ ਰੱਬੀ ਹੱਕ ਸਮਝਦੇ ਸਨ। ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜਿੰਮੀਦਾਰ ਭੜਕ ਗਏ ਤੇ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਕੇ ਬਗਾਵਤਾਂ ਸ਼ੁਰੂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ। ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ ਭਿੜਨ ਤੇ ਲੁੱਟ ਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ। ਇੱਥੋਂ ਤੱਕ ਕਿ ਆਪਣੇ ਇਲਾਕੇ ‘ਚੋਂ ਲੰਘਣ ਵਾਲੇ ਕਾਫਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸਨ। ਫਰੀਦ ਖਾਨ ਭੱਟੀ ਨੇ ਵੀ ਬਗਾਵਤ ਕਰ ਦਿੱਤੀ, ਪਰ ਮੁਗਲ ਸੈਨਾਂ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ। ਫਰੀਦ ਖਾਨ ਤੇ ਉਸ ਦੇ ਬਾਪ ਸਾਂਦਲ ਖਾਨ ਭੱਟੀ ਨੂੰ ਫਾਂਸੀ ਲਗਾ ਦਿੱਤਾ ਗਿਆ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫਰੀਦ ਖਾਨ, ਸਾਂਦਲ ਖਾਨ ਤੇ ਉਹਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲਾ ਲਾਹੌਰ ਦੇ ਦਰਵਾਜ਼ੇ ‘ਤੇ ਲਟਕਾ ਦਿੱਤੀਆਂ ਗਈਆਂ।
ਦੁੱਲੇ ਦਾ ਜਨਮ ਫਰੀਦ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਤੇ ਖੇਡ ਕੁੱਦ ਕੇ ਬੀਤਿਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਗੁਲੇਲ ਨਾਲ ਔਰਤਾਂ ਦੇ ਘੜੇ ਭੰਨ੍ਹ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਆਪਣੇ ਸਵਰਗਵਾਸੀ ਪਤੀ ਦੀ ਇੱਕੋ ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦੇਂਦੀ। ਜਦੋਂ ਉਸ ਨੂੰ ਆਪਣੇ ਬਾਪ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ। ਉਸ ਨੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਖਰਚੇ ‘ਤੇ ਗਰੀਬ ਘਰਾਂ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਕਈ ਅਹਿਲਕਾਰਾਂ ਤੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰਾਂ ਨਾਲ ਅਜ਼ਾਦ ਹੀ ਹੋ ਗਿਆ ਸੀ।
ਲੋਕ ਕਥਾ ਹੈ ਕਿ ਉਸ ਨੇ ਹੱਜ ਕਰਨ ਜਾਂਦੀ ਅਕਬਰ ਦੀ ਇੱਕ ਬੇਗਮ ਲੁੱਟ ਲਈ ਸੀ ਜਾਂ ਬੰਦੀ ਬਣਾ ਲਈ ਸੀ। ਪਰ ਇਸ ਸਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਨੂੰ ਲੁੱਟ ਲਿਆ ਸੀ। ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ ਸੀ। ਲੁੱਟਿਆ ਸਮਾਨ ਗਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ‘ਤੇ ਬਹੁਤ ਹੀ ਸ਼ਹਿਣਸ਼ੀਲ ਸੀ। ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਤੇ ਬਾਪ ਬਣ ਕੇ ਉਹਨਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ਼ ਖੁਦ ਦਿੱਤਾ ਸੀ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾਂ ਲਈ ਅਮਰ ਕਰ ਦਿੱਤਾ ਹੈ। ਅੱਜ ਤੱਕ ਹਰ ਸਾਲ ਲੋਕ ਉਸ ਨੂੰ ਉਸ ਨੂੰ ਲੋਹੜੀ ਦੇ ਤਿਉਹਾਰ ‘ਤੇ ” ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ” ਗਾ ਕੇ ਯਾਦ ਕਰਦੇ ਹਨ।
ਦੁੱਲੇ ਦੀ ਲੋਕ ਰੱਬ ਵਾਂਗ ਪੂਜਾ ਕਰਨ ਲੱਗੇ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਸਕੇ ਚਾਚੇ ਜਲਾਲੁਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗਲਾਂ ਦਾ ਮੁਖਬਰ ਬਣ ਗਿਆ ਤੇ ਖਬਰਾਂ ਸਰਕਾਰ ਤੱਕ ਪਹੁੰਚਾਉਣ ਲੱਗਾ। ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਖਿਝ੍ਹ ਕੇ ਅਕਬਰ ਨੇ ਸਾਂਦਲ ਬਾਰ ਦੀ ਬਗਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖਾਨ 15000 ਸੈਨਕ ਦੇ ਕੇ ਲਾਹੌਰ ਭੇਜ ਦਿੱਤੇ। ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਗਏ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ ਮਿਲੀ ਫੌਜ ਹੱਥ ਧੋ ਕੇ ਦੁੱਲੇ ਦੇ ਪਿੱਛੇ ਪੈ ਗਈ। ਦੁੱਲੇ ਦਾ ਘਰ ਘਾਟ ਤਬਾਹ ਕਰ ਦਿੱਤਾ ਗਿਆ ਤੇ ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚਲਦੀਆਂ ਰਹੀਆਂ, ਦੁੱਲੇ ਅਤੇ ਸਾਥੀਆਂ ਨੇ ਛਾਪਮਾਰ ਯੁੱਧ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ।
ਕਹਿੰਦੇ ਹਨ ਕਿ ਜਦੋਂ ਮੁਗਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ ਕਪਟ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਗਿਆ। ਜਦੋਂ ਦੁੱਲਾ ਗੱਲ ਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗ੍ਰਿਫਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਆਖਰ 1599 ਈ. ਨੂੰ ਸਿਰਫ 30 ਸਾਲ ਦੀ ਭਰ ਜਵਾਨੀ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।

Install Punjabi Akhbar App

Install
×