74 ਸਾਲਾਂ ਦੀ ਲਾਪਤਾ ਮਹਿਲਾ ਦੀ ਭਾਲ਼ ਵਿੱਚ ਪੁਲਿਸ ਵੱਲੋਂ ਲਿਆ ਜਾ ਰਿਹਾ ਡਰੋਨਾਂ ਅਤੇ ਹੈਲੀਕਾਪਟਰ ਦਾ ਸਹਾਰਾ

ਬੀਤੇ 3 ਦਿਨਾਂ ਤੋਂ ਬ੍ਰਿਸਬੇਨ ਦੇ ਇਪਸਵਿਚ ਖੇਤਰ ਵਿੱਚੋਂ ਲਾਪਤਾ 74 ਸਾਲਾਂ ਦੀ ਬਜ਼ੁਰਗ ਮਹਿਲਾ -ਕੇਟ ਮੰਡਾਲਾ ਦੀ ਭਾਲ਼ ਵਿੱਚ ਪੁਲਿਸ ਦਿਨ ਰਾਤ ਲੱਗੀ ਹੋਈ ਹੈ ਅਤੇ ਪੁਲਿਸ ਵੱਲੋਂ ਡਰੋਨਾਂ ਅਤੇ ਹੈਲੀਕਾਪਟਰ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਆਪ੍ਰੇਸ਼ਨ ਵਿੱਚ ਰਾਜ ਦੀਆਂ ਆਪਾਤਕਾਲੀਨ ਸੇਵਾਵਾਂ ਦੇ 100 ਤੋਂ ਵੱਧ ਵਲੰਟੀਅਰਾਂ ਦੀ ਮਦਦ ਵੀ ਲਈ ਜਾ ਰਹੀ ਹੈ।
ਪੁਲਿਸ ਵੱਲੋਂ ਸਪ੍ਰਿੰਗ ਮਾਊਂਟੇਨ, ਸਪ੍ਰਿੰਗ ਫੀਲਡ ਸੈਂਟਰਲ, ਸਪ੍ਰਿੰਗਫੀਲਡ ਝੀਲ, ਆਗਸਟੀਨ ਹਾਈਟਸ ਅਤੇ ਬਰੂਕਵਾਟਰ ਆਦਿ ਖੇਤਰਾਂ ਵਿੱਚ ਸਰਚ ਆਪ੍ਰੇਸ਼ਨ ਕੀਤਾ ਗਿਆ ਹੈ ਪਰੰਤੂ ਮਹਿਲਾ ਦੀ ਕੋਈ ਉਗ-ਸੁਘ ਨਹੀਂ ਮਿਲ ਰਹੀ।
ਪੁਲਿਸ ਅਤੇ ਲਾਪਤਾ ਮਹਿਲਾ ਦੇ ਘਰ ਦਿਆਂ ਦੇ ਅਨੁਸਾਰ, ਬਜ਼ੁਰਗ ਮਹਿਲਾ ਕੇਟ, ਹਾਲ ਵਿੱਚ ਹੀ ਦੱਖਣੀ-ਅਫ਼ਰੀਕਾ ਤੋਂ ਕੁਈਨਜ਼ਲੈਂਡ ਆਈ ਹੈ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਕਮਜ਼ੋਰੀਆ ਆਦਿ ਨੇ ਪੀੜਿਤ ਵੀ ਹੈ ਅਤੇ ਉਸਨੂੰ ਡਾਕਟਰੀ ਸਹਾਇਤਾ ਵੀ ਚਾਹੀਦੀ ਹੁੰਦੀ ਹੈ।
ਉਕਤ ਮਹਿਲਾ, ਬੀਤੇ ਹਫ਼ਤੇ ਸ਼ੁਕਰਵਾਰ ਨੂੰ ਸਵੇਰ ਦੇ 6:40 ਤੇ ਆਪਣੇ ਪਰਿਵਾਰਿਕ ਸਥਾਨ (ਆਗਸਟਿਨ ਹਾਈਟਸ) ਵਿਚੋਂ ਲਾਪਤਾ ਹੋ ਗਈ ਅਤੇ ਆਖਰੀ ਵਾਰੀ ਉਸਨੂੰ ਮਹਿਜ਼ 10 ਮਿਨਟਾਂ ਬਾਅਦ ਹੀ ਕੈਨੇਥ ਡ੍ਰਾਈਵ ਤੇ ਦੇਖਿਆ ਗਿਆ।
ਪੁਲਿਸ ਵੱਲੋਂ ਉਕਤ ਮਹਿਲਾ ਦੀ ਭਾਲ਼ ਵਿੱਚ ਡਰੋਨ ਵੀ ਉਡਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਲੋਕ ਆਪਣੇ ਨਿਜੀ ਡਰੋਨਾਂ ਨੂੰ ਹਾਲ ਦੀ ਘੜੀ ਨਾ ਉਡਾਉਣ ਤਾਂ ਜੋ ਉਕਤ ਮਹਿਲਾ ਨੂੰ ਸਮਾਂ ਰਹਿੰਦਿਆਂ ਭਾਲ਼ਿਆ ਜਾ ਸਕੇ।