ਹਮਿਲਟਨ ਸਿਟੀ ਕੌਂਸਲ ਚੋਣਾਂ-2016: ‘ਕਮਿਊਨਿਟੀ ਵੁਆਇਸ’ ਵੱਲੋਂ ਪਹਿਲੀ ਵਾਰ ਇਕ ਪੰਜਾਬੀ ਸ. ਯੁਗਰਾਜ ਸਿੰਘ ਮਾਹਿਲ ਨੂੰ ਉਮੀਦਵਾਰ ਐਲਾਨਿਆ

NZ PIC 20 May-1

ਨਿਊਜ਼ੀਲੈਂਡ ਵਸਦੇ ਨਵੇਂ ਤੇ ਪੁਰਾਣੇ ਪੰਜਾਬੀਆਂ ਨੇ ਜਿੱਥੇ ਵਪਾਰਕ ਅਦਾਰੇ ਚਲਾ ਕੇ ਦੇਸ਼ ਦਾ ਆਰਥਿਕਤਾ ਦੇ ਵਿਚ ਆਪਣਾ ਯੋਗਦਾਨ ਪਾਇਆ ਹੈ ਉਥੇ ਹੁਣ ਰਾਜਨੀਤਕ ਖੇਤਰ ਦੇ ਵਿਚ ਵੀ ਆਪਣੀ ਕਾਬਲੀਅਤ ਨੂੰ ਕਬੂਲ ਕਰਾਉਣ ਦੇ ਰਾਹ ਵੱਲ ਕਦਮ ਪੁੱਟੇ ਹਨ। ਹਮਿਲਟਨ ਸਿਟੀ ਕੌਂਸਿਲ ਚੋਣਾ ਜੋ ਕਿ 8 ਅਕਤੂਬਰ ਨੂੰ ਸਿਰੇ ਚੜ੍ਹ ਰਹੀਆਂ ਹਨ, ਦੇ ਸਬੰਧ ਵਿਚ ਹਮਿਲਟਨ ਈਸਟ ਅਤੇ ਹਮਿਲਟਨ ਵੈਸਟ ਹਲਕੇ ਦੇ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਮੁੱਚੇ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਕਿ ਇਥੇ ਦੀ ਇਕ ਪ੍ਰਸਿੱਧ ਅਤੇ ਲੋਕਾਂ ਦੀ ਪਰਖੀ ਹੋਈ ਕਮਿਊਨਿਟੀ ਆਰਗੇਨਾਈਜੇਸ਼ਨ ‘ਕਮਿਊਨਿਟੀ ਵੁਆਇਸ’ ਜਿਸ ਨੂੰ ਲੇਬਰ ਪਾਰਟੀ ਤੇ ਗ੍ਰੀਨ ਪਾਰਟੀ ਦੀ ਹਮਾਇਤ ਪ੍ਰਾਪਤ ਹੈ, ਨੇ ਅੱਜ ਆਪਣੇ ਪਹਿਲੇ ਗੇੜ ਦੇ ਐਲਾਨੇ ਗਏ ਉਮੀਦਵਾਰਾਂ ਦੇ ਵਿਚ ਇਕ ਪੜ੍ਹੇ-ਵਿਖੇ ਪੰਜਾਬੀ ਵੀਰ ਸ. ਯੁਗਰਾਜ ਸਿੰਘ ਮਾਹਿਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 8 ਅਕਤੂਬਰ ਨੂੰ ਸਿਟੀ ਕੌਂਸਿਲ ਦੀਆਂ ਵੋਟਾਂ ਦਾ ਦਿਨ ਹੈ ਅਤੇ ਇਸ ਸਬੰਧੀ ਅਗਲੇ ਮਹੀਨੇ ਉਮੀਦਵਾਰ ਆਪਣੇ ਕਾਗਜ਼ਾਤ ਇਲੈਕਸ਼ਨ ਕਮਿਸ਼ਨ ਕੋਲ ਜਮ੍ਹਾ ਕਰਵਾਉਣੇ ਸ਼ੁਰੂ ਕਰ ਦੇਣਗੇ।
