ਉਹ ਜਦੋਂ ਵੀ ਹੀਰ ਰਾਂਝੇ ਦੀ ਤਸਵੀਰ ਵੇਖਦਾ ਜਾਂ ਉਹਨਾਂ ਦੇ ਇਸ਼ਕ ਦੀ ਕੋਈ ਗੱਲ ਸੁਣਦਾ ਤਾਂ ਡੂੰਘੀ ਸੋਚ ਵਿੱਚ ਡੁੱਬ ਜਾਂਦਾ। ਕਈ ਵਾਰ ਸੋਚਦਾ ਕਿ ਉਸਨੇ ਖ਼ੁਦ ਤਾਂ ਕਦੇ ਇਸ਼ਕ ਨਹੀਂ ਕੀਤਾ, ਫੇਰ ਇਹ ਇਸ਼ਕ ਮੁਹੱਬਤ ਉਸਨੂੰ ਬੇਚੈਨ ਕਿਉਂ ਕਰ ਦਿੰਦੀ ਹੈ। ਇੱਕ ਦਿਨ ਸੋਚਾਂ ਵਿੱਚ ਡੁੱਬੇ ਬੈਠੇ ਨੂੰ ਖਿਆਲ ਆਇਆ, ”ਮੈਂ ਇਸ਼ਕ ਕਿਉਂ ਨਹੀਂ ਕੀਤਾ? ਕੀਤੈ! ਰੰਗਾਂ ਨਾਲ, ਬੁਰਸ਼ ਨਾਲ, ਸਾਹਿਤ ਨਾਲ, ਕੁਦਰਤ ਨਾਲ ਇਸ਼ਕ ਕੀਤਾ ਤਾਂ ਹੈ ਰੱਜ ਕੇ। ਇਸ਼ਕ ਕੋਈ ਗੁਨਾਹ ਤਾਂ ਨਹੀਂ ਹੈ।” ਸੋਚਦਿਆਂ ਚਿੱਤਰਕਾਰ ਅਮਰਜੀਤ ਸਿੰਘ ਪੇਂਟਰ ਨੂੰ ਇਸ਼ਕ ਸ਼ਬਦ ਹੀ ਪਵਿੱਤਰ ਲੱਗਾ।
ਸੂਫ਼ੀ ਲੇਖ਼ਕ ਵਾਰਸ ਸ਼ਾਹ ਦੀ ਤੀਜੀ ਜਨਮ ਸਤਾਬਦੀ ਦਾ ਵਰ੍ਹਾ ਹੈ, ਜਿਸਨੇ ਹੀਰਾ ਰਾਂਝੇ ਦੀ ਮੁਹੱਬਤ ਨੂੰ ਕਲਮਬੱਧ ਕਰਕੇ ਦੁਨੀਆਂ ਭਰ ਦੀ ਪ੍ਰਸਿੱਧ ਤੇ ਸ਼ਾਹਕਾਰ ਰਚਨਾ ਬਣਾ ਦਿੱਤਾ ਹੈ। ਅਮਰਜੀਤ ਨੇ ਵਾਰਸ ਸ਼ਾਹ ਨੂੰ ਸਮਰਪਿਤ ਇੱਕ ਚਿੱਤਰਕਾਰੀ ਪੇਸ਼ ਕਰਕੇ ਉਸ ਪ੍ਰਤੀ ਸਰਧਾ ਪ੍ਰਗਟ ਕਰਨ ਦਾ ਮਨ ਬਣਾ ਲਿਆ। ਆਪਣੇ ਜ਼ਿਹਨ ‘ਚ ਹੀਰ ਰਾਂਝੇ ਨੂੰ ਰੂਪਮਾਨ ਕਰਨਾ ਸੁਰੂ ਕੀਤਾ, ਰਾਂਝੇ ਦੀ ਡੀਲ ਡੌਲ, ਸਰੀਰਕ ਬਣਤਰ, ਪਹਿਨਣ ਪੱਚਰਣ, ਸ਼ੌਕ ਸਮੇਤ ਹੀਰ ਦੀ ਸੁੰਦਰਤਾ, ਉਸਦੇ ਮੱਥੇ ਦੀ ਤਕਦੀਰ ਆਦਿ ਨੂੰ ਵਸਾਇਆ। ਫੇਰ ਦੋਵਾਂ ਦੇ ਪਿਆਰ ਦੀ ਸੁਰੂਆਤ, ਮੱਝਾਂ ਦੇ ਚਰਾਵੇ ਦਾ ਕੰਮ, ਖੇਤਾਂ ਵਿੱਚ ਹੋਣ ਵਾਲੀਆਂ ਮਿਲਣੀਆਂ ਅਤੇ ਪਿਆਰ ਪੱਕਣ ਵਾਲੇ ਸਥਾਨ ਨੂੰ ਮਨ ‘ਚ ਉਜਾਗਰ ਕੀਤਾ।