ਸ. ਯੁਗਰਾਜ ਸਿੰਘ ਮਾਹਿਲ ਹਮਿਲਟਨ ਈਸਟ ਹਲਕੇ ਤੋਂ ਚੋਣ ਲੜਨਗੇ ਅਤੇ ਇਸ ਇਲਾਕੇ ਦੇ ਵਿਚ ਪੰਜਾਬੀਆਂ ਦੀ ਵੀ ਕਾਫੀ ਵੱਡੀ ਵਸੋਂ ਹੈ। ਸ. ਯੁਗਰਾਜ ਸਿੰਘ ਮਾਹਿਲ 1998 ਦੇ ਵਿਚ ਇਥੇ ਆਪਣੇ ਜੱਦੀ ਪਿੰਡ ਢੰਡੌਰ (ਮੌਜੂਦਾ ਵਾਸੀ ਆਦਮਪੁਰ) ਤੋਂ ਇਥੇ ਆਏ ਸਨ। ਉਹ ਇੰਡੀਆ ਤੋਂ ਕਾਮਰਸ ਦੀ ਡਿਗਰੀ ਕਰਕੇ ਆਏ ਸਨ ਅਤੇ ਇਥੇ ਆ ਕੇ ਵੀ ਉਨ੍ਹਾਂ ਵਾਇਕਾਟੋ ਯੂਨੀਵਰਸਿਟੀ ਤੋਂ ਡਿਪਲੋਮਾ ਇਨ ਅਕਾਊਟਿੰਗ ਅਤੇ ਫਾਇਨਾਂਸ ਕੀਤਾ ਤੇ ਐਸੋਸੀਏਟ ਚਾਰਟਡ ਅਕਾਊਂਟੈਟਸ ਦੇ ਮੈਂਬਰ ਬਣੇ। ਧਰਮ ਪਤਨੀ ਕੁਲਵਿੰਦਰ ਕੌਰ ਅਤੇ ਦੋ ਪੁੱਤਰੀਆਂ ਦੇ ਨਾਲ ਰਹਿ ਰਹੇ ਸ. ਯੁਗਰਾਜ ਸਿੰਘ ਮਾਹਿਲ ਪਹਿਲਾਂ ਤੋਂ ਬਿਜ਼ਨਸ ਕਰਨ ਪ੍ਰਤੀ ਤੱਤਪਰ ਸਨ ਅਤੇ ਇਥੇ ਆ ਕੇ ਵੀ ਉਨ੍ਹਾਂ 1999 ਦੇ ਵਿਚ ਪਹਿਲੀ ਡੇਅਰੀ ਸ਼ਾਪ ਖੋਲ੍ਹੀ ਅਤੇ ਇਸ ਵੇਲੇ ਉਨ੍ਹਾਂ ਕੋਲ ਤਿੰਨ ਰਿਟੇਲ ਆਊਟਲੈਟ ਹਨ। ਸਮਾਜਿਕ ਕੰਮਾਂ ਵਿਚ ਇਨ੍ਹਾਂ ਦੀ ਕਾਫੀ ਰੁਚੀ ਰਹੀ ਹੈ। ਉਹ ਵਾਇਕਾਟੋ ਪੰਜਾਬ ਬੈਡਮਿੰਟਨ ਕਲੱਬ ਦੇ ਪ੍ਰਧਾਨ, ਸ਼ਹੀਦ ਭਗਤ ਸਿੰਘ ਮੈਮੋਰੀਅਲ ਟ੍ਰਸਟ ਦੇ ਫਾਊਂਡਰ ਅਤੇ ਪ੍ਰਧਾਨ ਅਤੇ ਨਿਊਜ਼ੀਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ ਹਮਿਲਟਨ ਦੇ ਪ੍ਰਧਾਨ ਅਤੇ ਸਕੱਤਰ ਰਹਿ ਚੁੱਕੇ ਹਨ।
ਆਪਣੇ ਹਲਕੇ ਪ੍ਰਤੀ ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਸਥਾਨਕ ਲੋਕ ਅਤੇ ਆਪਣਾ ਭਾਈਚਾਰਾ ਚੋਣਾਂ ਦੇ ਵਿਚ ਉਨ੍ਹਾਂ ਨੂੰ ਜਿਤਾਉਂਦਾ ਹੈ ਤਾਂ ਉਹ ਇਲਾਕੇ ਵਿਚ ਸੁਰੱਖਿਆ ਦਾ ਮਾਹੌਲ ਸਿਰਜਣ ਅਤੇ ਲੋਕਾਂ ਦੇ ਨਿਤਾਪ੍ਰਤੀ ਕੰਮਾਂ ਦੇ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ ਤਾਂ ਕਿ ਇਕ ਵਧੀਆ ਮੁਲਕ ਦੇ ਵਿਚ ਉਚ ਮਾਪਦੰਢਾਂ ਦੇ ਉਤੇ ਸਾਰੇ ਜੀਵਨ ਬਤੀਤ ਕਰ ਸਕਣ।