ਉਸਨੇ ਬੁਰਸ਼ ਚੁੱਕਿਆ, ਰੰਗਾਂ ਵਾਲੀਆਂ ਸ਼ੀਸ਼ੀਆਂ ਦੇ ਢੱਕਣ ਖੋਹਲੇ, ਕਾਗਜ ਨੂੰ ਬੋਰਡ ਤੇ ਪਿੰਨ ਲਾ ਕੇ ਤਿਆਰੀ ਖਿੱਚ ਲਈ। ਉਸਨੂੰ ਕਈ ਹਫ਼ਤੇ ਮਿਹਨਤ ਕਰਨੀ ਪਈ ਅਤੇ ਇੱਕ ਸ਼ਾਨਦਾਰ ਚਿੱਤਰ ਤਿਆਰ ਕੀਤਾ। ਚਿੱਤਰ ਵਿੱਚ ਵਾਰਸ ਸ਼ਾਹ ਸਵਰਗਾਂ ‘ਚ ਬੈਠਾ ਸੋਚ ਰਿਹਾ ਹੈ। ਹੇਠਾਂ ਹੀਰ ਦੇ ਪਿੰਡ ਦਾ ਦ੍ਰਿਸ਼ ਹੈ, ਲੋਕਾਂ ਦੇ ਕੱਚੇ ਘਰ ਹਨ, ਇੱਕ ਪਾਸੇ ਛੱਪੜ ਹੈ, ਰਾਂਝੇ ਦੀਆਂ ਕੁੱਝ ਮੱਝਾਂ ਚਰਦੀਆਂ ਫਿਰਦੀਆਂ ਹਨ ਕੁੱਝ ਛੱਪੜ ‘ਚ ਬੈਠੀਆਂ ਹਨ। ਇੱਕ ਦਰਖਤ ਦੇ ਹੇਠ ਰਾਂਝਾ ਆਪਣੇ ਰਿਵਾਇਤੀ ਪਹਿਰਾਵੇ ਵਿੱਚ ਬੰਸਰੀ ਮੂੰਹ ‘ਚ ਫੜੀ ਖੜਾ ਹੈ ਉਸਦੀਆਂ ਗਲੀਆਂ ਤੇ ਉਂਗਲਾਂ ਹਰਕਤ ਕਰ ਰਹੀਆਂ ਹਨ। ਹੀਰ ਸਮੇਂ ਦੇ ਸੱਭਿਆਚਾਰ ਪਹਿਰਾਵੇ ਵਿੱਚ ਸਿਰ ਢਕੀ ਖੜੀ ਹੈ। ਉਸਦੇ ਕੰਨਾਂ ‘ਚ ਕਾਂਟੇ ਹਨ, ਵਾਲਾਂ ‘ਚ ਕਲਿੱਪ ਐ ਤੇ ਬਾਂਹ ‘ਚ ਚੂੜੀਆਂ ਹਨ। ਦਰਖ਼ਤ ਦੇ ਡਿੱਗੇ ਪੱਤੇ ਖਿੱਲਰੇ ਹੋਏ ਹਨ, ਨਦੀਨ ਘਾਹ ਬੂਟੇ ਦਿਸਦੇ ਹਨ। ਹੀਰ ਰਾਂਝੇ ਦੇ ਹਾਵ ਭਾਵ ਤੇ ਸੁਹਿਰਦਤਾ ਪ੍ਰਤੱਖ ਹੁੰਦੀ ਹੈ, ਮੱਝਾਂ ਦੇ ਰੰਗਾਂ ਸਿੰਗਾਂ ਤੇ ਵੀ ਪੂਰਾ ਧਿਆਨ ਦਿੱਤਾ ਗਿਆ ਹੈ। ਦਰਖ਼ਤ ਦੇ ਪੱਤੇ ਪੱਤੇ ਤੇ ਕੰਮ ਕੀਤਾ ਹੈ। ਚਿੱਤਰ ਹੀਰ ਰਾਂਝੇ ਦੇ ਇਸ਼ਕ ਦੀ ਸਮੁੱਚੀ ਕਹਾਣੀ ਦਰਸ਼ਕ ਯਾਦ ਕਰਵਾ ਕੇ ਝੰਜੋੜਾ ਜਿਹਾ ਦੇ ਦਿੰਦਾ ਹੈ।
ਅਮਰਜੀਤ ਦਾ ਬਣਾਇਆ ਇਹ ਚਿੱਤਰ ਵਾਰਸ ਸ਼ਾਹ ਦੀ ਸ਼ਾਹਕਾਰ ਰਚਨਾ ਨੂੰ ਪੇਸ਼ ਕਰਦਾ ਹੋਇਆ ਸੱਚਮੁੱਚ ਸ਼ਾਹਕਾਰ ਚਿੱਤਰਕਲਾ ਵਜੋਂ ਹੀ ਪੇਸ਼ ਕਰਦਾ ਹੈ। ਵਾਰਸ ਸ਼ਾਹ ਵੀ ਕਿਤੇ ਬੈਠਾ ਚਿੱਤਰ ਵੇਖ ਕੇ ਵਾਹ ਵਾਹ ਕਰਦਾ ਹੋਵੇਗਾ।